ਸਰੂਪ ਸਿੰਘ ਮੰਡੇਰ ਦੀ ਕਿਤਾਬ ‘ਮੰਡੇਰ ਬਗੀਚਾ’ ਰਿਲੀਜ਼
ਕੈਲਗਰੀ:
ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿੱਚ ਹੋਈ। ਇਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ, ਪ੍ਰੋ. ਜਗਰੂਪ ਸਿੰਘ ਸੇਖੋਂ, ਗੀਤਕਾਰ ਅਲਬੇਲ ਸਿੰਘ ਬਰਾੜ ਅਤੇ ਸਰੂਪ ਸਿੰਘ ਮੰਡੇਰ ਨੇ ਕੀਤੀ।
ਇਸ ਦੌਰਾਨ ਕਵੀਸ਼ਰ ਸਰੂਪ ਸਿੰਘ ਮੰਡੇਰ ਦੀ ਦਸਵੀਂ ਕਿਤਾਬ ‘ਮੰਡੇਰ ਬਗੀਚਾ’ ਨੂੰ ਲੋਕ ਅਰਪਣ ਕੀਤਾ ਗਿਆ। ਕਿਤਾਬ ਬਾਰੇ ਸਮੀਖਿਆ ਕਰਦਿਆਂ ਜਗਦੇਵ ਸਿੱਧੂ ਨੇ ਕਿਹਾ ਕਿ ਮੰਡੇਰ ਨੇ ਸਮਾਜ, ਇਤਿਹਾਸ, ਰਾਜਨੀਤੀ, ਅਰਥਚਾਰੇ, ਵਾਤਾਵਰਨ, ਲੋਕ-ਲਹਿਰਾਂ, ਮਹਾਮਾਰੀ ਆਦਿ ਸਾਰੇ ਵਿਸ਼ਿਆਂ ਸਮੇਤ ਉਪਦੇਸ਼ਾਤਮਿਕ ਰਵਾਇਤ ਵਾਲੇ ਵੰਨ-ਸੁਵੰਨੇ 70 ਛੰਦ ਇਸ ਸੰਗ੍ਰਹਿ ਵਿੱਚ ਸ਼ਾਮਲ ਕੀਤੇ ਹਨ।
ਇਸ ਮੌਕੇ ਰਾਜਨੀਤੀ ਅਤੇ ਸਮਾਜਿਕ ਵਿਸ਼ਿਆਂ ਦੇ ਮਾਹਿਰ ਪ੍ਰੋ. ਜਗਰੂਪ ਸਿੰਘ ਸੇਖੋਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਸੇਖੋਂ ਨੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਦ੍ਰਿਸ਼ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਸ ਨੇ ਇਤਿਹਾਸਕ ਹਵਾਲਿਆਂ ਰਾਹੀਂ ਸਮਝਾਇਆ ਕਿ ਭਾਰਤ ਅੰਦਰ ਜਮਹੂਰੀਅਤ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ ਹਨ। ਦੂਜੇ ਸੈਸ਼ਨ ਦੌਰਾਨ ਗੀਤਕਾਰ ਅਲਬੇਲ ਸਿੰਘ ਬਰਾੜ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਉਸ ਦੇ ਇਸ ਗੀਤ ਨੇ ਪੰਜਾਬ ਅੰਦਰ ਹੋ ਰਹੀਆਂ ਭਰੂਣ-ਹੱਤਿਆਵਾਂ ਨੂੰ ਠੱਲ੍ਹ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ‘ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ।’ ਉਸ ਦੇ ਗੀਤਾਂ ਨੇ ਸਮਾਜ ਨੂੰ ਉਸਾਰੂ ਸੇਧ ਦਿੱਤੀ ਹੈ। ਸਨਮਾਨ ਨੂੰ ਯਾਦਗਾਰੀ ਕਹਿ ਕੇ ਸਵੀਕਾਰ ਕਰਦਿਆਂ ਅਲਬੇਲ ਸਿੰਘ ਬਰਾੜ ਨੇ ਕਿਹਾ ਕਿ ਪਰਮਾਤਮਾ ਨੇ ਉਸ ਨੂੰ ਕਲਮ ਫੜਾ ਕੇ ਉਸਾਰੂ ਗੀਤ ਲਿਖਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਸ ਨੇ ਆਪਣਾ ਇਹ ਗੀਤ ਸੁਣਾ ਕੇ ਲੇਖਕਾਂ ਤੇ ਗੀਤਕਾਰਾਂ ਨੂੰ ਹਲੂਣਾ ਦਿੰਦਿਆਂ ਸੁਚੇਤ ਕੀਤਾ ‘ਫੁਕਰੀ ਨਾ ਮਾਰਿਆ ਕਰੋ, ਲਿਖਣ ਤੇ ਗਾਉਣ ਵਾਲਿਓ ਗੱਲ ਅੰਬਰੀਂ ਨਾ ਚਾੜ੍ਹਿਆ ਕਰੋ।’
ਡਾ. ਮਨਮੋਹਨ ਬਾਠ ਨੇ ਲਾਲ ਚੰਦ ਯਮਲਾ ਜੱਟ ਦਾ ਲਿਖਿਆ ਗੀਤ ‘ਜਿਨ੍ਹਾਂ ਕੀਤੀ ਨਾ ਕਮਾਈ ਉਨ੍ਹਾਂ ਰੱਜ ਕੇ ਕੀ ਖਾਣਾ’ ਸੁਣਾਇਆ। ਡਾ. ਜੋਗਾ ਸਿੰਘ ਸਹੋਤਾ ਨੇ ਗ਼ਜ਼ਲ ‘ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਵਾਂ’, ‘ਹੈ ਖ਼ੂਨ ਸੇ ਸਨਾ ਹੂਆ ਅਖ਼ਬਾਰ ਦੇਖੀਏ’ ਸੁਣਾ ਕੇ ਕਮਾਲ ਦੀ ਪੇਸ਼ਕਾਰੀ ਕੀਤੀ। ਜੈਤੋ ਵਾਲੇ ਦਰਸ਼ਨ ਸਿੰਘ ਬਰਾੜ ਨੇ ‘ਸਿੱਖੀ ਮੰਗਦੀ ਹੈ ਏਹ ਕੁਰਬਾਨੀਆਂ’, ਕੇਸਰ ਸਿੰਘ ਨੀਰ ਨੇ ਗ਼ਜ਼ਲਾਂ ‘ਮੇਰੇ ਦਿਲ ਨੇ ਸਦਮੇ ਸਹਾਰੇ ਬੜੇ ਨੇ’ ਅਤੇ ‘ਲੁਭਾਉਂਦੇ ਪੱਤਝੜਾਂ ਅੰਦਰ ਨਜ਼ਾਰੇ ਹੋਰ ਹੁੰਦੇ ਨੇ’ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਸੁਰਿੰਦਰ ਕੌਰ ਕੈਂਥ, ਪਰਮਜੀਤ ਸਿੰਘ ਭੰਗੂ, ਜਰਨੈਲ ਤੱਗੜ, ਜਤਿੰਦਰ ਉਰਫ਼ ਸੰਨੀ ਸਵੈਚ, ਸੁਜਾਨ ਸਿੰਘ ਮੰਡੇਰ ਅਤੇ ਜਸਵੀਰ ਸਿਹੋਤਾ ਨੇ ਰਚਨਾਵਾਂ ਸੁਣਾ ਕੇ ਆਪੋ ਆਪਣਾ ਪ੍ਰਭਾਵ ਛੱਡਿਆ। ਜਸਵੰਤ ਸੇਖੋਂ ਅਤੇ ਸਰੂਪ ਮੰਡੇਰ ਜੋੜੀ ਦੀ ਕਵੀਸ਼ਰੀ ਸਰੋਤਿਆਂ ਨੂੰ ਪੰਜਾਬ ਦੇ ਕਵੀਸ਼ਰੀ ਦੇ ਅਖਾੜਿਆਂ ਦੀ ਯਾਦ ਤਾਜ਼ਾ ਕਰਵਾ ਗਈ। ਤਰਲੋਕ ਚੁੱਘ ਨੇ ਹਸਾਉਣ ਦੀ ਕਸਰ ਪੂਰੀ ਕੀਤੀ। ਸਾਬਕਾ ਪੀ.ਸੀ.ਐੱਸ. ਅਫ਼ਸਰ ਹਰਜੀਤ ਸਿੰਘ ਸਿੱਧੂ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਸਤਨਾਮ ਢਾਅ ਨੇ ਸਰੂਪ ਸਿੰਘ ਮੰਡੇਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਮੰਡੇਰ ਆਪਣੀ ਕਵਿਤਾ ਸਮੇਂ ਦੀ ਅੱਖ ਵਿੱਚ ਅੱਖ ਪਾ ਕੇ ਸਿਰਜਦੇ ਹਨ।
*ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ ਕੈਲਗਰੀ