ਲੋਕਗੀਤ ਜਿਹਾ ਸਰੋਦੀ ਕਾਵਿ
ਤੇਜਾ ਸਿੰਘ ਤਿਲਕ
ਪੁਸਤਕ ਪੜਚੋਲ
ਪੁਸਤਕ ‘ਮੱਧਮ-ਮੱਧਮ’ (ਕੀਮਤ: 295 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਡਾ. ਜਸਲੀਨ ਕੌਰ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਪੁਸਤਕ ਵਿੱਚ 83 ਕਵਿਤਾਵਾਂ ਹਨ। ਮੁਕਤ ਛੰਦ ਵਿੱਚ ਲਿਖੀਆਂ ਇਹ ਕਵਿਤਾਵਾਂ ਦੋ-ਤਿੰਨ ਪੰਕਤੀਆਂ ਤੋਂ ਲੈ ਕੇ ਇੱਕ-ਦੋ ਸਫ਼ਿਆਂ ਤੱਕ ਫੈਲੀਆਂ ਹੋਈਆਂ ਹਨ। ਪਰ ਖ਼ਿਆਲਾਂ ਦੀ ਸੂਖ਼ਮ ਉਡਾਰੀ ਸਦਕਾ ਉਹ ਸਵੈ ਤੋਂ ਸਰਬ, ਧਰਤ ਤੋਂ ਆਕਾਸ਼, ਭੂਤ ਤੋਂ ਭਵਿੱਖ ਅਤੇ ਭਾਰਤ ਤੋਂ ਵਿਸ਼ਵ ਤੱਕ ਨੂੰ ਆਪਣੇ ਕਲਾਵੇ ਵਿੱਚ ਲੈਂਦਿਆਂ ਵਿਸ਼ਾਲ ਸਾਗਰ ਦਾ ਸਰੂਪ ਹਨ।
ਜਸਲੀਨ ਦੇ ਔਰਤ ਹੋਣ ਦੇ ਅਨੁਭਵ ਕਾਰਨ ਉਸ ਦੀ ਕਵਿਤਾ ਵਿੱਚ ਇਸਤਰੀ ਮਨ ਦੀ ਵੇਦਨਾ, ਦਾਦੀ, ਮਾਂ, ਬਾਲੜੀ ਧੀ, ਮਹਬਿੂਬ-ਪ੍ਰੇਮਿਕਾ, ਪਤਨੀ ਅਤੇ ਪੁੱਤਰ ਦੀ ਮਾਂ ਤੱਕ ਦੇ ਸਫ਼ਰ ਦਾ ਬਾਰੀਕਬੀਨੀ ਨਾਲ ਕੀਤਾ ਚਿਤਰਣ ਹੈ। ਕਵਿੱਤਰੀ ਸੰਬੋਧਨੀ ਸੁਰ ਵਿੱਚ ਕਿਧਰੇ ਮਰਦ ਨੂੰ ਮੁਖ਼ਾਤਬ ਹੈ, ਕਿਧਰੇ ਪੁੱਤਰ ਨਾਲ ਜਾਂ ਮਾਂ ਨਾਲ ਸੰਵਾਦ ਰਚਾਉਂਦੀ ਹੈ ਤੇ ਕਿਤੇ ਆਜ਼ਾਦੀ ਨੂੰ ਸੰਬੋਧਿਤ ਹੈ। ਉਹ ਅਨੁਭਵਸ਼ੀਲ ਚਿੱਤਰਕਾਰ ਹੈ ਜੋ ਦਫ਼ਤਰ ਜਾਂਦੀ ਕੁੜੀ ਦਾ ਮੂਕ ਚਿੱਤਰ ਖਿੱਚਦੀ ਹੈ। ਜਨਮ ਅਸ਼ਟਮੀ ਦੇ ਮੇਲੇ ’ਤੇ ਭੁੱਖੇ ਬਾਲਾਂ ਦੇ ਵਿਲਕਣ ਦੀ ਤਸਵੀਰ ਹੈ, ਸਿੰਘੂ ਤੇ ਟਿੱਕਰੀ ਬਾਰਡਰ ਦੇ ਕਿਸਾਨਾਂ ਦੀ ਫ਼ੋਟੋ ਹੈ, ਬਾਪੂ, ਭੂਆ, ਰੇਤ ਦੇ ਘਰ ਤੇ ਕਰੋਨੇ ਤੱਕ ਦੀ ਕਥਾ ਹੈ, ਆਸਿਫ਼ਾ ਦੇ ਦੁਖਾਂਤ ’ਤੇ ਲੋਕਾਂ ਦੀ ਮਰੀ ਜ਼ਮੀਰ ਹੈ, ਫੁੱਟਪਾਥਾਂ ’ਤੇ ਗ਼ੁਬਾਰੇ ਵੇਚਣ ਵਾਲੇ ਬਾਲਾਂ ਦੀ ਕਰੁਣ ਝਾਕੀ ਹੈ ਡਾ. ਜਸਲੀਨ ਦੀ ਇਹ ਕਾਵਿ-ਪੁਸਤਕ। ਛੰਦ-ਮੁਕਤ ਹੋ ਕੇ ਵੀ ਰੌਚਿਕ ਹੈ।
ਡਾ. ਜਸਲੀਨ ਦੀ ਆਪਣੇ ਪਿਆਰ-ਮਹਬਿੂਬ ਅਤੇ ਪਤੀ ਪਿਆਰੇ ਦੇ ਸਾਥ ’ਚੋਂ ਉਪਜੇ ਬੱਚੇ ਤੋਂ ਪ੍ਰਾਪਤ ਖ਼ੁਸ਼ੀ ਦਾ ਅਕਹਿ ਵਰਣਨ ਸ਼ਬਦਾਂ ਦੇ ਜਾਮੇ ਧਾਰਨ ਕਰਦਾ ਹੈ। ਮਾਂ ਦਾ ਮਹੱਤਵ ਤੇ ਉਸ ਦੇ ਚਲੇ ਜਾਣ ਦਾ ਦੁੱਖ ਉਸ ਦੀ ਕਲਮ ਦਾ ਅਹਿਮ ਅੰਗ ਹੈ। ਉਹ ਰਾਜਸੀ ਤੇ ਸਮਾਜਿਕ ਚੇਤਨਾ ਦਾ ਜ਼ਿਕਰ ਕਰਦੀ ਆਜ਼ਾਦੀ ਨੂੰ ਸੰਬੋਧਿਤ ਹੁੰਦੀ ਹੈ। ਬਿਹਾਰੀ ਮਜ਼ਦੂਰਾਂ ਦੀ ਤਮਾਕੂ ਅਤੇ ਪੰਜਾਬੀਆਂ ਦੀ ‘ਚਿੱਟੇ’ ਦੇ ਨਸ਼ੇ ਦੀ ਬਿਮਾਰੀ ਪ੍ਰਤੀ ਫ਼ਿਕਰਮੰਦ ਹੈ। ਇਤਿਹਾਸ ਦੇ ਪੌਰਾਣਿਕ ਪਾਤਰਾਂ ਕ੍ਰਿਸ਼ਨ, ਰਾਮ, ਅਹੱਲਿਆ ਅਤੇ ਵਰਤਮਾਨ ਦੇ ਕਲਪਨਾ ਚਾਵਲਾ, ਝਾਂਸੀ ਦੀ ਰਾਣੀ, ਆਸਿਫ਼ਾ ਦੀਆਂ ਚਿੰਨ੍ਹਾਤਮਕ ਯਾਦਾਂ ਨੂੰ ਨਵੇਂ ਅਰਥ ਪ੍ਰਦਾਨ ਕਰਦੀ ਪਾਸ਼ ਤੋਂ ਪਾਤਰ ਤੱਕ ਦੇ ਕਵੀ ਜਨਾਂ ਨੂੰ ਵੀ ਆਪਣੀ ਕਵਿਤਾ ਵਿੱਚ ਸ਼ਾਮਿਲ ਕਰਦੀ ਹੈ। ਕਵਿੱਤਰੀ ਦੀ ਕਵਿਤਾ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਂਦੀ ਹੈ। ਦੇਸ਼ ਦੀ ਵੰਡ ’ਤੇ ਦੁੱਖ ਪ੍ਰਗਟਾਉਂਦੀ ‘ਇੱਕ’ ਹੋਣ ਪ੍ਰਤੀ ਉਮੀਦ ਜਤਾਉਂਦੀ ਹੈ। ਸ਼ਾਂਤ, ਪ੍ਰੇਮ ਭਰੇ, ਖ਼ੁਸ਼ਹਾਲ ਸਮਾਜ ਨੂੰ ਲੋਚਦੀ ਹੈ। ਡਾ. ਜਸਲੀਨ ਦੀ ਕਾਵਿ-ਸ਼ੈਲੀ ਮੌਲਿਕ, ਵਿਲੱਖਣ ਤੇ ਆਪਣੀ ਪਛਾਣ ਰੱਖਣ ਵਾਲੀ ਹੈ। ਉਸ ਦੇ ‘ਜੀ ਕਰਦਾ’ ਅਤੇ ‘ਦੱਸੋ ਕਿ’ ਵਰਗੇ ਸੰਬੋਧਨ ਧੁਰ ਅੰਦਰ ਲਹਿ ਜਾਣ ਵਾਲੇ ਹਨ। ਲੋਕਗੀਤ ਵਰਗੇ ਕਾਵਿ-ਅੰਸ਼ ਸਰੋਦੀ ਹਨ। ‘ਮਾਂ’ ਬਾਰੇ 15-20 ਕਵਿਤਾਵਾਂ ਉਸ ਦੇ ਸਮਰਪਣ ਨੂੰ ਪ੍ਰਮਾਣਿਤ ਕਰਦੀਆਂ ਹਨ। ਵੱਖ-ਵੱਖ ਥਾਵਾਂ ’ਤੇ ਛੇ ਚਿੱਤਰ ਵੀ ਬਹੁਤ ਕੁਝ ਕਹਿ ਰਹੇ ਹਨ। ਸੱਚਮੁੱਚ ਜਸਲੀਨ ਦੀ ਕਵਿਤਾ ਮਾਂ-ਬੋਲੀ ਕਾਵਿ ਦੇ ਵਿਕਾਸ ਦੀ ਕਵਿਤਾ ਹੈ।
ਸੰਪਰਕ: 98766-36159