For the best experience, open
https://m.punjabitribuneonline.com
on your mobile browser.
Advertisement

ਸਰੀਕ ਵੀ ਤੇ ਸ਼ਰੀਕ ਵੀ

07:45 AM Jun 23, 2024 IST
ਸਰੀਕ ਵੀ ਤੇ ਸ਼ਰੀਕ ਵੀ
Advertisement

ਕਰਨੈਲ ਸਿੰਘ ਸੋਮਲ

Advertisement

ਭਾਸ਼ਾ ਦਾ ਹਰ ਸ਼ਬਦ ਵਿਸ਼ੇਸ਼ ਹੁੰਦਾ ਹੈ। ਇਸ ਵਿੱਚ ਵਰਤੇ ਜਾਂਦੇ ਚਿੰਨ੍ਹ ਵੀ ਅਰਥ ਰੱਖਦੇ ਹਨ। ਮਾਂ-ਬੋਲੀ ਦਾ ਹਰ ਸ਼ਬਦ ਅਨੇਕਾਂ ਵਾਰੀ ਲਿਖਿਆ, ਬੋਲਿਆ ਤੇ ਸੁਣਿਆ ਹੋਣ ਕਰਕੇ ਖ਼ਾਸ ਜਾਪਦਾ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੋਣ ਕਰਕੇ ਇਸ ਦਾ ਹਰ ਸ਼ਬਦ ਧੁਰ ਹਿਰਦੇ ਨੂੰ ਟੁੰਬਦਾ ਹੈ। ਇਸ ਸਬੰਧ ਵਿੱਚ ਸ਼ਬਦ ‘ਸਰੀਕ’ ਜਾਂ ‘ਸ਼ਰੀਕ’ ਸਮਾਜਿਕ ਦ੍ਰਿਸ਼ਟੀ ਤੋਂ ਬੜਾ ਵਿਸ਼ੇਸ਼ ਹੈ। ਇਸ ਦਾ ਅਰਥ ਇੱਕ ਪਾਸੇ ਭਾਈਵਾਲ ਹੈ, ਭਾਵ ਆਪਣੇ ਖਾਨਦਾਨ ਜਾਂ ਸਮੂਹ ਦਾ ਅੰਗ ਹੋਣਾ। ਬੀਤੇ ਵਿੱਚ ਇੱਕੋ ਥਾਂ ਪੀੜ੍ਹੀ-ਦਰ-ਪੀੜ੍ਹੀ ਰਹਿਣ ਕਰਕੇ ਜ਼ਮੀਨ ਅਤੇ ਹੋਰ ਬਹੁਤ ਕੁਝ ਸਾਂਝਾ ਹੁੰਦਾ ਸੀ ਜਿਵੇਂ ਖੂਹ, ਚਰਾਂਦ, ਟੋਭਾ, ਧਰਮਸ਼ਾਲਾ। ਜੱਦੀ-ਪੁਸ਼ਤੀ ਜ਼ਮੀਨ ਦੀ ਮਲਕੀਅਤ ਪਹਿਲਾਂ ਸਾਂਝੀ ਹੁੰਦੀ ਸੀ। ਫਿਰ ਅੱਗੇ ਤੋਂ ਅੱਗੇ ਪਰਿਵਾਰ ਇਸ ਦੇ ਭਾਈਵਾਲ ਹੋਈ ਜਾਂਦੇ ਸਨ। ਵੰਡ-ਵੰਡਾਈ ਹੁੰਦੀ, ਆਪਸੀ ਹਿਤਾਂ ਦੇ ਟਕਰਾਉ ਤੋਂ ਈਰਖਾ ਅਤੇ ਖਹਿਬਾਜ਼ੀ ਪੈਦਾ ਹੁੰਦੀ ਸੀ। ਅਜਿਹੇ ਵਿਰੋਧਾਂ ਦੇੇ ਬਾਵਜੂਦ ਆਪਣੇ ਸਰੀਕੇ ਵਿੱਚ ਤਕੜੇ ਹੋ ਕੇ ਵੱਸਣਾ ਮਾਣ ਦੀ ਗੱਲ ਹੁੰਦੀ। ਪਿੰਡ ਛੱਡ ਕੇ ਕਿਤੇ ਦੂਰ ਸ਼ਹਿਰ ਵਿੱਚ ਵੱਸਦਿਆਂ ਨਾ ਖ਼ੂਨ ਦੀ ਸਾਂਝ, ਨਾ ਪੁਰਾਣੀ ਭਾਈਵਾਲੀ ਦਿਸਦੀ ਤੇ ਨਾ ਇਨ੍ਹਾਂ ਕਾਰਨਾਂ ਕਰਕੇ ਕੋਈ ਵਿਰੋਧ ਹੁੰਦਾ।
ਇਸ ਦੇ ਸਬੰਧ ਵਿੱਚ ਸਰੀਕ ਜਾਂ ਸ਼ਰੀਕ ਸ਼ਬਦ ਬੜਾ ਦਿਲਚਸਪ ਹੈ। ਅਰਬੀ ਭਾਸ਼ਾ ਵਿੱਚੋਂ ਪੰਜਾਬੀ ਵਿੱਚ ਆਇਆ ਇਹ ਸ਼ਬਦ ‘ਸਰੀਕ’ ਦੇ ਨਾਲ ਨਾਲ ‘ਸ਼ਰੀਕ’ ਵੀ ਬੋਲਿਆ ਅਤੇ ਲਿਖਿਆ ਜਾਂਦਾ ਹੈ। ਇਹ ਸਮਾਜਿਕ ਸਬੰਧਾਂ ਦੇ ਪ੍ਰਸੰਗ ਵਿੱਚ ਵਰਤਿਆ ਜਾਣ ਵਾਲਾ ਵਿਸ਼ੇਸ਼ ਸ਼ਬਦ ਹੈ। ਮਸਲਨ, ਆਖਿਆ ਜਾਂਦਾ ਹੈ ਕਿ ਵਿਆਹ-ਸ਼ਾਦੀ ਵਿੱਚ ਆਪਣਾ ਸਰੀਕਾ ਤਾਂ ਬੁਲਾਉਣਾ ਹੀ ਪੈਂਦੈ। ਨਾਲੇ ਬੰਦਾ ਆਪਣੇ ਸਰੀਕੇ ਵਿੱਚ ਹੀ ਵੱਡਾ ਹੁੰਦਾ ਹੈ। ਵਿਆਹ-ਸ਼ਾਦੀ ਦੇ ਮੌਕੇ ਆਪਣੇ ਸਰੀਕੇ ਤੋਂ ਮੂੰਹ ਲੁਕਾਉਣਾ ਠੀਕ ਨਹੀਂ। ਨੱਕ ਵੱਢਿਆ ਜਾਂਦੈ, ਯਾਨੀ ਹੇਠੀ ਹੁੰਦੀ ਹੈ। ਅਗਲਾ ਥੂਹ ਥੂਹ ਕਰਦੈ। ‘ਨੱਕ ਵੱਢਿਆ ਜਾਣਾ’ ਮੁਹਾਵਰਾ ਵੀ ਇਸੇ ਪ੍ਰਸੰਗ ਵਿੱਚ ਹੈ। ਅਸਲ ਵਿੱਚ ਜਿੱਥੇ ਕੋਈ ਸਬੰਧ ਜਾਂ ਰਿਸ਼ਤਾ ਹੁੰਦਾ ਹੈ, ਉੱਥੇ ਹੀ ‘ਇੱਜ਼ਤ’ ਅਤੇ ‘ਬੇਇੱਜ਼ਤੀ’ ਜਿਹੇ ਸ਼ਬਦ ਕੋਈ ਅਰਥ ਰੱਖਦੇ ਹਨ। ਮਸਲਨ, ਕੋਈ ਬੰਦਾ ਆਪਣਾ ਪਿੰਡ ਛੱਡ ਕੇ ਕਿਤੇ ਸ਼ਹਿਰ ਵਿੱਚ ਜਾ ਵੱਸੇ। ਉੱਥੇ ਪੁਰਾਣੇ ਸਬੰਧ ਕੋਈ ਨਹੀਂ ਹੁੰਦੇ। ਪਿਤਾ-ਪੁਰਖੀ ਨਾਤਿਆਂ ਦਾ ਵੀ ਕੋਈ ਅਰਥ ਨਹੀਂ ਹੁੰਦਾ, ਨਾ ਕੋਈ ਡੂੰਘੀ ਭਾਈਵਾਲੀ ਅਤੇ ਨਾ ਕੋਈ ਸ਼ਰੀਕਾ। ਮਾਣ, ਵਡਿਆਈ, ਵੱਡਾ ਹੋਣਾ ਆਦਿ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਸਮਝੋ ਜੜ੍ਹਾਂ ਤੋਂ ਪੁੱਟ ਲਿਆਂਦਾ ਕੋਈ ਬਿਰਖ ਹੋਵੇ ਤੇ ਉਸ ਦੀ ਹਰਿਆਵਲ ਹੌਲ਼ੀ ਹੌਲ਼ੀ ਸੁੱਕ ਗਈ ਹੋਵੇ।
ਬਾਪ-ਦਾਦੇ ਤੇ ਹੋਰ ਪਿਛੋਕੇ ਦੀ ਗੱਲ ਸਮਝਣ ਲਈ ਬਿਰਖ ਦਾ ਰੂਪਕ ਬੜਾ ਸਹਾਈ ਹੁੰਦਾ ਹੈ। ਖ਼ੁਸ਼ੀ ਦੇ ਮੌਕਿਆਂ ਉੱਤੇ ‘ਦੁੱਬ’ ਦੇਣ ਦਾ ਮਾਅਨਾ ਵੀ ਇਹੋ ਹੁੰਦਾ ਹੈ ਕਿ ਘਾਹ ਵਾਂਗ ਇਸ ਵਿਅਕਤੀ ਜਾਂ ਪਰਿਵਾਰ ਦੀਆਂ ਜੜ੍ਹਾਂ ਹਰੀਆਂ ਰਹਿਣ। ਇੱਕ ਨਿੱਕੇ ਬੀਜ ਤੇ ਫਿਰ ਛੋਟਾ ਬੂਟਾ ਤੋਂ ਹੌਲ਼ੀ-ਹੌਲ਼ੀ ਵੱਡ-ਆਕਾਰੀ ਬਿਰਖ ਬਣਨ ਤੱਕ ਦਾ ਵਿਕਾਸ ਅਤੇ ਫੈਲਾਅ ਅਚੰਭਿਤ ਕਰਨ ਵਾਲਾ ਹੁੰਦਾ ਹੈ। ਟਾਹਣ ਇੱਕ-ਦੂਜੇ ਤੋਂ ਦੂਰ ਹੁੰਦੇ ਜਾਂਦੇ ਹਨ। ਅਜਿਹਾ ਵਧਣ-ਫੁਲਣ ਲਈ ਜ਼ਰੂਰੀ ਹੁੰਦਾ ਹੈ। ਚਾਨਣ ਦੀ ਲੋੜ ਵੀ ਇੱਕ ਕਾਰਨ ਹੁੰਦੀ ਹੈ, ਦੂਜਾ ਫੈਲਾਉ ਲਈ ਵੀ ਸਪੇਸ ਦੀ ਲੋੜ ਹੁੰਦੀ ਹੈ। ਉਹ ਦੂਰ ਤਾਂ ਜਾਂਦੇ ਹਨ ਪਰ ਆਪਣੇ ਮੂਲ ਤਣੇ ਨਾਲ ਜੁੜੇ ਰਹਿੰਦੇ ਹਨ, ਵੱਖ ਨਹੀਂ ਹੁੰਦੇ। ਆਪਸੀ ਖਿੱਚ ਤੇ ਵਿਰੋਧ, ਵੈਸੇ ਸਮੁੱਚੇ ਜੀਵਨ ਦੀ ਚੂਲ਼ ਹੀ ਹੈ। ਨਾਲੇ ਬਿਰਖ ਨੂੰ ਸੰਭਾਲਦੀਆਂ ਜੜ੍ਹਾਂ ਅਦਿੱਸ ਹੀ ਰਹਿੰਦੀਆਂ ਹਨ। ਜੜ੍ਹਾਂ ਦੀ ਸਾਂਝ ਬੜੇ ਡੂੰਘੇ ਅਰਥ ਰੱਖਦੀ ਹੈ।
ਹੈਰਾਨ ਹੋਈਦਾ ਹੈ ਇੱਕ ਮੁੱਢ ਤੋਂ ਤੁਰੇ ਪਰਿਵਾਰ ਵਧਦੇ-ਫੈਲਦੇ ਰਹਿੰਦੇ ਹਨ। ਉਹ ਆਪਣੀ ਸਾਂਝੀ ਵਿਰਾਸਤ ਉੱਤੇ ਮਾਣ ਵੀ ਕਰਦੇ ਹਨ। ਨਾਂ ਦੇ ਨਾਲ ਆਪਣਾ ਗੋਤ ਲਿਖਣਾ, ਇਹੋ ਕੁਝ ਹੀ ਤਾਂ ਹੈ। ਸਰੀਕ ਸ਼ਬਦ ਪਰਸਪਰ ਸਾਂਝਾਂ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਆਪਸੀ ਫ਼ਰਕਾਂ, ਵਿਰੋਧਾਂ ਅਤੇ ਟਕਰਾਵਾਂ ਨੂੰ ਵੀ ਪ੍ਰਗਟਾਉਂਦਾ ਹੈ। ਵੈਸੇ ਵੇਖਿਆ ਜਾਵੇ ਤਾਂ ਮਨੁੱਖ ਦੀ ਇਸ ਜਗਤ ਦੀ ਹਰ ਚੀਜ਼ ਨਾਲ ਸਾਂਝ ਹੈ। ਉਹ ਇਸੇ ਨੂੰ ਭੰਨਦਾ-ਤੋੜਦਾ ਵੀ ਹੈ ਤੇ ਫਿਰ ਉਸ ਦੀ ਸਾਂਭ-ਸੰਭਾਲ ਵੱਲ ਵੀ ਤੁਰਦਾ ਹੈ। ਇੰਜ ਸਾਂਝਾਂ ਅੱਗੇ ਜਾ ਕੇ ਵਿਰੋਧਾਂ ਅਤੇ ਟਕਰਾਵਾਂ ਵਿੱਚ ਪ੍ਰਗਟ ਹੁੰਦੀਆਂ ਹਨ। ਵੱਸਣਾ ਵਿੱਚ ਸਰੀਕੇ ਦੇ ਹਰੇਕ ਦੀ ਲੋਚਾ ਹੈ। ਸਰੀਕ ਲਾਵੇ ਲੀਕ ਅਤੇ ਸਰੀਕ ਮਿੱਟੀ ਦਾ ਵੀ ਬੁਰਾ ਜਿਹੇ ਸ਼ਬਦ-ਪ੍ਰਗਟਾਵੇ ਸੁਝਾਉਂਦੇ ਹਨ ਕਿ ਮਿੱਟੀ ਦਾ ਸੱਪ ਬਣਨਾ ਵੀ ਨਹੀਂ ਪੁੱਗਦਾ, ਪਰਸਪਰ ਸਾਂਝਾਂ ਤੋਂ ਮੁਨਕਰ ਹੋਣਾ ਤਾਂ ਬਿਲਕੁਲ ਨਹੀਂ।
ਜੱਗ ਹਸਾਈ ਬੀਤੇ ਦੇ ਪੇਂਡੂ ਜੀਵਨ ਦੀਆਂ ਗੱਲਾਂ ਹਨ। ਉਦੋਂ ਪੀੜ੍ਹੀ-ਦਰ-ਪੀੜ੍ਹੀ ਇਕੱਠੇ ਰਹਿੰਦਿਆਂ ਦੀਆਂ ਸਾਂਝਾਂ ਬਹੁਤੀਆਂ ਤੇ ਮਨ-ਮੁਟਾਵ ਕਦੇ-ਕਦਾਈਂ ਹੁੰਦਾ ਤੇ ਉਹ ਵੀ ਥੋੜ੍ਹ-ਚਿਰਾ। ਇੱਕ-ਦੂਜੇ ਤੋਂ ਬਿਨਾ ਸਰਦਾ ਹੀ ਨਾ ਸਗੋਂ ਬਹਾਨਾ ਭਾਲਿਆ ਜਾਂਦਾ ਮੁੜ ਬੋਲ-ਚਾਲ ਦਾ। ਉਦੋਂ ਪਿੰਡ ਆਪਣੇ ਆਪ ਵਿੱਚ ਪੂਰਾ ਜਹਾਨ ਹੁੰਦਾ। ਦੀਵਾਲੀ ਦੀਆਂ ਛੁਰਲੀਆਂ ਵਾਂਗ ‘ਖ਼ਬਰ’ ਬਣਦੀ ਇੱਕ ਥਾਂ ਤੋਂ ਤੁਰਦੀ ਤੇ ਛੇਤੀ ਹੀ ਮੁੱਕਣ ਨੂੰ ਹੁੰਦੀ। ਪਿੰਡਾਂ ਵਿੱਚ ਅਖ਼ਬਾਰ ਤਾਂ ਹੁਣ ਆਉਣ ਲੱਗੇ ਹਨ, ਪਹਿਲਾਂ ਤਾਂ ਖ਼ਬਰਾਂ ਬਣਾਉਣ ਵਾਲੇ ਅਤੇ ਅੱਗੇ ਤੋਰਨ ਵਾਲੇ ਸਥਾਨਕ ਬੰਦੇ ਹੀ ਹੁੰਦੇ। ਜੇ ਬਦਨਾਮੀ ਹੁੰਦੀ ਤਾਂ ਆਪਣਿਆਂ ਦੇ ਦਾਇਰੇ ਵਿੱਚ ਹੀ। ਆਪਣੇ ਕਿਸੇ ਦੀ ਸ਼ੁਹਰਤ ਦਾ ਮਾਣ ਤੇ ਅੰਦਰ-ਖਾਤੇ ਸਾੜਾ ਵੀ ਹੁੰਦਾ। ਬਿਰਖਾਂ-ਬੂਟਿਆਂ ਵਾਂਗ ਹੀ ਸਮਝੋ, ਕੰਡੇ ਵੀ ਹੁੰਦੇ ਹਨ ਤੇ ਫੁੱਲ-ਫਲ ਵੀ।
ਵੱਡੀ ਗੱਲ ਇਹ ਹੈ ਕਿ ਮਨੁੱਖੀ ਜੀਵਨ ਦੀ ਖੇਡ ਵਿੱਚ ਇਹ ਸਿਲਸਿਲਾ ਡਾਢਾ ਦਿਲਚਸਪ ਹੈ। ਆਪਣੀਆਂ ਖ਼ੁਸ਼ੀਆਂ ਅਤੇ ਖੇੜੇ ਬੰਦਾ ਕੀਹਦੇ ਨਾਲ ਸਾਂਝਾ ਕਰੇ? ਪਾਣੀ ਖੁਣੋਂ ਖੜ੍ਹੀ ਫ਼ਸਲ ਸੁੱਕ ਗਈ ਜਾਂ ਚੰਗੀ-ਭਲੀ ਫ਼ਸਲ ਕਿਸੇ ਬਿਮਾਰੀ ਦੀ ਮਾਰ ਹੇਠ ਆ ਗਈ, ਤਦ ਬੰਦਾ ਆਪਣੇ ਉਦਰੇਵੇਂ ਦੀ ਹਾਲਤ ਵਿੱਚ ਕੀਹਦੇ ਗਲ਼ ਲੱਗੇ? ਸ਼ਰੀਕ ਅਤੇ ਸਰੀਕ ਮਾਨਵੀ ਸਬੰਧਾਂ ਦੇ ਦੋ ਪਾਸੇ ਹਨ, ਜਿਵੇਂ ਸਿੱਕੇ ਦੇ ਹੁੰਦੇ ਹਨ। ਇਨ੍ਹਾਂ ਦੀ ਅਹਿਮੀਅਤ ਤੋਂ ਅਣਜਾਣ ਰਹਿ ਕੇ ਜੀਵਨ ਦੇ ਰੰਗ ਕਿਵੇਂ ਸਰਾਹੇ ਜਾ ਸਕਦੇ ਹਨ। ਮਹਾਭਾਰਤ ਜੋ ਹਰ ਥਾਂ ਵਾਪਰਦਾ ਹੈ ਤੇ ਰਿਸ਼ਤਿਆਂ ਦੇ ਰੰਗ ਕਿਵੇਂ ਬਦਲਦੇ ਹਨ, ਕਿਵੇਂ ਸਮਝ ਵਿੱਚ ਆਉਣ?
ਸੰਪਰਕ: 98141-57137

Advertisement

Advertisement
Author Image

Advertisement