ਸਰਦੂਲਗੜ੍ਹ ਦਾ ਐੱਸਡੀਐੱਮ ਤੇ ਕਾਰਜ ਸਾਧਕ ਅਫ਼ਸਰ ਕਰੋਨਾ ਪਾਜ਼ੇਟਿਵ
ਬਲਜੀਤ ਸਿੰਘ
ਸਰਦੂਲਗੜ੍ਹ, 18 ਅਗਸਤ
ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਰਦੂਲਗੜ੍ਹ ਦੇ ਐੱਸਡੀਐੱਮ ਰਾਜਪਾਲ ਸਿੰਘ ਅਤੇ ਨਗਰ ਪੰਚਾਇਤ ਸਰਦੂਲਗੜ੍ਹ ਦੇ ਕਾਰਜ ਸਾਧਕ ਅਫ਼ਸਰ ਵਿਸ਼ਾਲਦੀਪ ਸਿੰਘ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ ਹੈ। ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਵੀ ਡਰ ਪਾਇਆ ਜਾ ਰਿਹਾ ਹੈ। ਸੁਤੰਤਰਤਾ ਦਿਵਸ ਮੌਕੇ ਤਹਿਸੀਲ ਪੱਧਰ ਦੇ ਸਮਾਗਮ ਦੌਰਾਨ ਐੱਸਡੀਐੱਮ ਸਰਦੂਲਗੜ੍ਹ ਵੱਲੋਂ ਝੰਡਾ ਲਹਿਰਾਇਆ ਗਿਆ ਸੀ ਅਤੇ ਕਾਰਜ ਸਾਧਕ ਅਫ਼ਸਰ ਵੀ ਮੌਕੇ ’ਤੇ ਮੌਜੂਦ ਸਨ। ਸਮਾਗਮ ਵਿੱਚ ਭਾਗ ਲੈਣ ਵਾਲੇ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਐੱਸਡੀਐੱਮ ਦਫ਼ਤਰ ਅਤੇ ਨਗਰ ਪੰਚਾਇਤ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਵੀ ਆਪਣੀ ਕਰੋਨਾ ਜਾਂਚ ਕਰਵਾਈ ਜਾ ਰਹੀ ਹੈ ਅਤੇ ਦੋਵਾਂ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਕੰਮਕਾਜ ਬੰਦ ਕਰ ਦਿੱਤਾ ਗਿਆ ਹੈ। ਸੁਤੰਤਰਤਾ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਕੁਝ ਪੱਤਰਕਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਆਪਣੀ ਕਰੋਨਾ ਜਾਂਚ ਰਿਪੋਰਟ ਲਈ ਵੀ ਨਮੂਨੇ ਦਿੱਤੇ ਜਾ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਆਪਣੀ ਕਰੋਨਾ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਕਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।
ਮੋਗਾ ’ਚ ਪ੍ਰਮੁੱਖ ਸਕੱਤਰ ਵੱਲੋਂ ਕਰੋਨਾ ਸਥਿਤੀ ਤੇ ਪ੍ਰਬੰਧਾਂ ਦਾ ਜਾਇਜ਼ਾ
ਮੋਗਾ (ਮਹਿੰਦਰ ਸਿੰਘ ਰੱਤੀਆਂ) ਸੂਬੇ ’ਚ ਕਰੋਨਾ ਲਾਗ ਦਾ ਫ਼ੈਲਾਅ ਤੇਜ਼ੀ ਨਾਲ ਵਧਣ ਨਾਲ ਰਾਜ ਸਰਕਾਰ ਫਿਕਰ ’ਚ ਹੈ। ਇਥੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਨੇ ਮੀਟਿੰਗ ਕਰਕੇ ਕਰੋਨਾ ਸਥਿੱਤੀ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪ੍ਰਮੁੱਖ ਸਕੱਤਰ ਨੇ ਕਰੋਨਾ ਜੰਗ ਜਿੱਤਣ ਲਈ ਸਿਹਤ ਵਿਭਾਗ ’ਚ ਅਸਾਮੀਆਂ ਭਰਨ ਦੀ ਜ਼ਰੂਰਤ ਮੁਤਾਬਕ ਸਰਕਾਰ ਨੂੰ ਡਿਮਾਂਡ ਭੇਜਣ ਲਈ ਵੀ ਆਖਿਆ। ਇਸ ਮੌਕੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਕਰੋਨਾਵਾਇਰਸ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਹਾਲਾਂਕਿ ਮਰੀਜ਼ ਠੀਕ ਹੋ ਰਹੇ ਹਨ। ਪਰ ਮਰੀਜ਼ਾਂ ਦੇ ਠੀਕ ਹੋਣ ਦਾ ਸਮਾਂ ਵੱਖੋ-ਵੱਖਰਾ ਹੈ। ਕਈ ਲੋਕਾਂ ’ਚ ਹਲਕੇ ਲੱਛਣ ਪੈਦਾ ਹੁੰਦੇ ਹਨ ਤੇ ਕਈਆਂ ’ਚ ਲੱਛਣ ਕਾਫ਼ੀ ਗੰਭੀਰ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਹਿਸਾਬ ਮੁਤਾਬਕ ਸਤੰਬਰ ਮਹੀਨੇ ਵਿੱਚ ਜ਼ਿਲ੍ਹਾ ਮੋਗਾ ’ਚ ਕਰੋਨਾ ਦੀ ਲਾਗ ਹੋਰ ਤੇਜ਼ੀ ਨਾਲ ਵਧਣ ਦਾ ਖਦਸ਼ਾ ਹੈ।
ਸਿਰਸਾ ਵਿੱਚ ਕਰੋਨਾ ਨਾਲ ਹੋਈ ਨੌਵੀਂ ਮੌਤ
ਸਿਰਸਾ (ਪ੍ਰਭੂ ਦਿਆਲ) ਜ਼ਿਲ੍ਹਾ ਸਿਰਸਾ ਵਿੱਚ ਇਕ ਹੋਰ ਵਿਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਇਹ ਕਰੋਨਾ ਨਾਲ ਨੌਂਵੀਂ ਮੌਤ ਹੈ। ਅੱਜ ਸੱਤ ਹੋਰ ਸੱਜਰੇ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ ਜਿਸ ਨਾਲ ਸਿਰਸਾ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 794 ਤੱਕ ਪਹੁੰਚ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ 65 ਸਾਲਾ ਮੋਹਨ ਲਾਲ ਦਾ ਅਗਰੋਹਾ ਮੈਡੀਕਲ ਕਾਲਜ ’ਚ ਇਲਾਜ ਚੱਲ ਰਿਹਾ ਸੀ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਗਾਂਧੀ ਕਾਲੋਨੀ ਵਾਸੀ ਮੋਹਨ ਲਾਲ ਦੀ ਕਰੋਨਾ ਪਾਜ਼ੇਟਿਵ ਰਿਪੋਰਟ ਆਈ ਸੀ, ਜਿਸ ਨੂੰ ਪਹਿਲਾਂ ਇਥੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੋਂ 13 ਅਗਸਤ ਨੂੰ ਉਸ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ ਜਿਸ ਮਗਰੋਂ ਉਸ ਦਾ ਇਲਾਜ ਹਿਸਾਰ ਦੇ ਸੀਐੱਮਸੀ ਹਸਪਤਾਲ ਵਿੱਚ ਕੀਤਾ ਗਿਆ।