ਮਿਸ਼ਨ ਹਰਿਆਲੀ ਤਹਿਤ ਬੂਟੇ ਲਾਏ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 19 ਜੁਲਾਈ
ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਵੱਲੋਂ ਸੂਬੇ ਵਿੱਚ ਮਿਸ਼ਨ ਹਰਿਆਲੀ ਤਹਿਤ ਸੱਤ ਲੱਖ ਬੂਟੇ ਲਾਉਣ ਦੀ ਮੁਹਿੰਮ ਤਹਿਤ ਗੁਰੂ ਹਰਿਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ-ਦੱਧਾਹੂਰ ਦੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੇ ਡਾਇਰੈਕਟਰ ਮਨਜੀਤ ਸਿੰਘ ਤੂਰ ਦੀ ਅਗਵਾਈ ਹੇਠ ਸਕੂਲ ਵਿੱਚ ਬੂਟੇ ਲਾਏ। ਪ੍ਰਿੰਸੀਪਲ ਪ੍ਰਿਤਪਾਲ ਕੌਰ ਤੂਰ ਨੇ ਦੱਸਿਆ ਕਿ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਪਿਛਲੇ ਸਾਲ ਵੀ 12 ਸਤੰਬਰ ਨੂੰ 5 ਲੱਖ 18 ਹਜ਼ਾਰ ਬੂਟੇ ਲਾ ਕੇ ਕੌਮਾਂਤਰੀ ਰਿਕਾਰਡ ਬਣਾਇਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਵੀ 7 ਲੱਖ ਬੂਟੇ ਲਾ ਕੇ ਨਵਾਂ ਕੌਮਾਂਤਰੀ ਰਿਕਾਰਡ ਸਥਾਪਿਤ ਕੀਤਾ ਜਾਵੇਗਾ। ਪ੍ਰਿੰਸੀਪਲ ਪ੍ਰਿਤਪਾਲ ਕੌਰ ਤੂਰ ਨੇ ਕਿਹਾ ਕਿ ਮਨੁੱਖ ਅਤੇ ਰੁੱਖ ਦਾ ਸਾਥ ਸਦੀਵੀਂ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੇ ਜਿਸ ਢੰਗ ਨਾਲ ਰੁੱਖਾਂ ਦਾ ਘਾਣ ਕੀਤਾ ਹੈ, ਉਸ ਦਾ ਹੀ ਨਤੀਜਾ ਹੈ ਕਿ ਆਏ ਦਨਿ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।