For the best experience, open
https://m.punjabitribuneonline.com
on your mobile browser.
Advertisement

‘ਇਕ ਪਿਆਰ ਕਾ ਨਗਮਾ ਹੈ’ ਵਾਲਾ ਸੰਤੋਸ਼ ਆਨੰਦ

08:31 AM Jul 08, 2023 IST
‘ਇਕ ਪਿਆਰ ਕਾ ਨਗਮਾ ਹੈ’ ਵਾਲਾ ਸੰਤੋਸ਼ ਆਨੰਦ
Advertisement

ਕੁਲਵਿੰਦਰ ਸਿੰਘ ਸਰਾਂ (ਡਾ.)

ਬਹੁਤ ਥੋੜ੍ਹੇ ਗੀਤ ਲਿਖ ਕੇ ਲੋਕਾਂ ਦੇ ਮਨਾਂ ਵਿੱਚ ਛਾ ਜਾਣ ਵਾਲਾ ਆਸ਼ਾਵਾਦੀ ਨਜ਼ਰੀਏ ਨੂੰ ਪ੍ਰਣਾਇਆ, ਜ਼ਿੰਦਗੀ ਪ੍ਰਤੀ ਵਿੱਲਖਣ ਨਜ਼ਰੀਆ ਪੇਸ਼ ਕਰਦਾ ਹੋਇਆ ਪ੍ਰਸਿੱਧ ਗੀਤਕਾਰ ਤੇ ਕਵੀ ਹੈ ਸੰਤੋਸ਼ ਆਨੰਦ। ਉਸ ਨੇ ਪਿਆਰ ਨੂੰ ਬੜੇ ਫ਼ਲਸਫ਼ਾਨਾ ਅਰਥ ਦੇ ਕੇ ਵੀ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਪਰਿਭਾਸ਼ਤ ਕੀਤਾ ਹੈ। ਉਦਾਹਰਨ ਦੇਖੋ ‘ਲਾਖ ਗਹਿਰਾ ਹੋ ਸਾਗਰ ਤੋ ਕਿਆ, ਪਿਆਰ ਸੇ ਕੁਛ ਵੀ ਗਹਿਰਾ ਨਹੀਂ’ (ਫਿਲਮ ਕ੍ਰਾਂਤੀ)। ‘ਇਕ ਪਿਆਰ ਕਾ ਨਗ਼ਮਾ ਹੈ’ (ਸ਼ੋਰ-1972) ਜਿਹੇ ਸਦੀ ਦੇ ਸੁਪਰ ਹਿੱਟ ਗੀਤ ਦੇ ਰਚੇਤਾ ਸੰਤੋਸ਼ ਆਨੰਦ ਦਾ ਜਨਮ ਸਿਕੰਦਰਾਬਾਦ, ਜ਼ਿਲ੍ਹਾ ਬੁਲੰਦ ਸ਼ਹਿਰ, ਉੱਤਰ ਪ੍ਰਦੇਸ਼ ਵਿਖੇ ਹੋਇਆ।
ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਮਨੋਜ ਕੁਮਾਰ ਦੀ ਫਿਲਮ ‘ਪੂਰਬ ਔਰ ਪੱਛਮ’ (1970) ਤੋਂ ਕੀਤੀ। ਇਸ ਫਿਲਮ ਲਈ ਉਸ ਦੇ ਇਕਲੌਤੇ ਗੀਤ ਦੇ ਬੋਲ ਸਨ ‘ਪੁਰਬਾ ਸੁਹਾਨੀ ਆਈ ਰੇ’ (ਲਤਾ, ਮਹਿੰਦਰ ਕਪੂਰ ਤੇ ਮਨਹਰ), ਜਿਸਦੇ ਸੰਗੀਤਕਾਰ ਸਨ ਕਲਿਆਣਜੀ-ਆਨੰਦਜੀ। ਭਾਰਤ ਦੀ ਅਨੇਕਤਾ ਵਿੱਚ ਏਕਤਾ ਤੇ ਫਿਲਮ ਦੇ ਪਾਤਰਾਂ ਦੇ ਆਪਸੀ ਰਿਸ਼ਤਿਆਂ ਦੀ ਬਣਤਰ ਨੂੰ ਪ੍ਰਗਟਾਉਂਦਾ ਇਹ ਗੀਤ ਬੜਾ ਖਾਸ ਹੋ ਨਿੱਬੜਿਆ। ਮਨੁੱਖੀ ਮਨ ਦੇ ਵਲਵਲੇ ਤੇ ਜੀਵਨ ਦੀ ਉਮੰਗ ਨਾਲ ਭਰਪੂਰ ਇਹ ਗੀਤ ਸੰਤੋਸ਼ ਆਨੰਦ ਦੀ ਆਪਣੀ ਜੀਵਨ ਫ਼ਿਲਾਸਫ਼ੀ ਨਾਲ ਓਤ-ਪੋਤ ਸੀ। ਮਨੋਜ ਕੁਮਾਰ ਨੇ ਬੜੀ ਖੂਬਸੂਰਤੀ ਨਾਲ ਇਹ ਗੀਤ ਸਾਇਰਾ ਬਾਨੋ, ਵਿਨੋਦ ਖੰਨਾ, ਭਾਰਤੀ ਅਤੇ ਖੁਦ ’ਤੇ ਫਿਲਮਾਇਆ ਸੀ।
ਇਸ ਤੋਂ ਬਾਅਦ ਮਨੋਜ ਕੁਮਾਰ ਨਾਲ ਆਪਣੀ ਜੋੜੀ ਕਾਇਮ ਰੱਖਦਿਆਂ ਸੰਤੋਸ਼ ਨੇ ਉਸ ਦੀ ਫਿਲਮ ‘ਸ਼ੋਰ’ ਦੇ ਗੀਤ ਲਿਖੇ ਜਿਨ੍ਹਾਂ ਨੇ ਸੰਗੀਤ-ਜਗਤ ਵਿੱਚ ਤਰਥੱਲੀ ਮਚਾ ਦਿੱਤੀ। ਇਸ ਫਿਲਮ ਦੇ ਸੰਗੀਤਕਾਰ ਸਨ ਭਾਰਤੀ ਫਿਲਮ-ਜਗਤ ਦੀ ਪ੍ਰਸਿੱਧ ਜੋੜੀ ਲਕਸ਼ਮੀਕਾਂਤ-ਪਿਆਰੇ ਲਾਲ। ਇਸ ਫਿਲਮ ਦੇ ਗੀਤ ‘ਏਕ ਪਿਆਰ ਕਾ ਨਗਮਾ ਹੈ’ (ਲਤਾ, ਮੁਕੇਸ਼) ਨੇ ਸਾਡੀ ਫਿਲਮੀ ਦੁਨੀਆ ਦੇ ਸੰਗੀਤ ਵਿੱਚ ਅਟੱਲ ਥਾ ਬਣਾ ਲਈ ਤੇ ਉਸ ਨੂੰ ‘ਸਦੀ ਦਾ ਗੀਤ’ (ਸਾਂਗ ਆਫ ਦਿ ਮਿਲੇਨੀਅਮ) ਹੋਣ ਦਾ ਮਾਣ ਮਿਲਿਆ। ਇਹ ਗੀਤ ਫਿਲਮ ਵਿੱਚ ਦੋ ਵਾਰ ਅਲੱਗ-ਅਲੱਗ ਆਮ ਤੇ ਉਦਾਸ ਵਰਜ਼ਨ ਵਿੱਚ ਗਾਇਆ ਤੇ ਫਿਲਮਾਇਆ ਗਿਆ ਸੀ। ਸੰਤੋਸ਼ ਇੱਕ ਮੁਲਾਕਾਤ ਵਿੱਚ ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਦਿੱਲੀ ਵਿਖੇ ਸੀ ਤੇ ਉਹ ਮਨੋਜ ਕੁਮਾਰ ਕੋਲ ਬੰਬਈ। ਉੱਥੇ ਹੀ ਉਨ੍ਹਾਂ ਨੂੰ ਕਈ-ਕਈ ਮਹੀਨੇ ਲੱਗ ਜਾਂਦੇ ਸਨ ਤਾਂ ਪਤਨੀ ਰੋਸ ਮਨਾਉਂਦੀ ਸੀ। ਪਤਨੀ ਦੇ ਰੋਸੇ ਤੋਂ ਹੀ ਉਨ੍ਹਾਂ ਨੇ ਇਸ ਗੀਤ ਦਾ ਪਹਿਲਾ ਬੰਦ ਤਿਆਰ ਕੀਤਾ ‘ਤੂ ਧਾਰ ਹੈ ਨਦੀਆ ਕੀ, ਮੈਂ ਤੇਰਾ ਕਿਨਾਰਾ ਹੂੰ, ਤੂ ਮੇਰਾ ਸਹਾਰਾ ਹੈ, ਮੈਂ ਤੇਰਾ ਸਹਾਰਾ ਹੂੰ’। ਇਸੇ ਤਰ੍ਹਾਂ ਇਸ ਗੀਤ ਦਾ ਅਗਲਾ ‘ਬੰਦ’ ਉਨ੍ਹਾਂ ਦੇ ਜੀਵਨ ਪ੍ਰਤੀ ਆਸ਼ਾਵਾਦੀ ਨਜ਼ਰੀਏ ਨੂੰ ਦਰਸਾਉਂਦਾ ਹੈ:
ਤੂਫਾਨ ਕੋ ਆਨਾ ਹੈ, ਆ ਕਰ ਚਲੇ ਜਾਨਾ ਹੈ
ਬਾਦਲ ਹੈ ਯੇ ਕੁਛ ਪਲ ਕਾ, ਛਾ ਕਰ ਢਲ ਜਾਨਾ ਹੈ
ਕੁਛ ਪਾ ਕਰ ਖੋਨਾ ਹੈ ਕੁਛ ਖੋ ਕਰ ਪਾਨਾ ਹੈ
ਜੀਵਨ ਕਾ ਮਤਲਬ ਤੋ ਆਨਾ ਔਰ ਜਾਨਾ ਹੈ
ਦੋ ਪਲ ਕੇ ਜੀਵਨ ਸੇ ੲੇਕ ਉਮਰ ਚੁਰਾਨੀ ਹੈ।
‘ਏਕ ਪਿਆਰ ਕਾ ਨਗਮਾ ਹੈ’ ਲਈ ਸੰਤੋਸ਼ ਆਨੰਦ ਨੂੰ ਫਿਲਮਫੇਅਰ ਵਿੱਚ ‘ਸਰਵੋਤਮ ਗੀਤਕਾਰ ਵਰਗ’ ਦੀ ਨਾਮਜ਼ਦਗੀ ਮਿਲੀ। ਮੁਕੇਸ਼ ਨੂੰ ਇਸ ਗੀਤ ਲਈ ‘ਸਰਵੋਤਮ ਗਾਇਕ’ ਵਰਗ ਲਈ ਨਾਮਜ਼ਦਗੀ ਮਿਲੀ। ਇਸ ਤੋਂ ਬਾਅਦ ਸੰਤੋਸ਼ ਆਨੰਦ ਨੇ ਮਨੋਜ ਕੁਮਾਰ ਦੀ ਫਿਲਮ ‘ਰੋਟੀ ਕੱਪੜਾ ਔਰ ਮਕਾਨ’ (1974) ਲਈ ਗੀਤਕਾਰ ਵਰਮਾ ਮਲਿਕ ਦੇ ਨਾਲ ਗੀਤ ਲਿਖੇ। ਇਸ ਫਿਲਮ ਦੇ ਸਾਰੇ ਗੀਤਾਂ ਨੇ ਸੰਗੀਤ ਜਗਤ ਵਿੱਚ ਤਹਿਲਕਾ ਮਚਾਇਆ। ਇਸ ਫਿਲਮ ਵਿੱਚ ਉਨ੍ਹਾਂ ਨੇ ਇੱਕ ਵਾਰ ਫੇਰ ਲਕਸ਼ਮੀਕਾਂਤ-ਪਿਆਰੇਲਾਲ ਦੇ ਸੰਗੀਤ ਵਿੱਚ ‘ਮੈਂ ਨਾ ਭੂਲੂੰਗਾ’ (ਲਤਾ, ਮੁਕੇਸ਼) ਤੇ ‘ਔਰ ਨਹੀਂ ਬਸ ਔਰ ਨਹੀਂ’ (ਮਹਿੰਦਰ ਕਪੂਰ) ਗੀਤ ਲਿਖੇ ਜਿਨ੍ਹਾਂ ਨੇ ਨਾ ਸਿਰਫ਼ ਕਾਮਯਾਬੀ ਦੀਆਂ ਬੁਲੰਦੀਆਂ ਛੁਹੀਆਂ ਸਗੋਂ ‘ਮੈਂ ਨਾ ਭੂਲੂੰਗਾ’ ਪ੍ਰੇਮ ਗੀਤ ਹੋਣ ਦੇ ਬਾਵਜੂਦ ਇਹ ਗੀਤ ਜੀਵਨ ਦੀਆਂ ਸੱਚਾਈਆਂ ਦੀ ਗੱਲ ਕਰਦਾ ਹੋਇਆ ਸਿੱਧਾ ਦਿਲ ਵਿੱਚ ਉਤਰਦਾ ਚਲਾ ਜਾਂਦਾ ਹੈ। ਕਵੀ ਮਨ ਜੀਵਨ ਦੇ ਅੰਤ ਦੀ ਸੱਚਾਈ ਵੀ ਬਿਆਨ ਕਰਦਾ ਹੈ, ਪਰ ਇਸ ਗੱਲ ਦੇ ਦੁੱਖ ਵਿੱਚ ਝੂਰਦਾ ਨਹੀਂ ਸਗੋਂ ਉਸ ਨੂੰ ਜਿਉਂ ਲੈਣ ਤੇ ਮਾਣਨ ਦੀ ਗੱਲ ਕਰਦਾ ਹੈ, ਇਹੋ ਹੀ ਸੰਤੋਸ਼ ਆਨੰਦ ਦੀ ਜੀਵਨ ਫ਼ਿਲਾਸਫ਼ੀ, ਆਸ਼ਾਵਾਦ ਤੇ ਕਲਮ ਦਾ ਕਮਾਲ ਹੈ।
‘ਔਰ ਨਹੀਂ ਬਸ ਔਰ ਨਹੀਂ’ ਗੀਤ ਵਿੱਚ ਜਿੱਥੇ ਫਿਲਮ ਦਾ ਵਿਸ਼ਾ ਉਜਾਗਰ ਹੁੰਦਾ ਹੈ, ਉੱਥੇ ਹੀ ਸਾਡੀ ਦੁਨੀਆ ਦਾ ਪਰਦਾ ਵੀ ਫਾਸ਼ ਹੁੰਦਾ ਹੈ। ਇੱਕ ਆਮ ਬੇਵੱਸ ਇਨਸਾਨ ਉਸ ਮਤਲਬਪ੍ਰਸਤ ਤੇ ਰਿਸ਼ਵਤਖੋਰੀ ਦੇ ਦੌਰ ਵਿੱਚ ਕਿਹੜੇ ਹਾਲਤਾਂ ਨੂੰ ਭੋਗਦਾ ਤੇ ਦੁਸ਼ਵਾਰੀਆਂ ਝੱਲਦਾ ਹੈ, ਨੂੰ ਸੰਤੋਸ਼ ਨੇ ਬਾਖੂਬੀ ਬਿਆਨ ਕੀਤਾ ਹੈ:
ਸੱਚਾਈ ਕਾ ਮੋਲ ਨਹੀਂ, ਚੁੱਪ ਹੋ ਜਾ ਕੁਛ ਬੋਲ ਨਹੀਂ
ਪਿਆਰ ਪ੍ਰੀਤ ਚਿਲਾਏਗਾ, ਤੋ ਅਪਨਾ ਗਲਾ ਗਵਾਏਗਾ
ਕਿਤਨਾ ਪੜੂੰ ਜ਼ਮਾਨੇ ਕੋ, ਕਿਤਨਾ ਗੜੂੰ ਜ਼ਮਾਨੇ ਕੋ
ਕੌਨ ਗੁਨੋ ਕੋ ਗਿਨਤਾ ਹੈ, ਕੌਨ ਦੁਖੋਂ ਕੋ ਚੁਨਤਾ ਹੈ
ਹਮਦਰਦੀ ਕਾਫ਼ਰ ਹੂਈ, ਨੇਕੀ ਚਕਨਾਚੂਰ ਹੂਈ
ਦੌਰ ਨਹੀਂ ਯੇ ਦੌਰ ਨਹੀਂ ਇਨਸਾਨੋਂ ਕਾ ਦੌਰ ਨਹੀਂ
ਇਸ ਗੀਤ ਨੇ ਮਹਿੰਦਰ ਕਪੂਰ ਦੀ ਝੋਲੀ ‘ਸਰਵੋਤਮ ਗਾਇਕ’ ਦਾ ਫਿਲਮਫੇਅਰ ਪੁਰਸਕਾਰ ਪੁਆਇਆ ਸੀ। ਮਜ਼ੇਦਾਰ ਗੱਲ ਇਹ ਰਹੀ ਕਿ ਇਸ ਫਿਲਮ ਲਈ ਸੰਤੋਸ਼ ਨੇ ਦੋ ਗੀਤ ਲਿਖੇ ਤੇ ਦੋਵਾਂ ਨੂੰ ਫਿਲਮਫੇਅਰ ਮਿਲੇ, ਇੱਕ ਨੂੰ ਗੀਤਕਾਰੀ ਦਾ ਤੇ ਦੂਜੇ ਨੂੰ ਗਾਇਕੀ ਦਾ। ਮਨੋਜ ਕੁਮਾਰ ਦੇ ਬੈਨਰ ਹੇਠ ਹੀ ਉਨ੍ਹਾਂ ਨੇ ਲਕਸ਼ਮੀਕਾਂਤ-ਪਿਆਰੇਲਾਲ ਦੇ ਸੰਗੀਤ ਵਿੱਚ ‘ਕ੍ਰਾਂਤੀ’ (1981) ਦੇ ਸਦਾਬਹਾਰ ਤੇ ਸੁਰੀਲੇ ਗੀਤ ਲਿਖੇ। ਇਸ ਫਿਲਮ ਦੇ ਗੀਤਾਂ ਨੇ ਵੀ ਕਾਮਯਾਬੀ ਦੇ ਨਵੇਂ ਸਿਖਰ ਛੋਹੇ ਅਤੇ ਰੇਡਿਓ ’ਤੇ ਖੂਬ ਵੱਜੇ। ਸੰਤੋਸ਼ ਦੇ ਸਕਾਰਾਤਮਕ ਜੀਵਨ ਫ਼ਲਸਫ਼ੇ ਨੂੰ ਦਰਸਾਉਂਦੇ ਗੀਤ ਜਿੱਥੇ ਜਿਉਣ ਲਈ ਉਤਸ਼ਾਹ ਭਰਦੇ ਹਨ ਉੱਥੇ ਨਾਲ ਹੀ ਮੁਸ਼ਕਲਾਂ ਦਾ ਸਾਹਮਣਾ ਖਿੜੇ ਮੱਥੇ ਕਰਨ ਲਈ ਵੀ ਪ੍ਰੇਰਦੇ ਹਨ। ‘ਜ਼ਿੰਦਗੀ ਕੀ ਨਾ ਟੂਟੇ ਲੜੀ’ (ਲਤਾ, ਨਿਤਿਨ ਮੁਕੇਸ਼) ਵਿੱਚ ਉਹ ਕਿੰਨੀ ਸੋਹਣੀ ਤਰ੍ਹਾਂ ਬਿਆਨ ਕਰਦਾ ਹੈ:
ਲੰਮੀ-ਲੰਮੀ ਉਮਰੀਆ ਕੋ ਛੋੜੋ,
ਪਿਆਰ ਕੀ ਏਕ ਘੜੀ ਹੈ ਬੜੀ
ਇਸ ਦੇ ਨਾਲ ਹੀ ਖੁਸ਼ੀ ਤੇ ਗ਼ਮੀ ਦੇ ਸਮਤੋਲ ਦੇ ਨਾਲ-ਨਾਲ ਜਵਾਨੀ ਦੇ ਸੰਘਰਸ਼ ਤੇ ਪ੍ਰਾਪਤੀ ਨੂੰ ਮਹੱਤਵ ਦਿੰਦਾ ਲਿਖਦਾ ਹੈ:
ਉਨ ਆਂਖੋਂ ਕਾ ਹਸਨਾ ਭੀ ਕਿਆ
ਜਿਨ ਆਂਖੋਂ ਮੇਂ ਪਾਨੀ ਨਾ ਹੋ
ਵੋ ਜਵਾਨੀ-ਜਵਾਨੀ ਨਹੀਂ
ਜਿਸਕੀ ਕੋਈ ਕਹਾਨੀ ਨਾ ਹੋ,
ਆਂਸੂ ਹੈਂ ਖੁਸ਼ੀ ਕੀ ਲੜੀ।
ਇਸ ਫਿਲਮ ਦਾ ਗੀਤ ‘ਲੂਈ ਸ਼ਮਾ-ਸ਼ਾ’ ਜੋ ਕਿ ਪਹਿਲੀ ਨਜ਼ਰੇ ਸਿਰਫ਼ ਪ੍ਰੇਮ ਗੀਤ ਲੱਗਦਾ ਹੈ, ਵਿੱਚ ਵੀ ਉਸ ਨੇ ਬੜੀ ਨੀਝ ਨਾਲ ਡੂੰਘੀਆਂ ਗੱਲਾਂ ਕੀਤੀਆਂ ਹਨ ਜਿਵੇਂ:
ਯੇ ਦਿਲ ਵਾਲੋਂ ਕੀ ਬਸਤੀ ਹੈ, ਯੇ ਬਸਤੇ-ਬਸਤੇ ਬਸਤੀ ਹੈ
ਜਿਸਨੇ ਰਚਾ ਸੰਸਾਰ ਹੈ ਯੇ ਹਮ ਰਚਨਾ ਉਸਕੀ ਗਾਤੇ ਹੈਂ
‘ਅਬ ਕੇ ਬਰਸ ਤੇਰੀ ਪਿਆਸੋਂ ਮੇਂ ਪਾਨੀ ਭਰਦੇਂਗੇ’ ਮਹਿੰਦਰ ਕਪੂਰ ਦੀ ਧੁਨ ਜਿੱਥੇ ਦੇਸ਼ ਭਰਤੀ ਦੇ ਜੋਸ਼ ਨਾਲ ਭਰਪੂਰ ਹੈ, ਉੱਥ ਹੀ ਸੰਤੋਸ਼ ਆਨੰਦ ਦੇ ਸ਼ਬਦਾਂ ਦਾ ਜਾਦੂ ਵੀ ਸਿਰ ਚੜ੍ਹ ਕੇ ਬੋਲਦਾ ਹੈ। ਇਸ ਗੀਤ ਵਿੱਚ ਸੰਤੋਸ਼ ਨੇ ਦੇਸ਼ ਲਈ ਕੁਰਬਾਨ ਹੋਣ ਦੀ ਭਾਵਨਾ ਦਾ ਬਦਲ ਬਣ ਚੁੱਕੇ ‘ਬਸੰਤੀ ਚੋਲੇ’ ਨੂੰ ਵੀ ਵਰਤਿਆ ਹੈ ਤੇ ਕੁਰਬਾਨੀਆਂ ਦੇ ਰਸਤੇ ਮਿਲਣ ਵਾਲੀ ਮੌਤ ਤੋਂ ਵੀ ਚੇਤੰਨ ਕੀਤਾ ਹੈ। ਇਸ ਗੀਤ ਨੂੰ ਲਕਸ਼ਮੀ-ਪਿਆਰੇ ਦੀ ਕਾਰੀਗਰੀ ਦੇ ਨਾਲ-ਨਾਲ ਮਨੋਜ ਕੁਮਾਰ ਦੇ ਫਿਲਮਾਂਕਣ ਨੇ ਵੀ ਚਾਰ ਚੰਨ ਲਾਏ ਹਨ ।
ਇਸੇ ਫਿਲਮ ਦਾ ਇੱਕ ਹੋਰ ਬੇਸ਼ਕੀਮਤੀ ਨਗੀਨਾ ‘ਚਨਾ ਜ਼ੋਰ ਗਰਮ’ (ਲਤਾ, ਮੁਹੰਮਦ ਰਫ਼ੀ, ਕਿਸ਼ੋਰ, ਨਿਤਿਨ ਮੁਕੇਸ਼) ਗੀਤ ਹੈ ਜੋ ਸੰਤੋਸ਼ ਆਨੰਦ ਦੀ ਕਲਮ ਦਾ ਕਮਾਲ ਹੈ ਜੋ ਫਿਲਮ ਦੀ ਕਹਾਣੀ ਨੂੰ ਹੀ ਨਹੀਂ ਬੁਣਦਾ ਸਗੋਂ ਦੇਸ਼-ਭਗਤੀ ਦੀ ਭਾਵਨਾ ਨੂੰ ਵੀ ਨਿੱਗਰ ਅਰਥ ਦਿੰਦਾ ਹੈ। ਇਸ ਗੀਤ ਵਿੱਚ ਵੀ ਲਕਸ਼ਮੀ-ਪਿਆਰੇ ਦੀ ਸੰਗੀਤਕ-ਕਲਾਕਾਰੀ ਤੇ ਮਨੋਜ ਕੁਮਾਰ ਦੀ ਨਿਰਦੇਸ਼ਨਾ ਦਾ ਕਮਾਲ ਦੇਖਣ ਨੂੰ ਮਿਲਦਾ ਹੈ। ਇਸ ਗੀਤ ਵਿੱਚ ਪਰਦੇ ’ਤੇ ਫਿਲਮ ਦੇ ਲਗਭਗ ਸਾਰੇ ਮੁੱਖ ਸਿਤਾਰੇ ਦਲੀਪ ਕੁਮਾਰ, ਮਨੋਜ ਕੁਮਾਰ, ਹੇਮਾ ਮਾਲਿਨੀ, ਸ਼ਤਰੂਘਨ ਸਿਨਹਾ ਆਦਿ ਮੌਜੂਦ ਹਨ। ਇਹ ਗੀਤ ‘ਅਪਨੀ ਧਰਤੀ ਅਪਨਾ ਹੈ ਗਗਨ, ਯੇ ਮੇਰਾ ਹੈ ਮੇਰਾ ਹੈ ਵਤਨ, ਇਸ ਪਰ ਜੋ ਆਂਖ ਉਠਾਏਗਾ, ਜ਼ਿੰਦਾ ਦਫ਼ਨਾਇਆ ਜਾਏਗਾ’ ਦੇ ਬੋਲਾਂ ਨਾਲ ਗੀਤ ਆਪਣੀ ਚਰਮ ’ਤੇ ਪਹੁੰਚਦਾ ਹੈ ਤੇ ਦਰਸ਼ਕਾਂ/ਸਰੋਤਿਆਂ ਦੇ ਰੋਮ-ਰੋਮ ਵਿੱਚ ਦੇਸ਼ਭਗਤੀ ਦਾ ਜਜ਼ਬਾ ਭਰ ਦਿੰਦਾ ਹੈ। ਇਸ ਗੀਤ ਨੂੰ ਜਦੋਂ ਵੀ ਸੁਣਿਆ ਹੈ ਤਾਂ ਇਹ ਦੇਸ਼-ਪ੍ਰੇਮ ਨਾਲ ਲਬਰੇਜ਼ ਕਰ ਦਿੰਦਾ ਹੈ।
ਇਸੇ ਸੰਗੀਤਕਾਰ ਜੋੜੀ ਨਾਲ ਸੰਤੋਸ਼ ਆਨੰਦ ਨੇ ਰਾਜ ਕਪੂਰ ਦੇ ਬੈਨਰ ਵਿੱਚ ‘ਪ੍ਰੇਮ ਰੋਗ’ (1982) ਦੇ ਗੀਤ ਲਿਖੇ। ਸੰਤੋਸ਼ ਆਨੰਦ ਦੇ ਅਨੁਸਾਰ ਰਾਜ ਕਪੂਰ ਉਸ ਲਈ ਕਾਫ਼ੀ ਸਮੇਂ ਤੋਂ ਕੋਸ਼ਿਸ਼ਾਂ ਕਰ ਰਿਹਾ ਸੀ, ਪਰ ਮਨੋਜ ਕੁਮਾਰ ਦੇ ਨਾਰਾਜ਼ ਹੋਣ ਦੇ ਡਰੋਂ ਉਹ ਝਿਜਕਦਾ ਰਿਹਾ ਸੀ। ਅਖੀਰ ਰਾਜ ਕਪੂਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਸੰਤੋਸ਼ ਆਨੰਦ ਨੇ ‘ਪ੍ਰੇਮ ਰੋਗ’ ਲਈ ਹਾਮੀ ਭਰ ਦਿੱਤੀ। ਇਸ ਦੇ ਗੀਤਾਂ ‘ਮੁਹੱਬਤ ਹੈ ਕਿਆ ਚੀਜ਼’ (ਲਤਾ, ਸੁਰੇਸ਼ ਵਾਡੇਕਰ), ‘ਯੇ ਗਲੀਆਂ ਯੇ ਚੌਬਾਰਾ’ (ਲਤਾ ਮੰਗੇਸ਼ਕਰ), ‘ਮੈਂ ਹੂੰ ਪ੍ਰੇਮ ਰੋਗੀ’ (ਸੁਰੇਸ਼ ਵਾਡੇਕਰ) ਆਦਿ ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ। ਸੰਤੋਸ਼ ਦੇ ਅਨੁਸਾਰ ਇਸ ਫਿਲਮ ਦਾ ਉਨ੍ਹਾਂ ਦਾ ਲਿਖਿਆ ‘ਯੇ ਪਿਆਰ ਥਾ ਯਾ ਕੁਛ ਔਰ ਥਾ’ (ਸੁਧਾ ਮਲਹੋਤਰਾ, ਅਨਵਰ) ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਸੀ ਤੇ ਉਨ੍ਹਾਂ ਨੇ ਇਹ ਗੀਤ ‘ਲਤਾ’ ਨੂੰ ਸੋਚ ਕੇ ਲਿਖਿਆ ਸੀ, ਪਰ ਇਸ ਨੂੰ ਸੁਧਾ ਤੋਂ ਗਵਾਇਆ ਗਿਆ ਤੇ ਇਹ ਗੀਤ ਮਸ਼ਹੂਰੀ ਦੀਆਂ ਉਨ੍ਹਾਂ ਮੰਜ਼ਿਲਾਂ ਤੱਕ ਨਹੀਂ ਪਹੁੰਚ ਸਕਿਆ, ਜਿਸ ਗੱਲ ਦਾ ਉਸ ਨੂੰ ਦੁੱਖ ਹੈ। ਇਸ ਫਿਲਮ ਦੇ ਗੀਤ ‘ਮੁਹੱਬਤ ਹੈ ਕਿਆ ਚੀਜ਼’ ਨੇ ਸੰਤੋਸ਼ ਦੀ ਝੋਲੀ ਉਨ੍ਹਾਂ ਦਾ ਦੂਜਾ ਤੇ ਆਖ਼ਰੀ ਫਿਲਮਫੇਅਰ ਪੁਰਸਕਾਰ ਪੁਆਇਆ ਹੈ।
ਸੰਤੋਸ਼ ਆਨੰਦ ਦੇ ਅਨੁਸਾਰ ਰਾਜ ਕਪੂਰ ਨੇ ‘ਯੇ ਗਲੀਆ ਯੇ ਚੌਬਾਰਾ’ ਲਈ ਉਸ ਨੂੰ ਤਿੰਨ ਤਰ੍ਹਾਂ ਦੀਆਂ ਸਥਿਤੀਆਂ ਦਿੱਤੀਆਂ ਸਨ, ਇੱਕ ਮਾਂ-ਧੀ ਦੇ ਰਿਸ਼ਤੇ ਲਈ, ਇੱਕ ਸਹੇਲੀਆਂ ਲਈ ਤੇ ਇੱਕ ਉਸ ਨਾਇਕ ਮੁੰਡੇ ਲਈ ਜੋ ਇਹ ਸਮਝ ਹੀ ਨਹੀਂ ਸਕਿਆ ਕਿ ਇਹ ਪਿਆਰ ਹੈ ਕਿ ਕੁਝ ਹੋਰ। ਮਾਂ-ਧੀ ਦੇ ਰਿਸ਼ਤੇ ਲਈ ਲਿਖੇ ਇਸ ਦੇ ਬੋਲ ਦੇਖੋ:
ਆ ਮਾਏ ਮਿਲ ਲੇ ਗਲੇ, ਚਲੇ ਹਮ ਸਸੁਰਾਲ ਚਲੇ
ਤੇਰੇ ਆਂਗਨ ਮੇਂ ਅਪਨਾ ਬਸ ਬਚਪਨ ਛੋੜ ਚਲੇ
ਕੱਲ ਭੀ ਸੂਰਜ ਨਿਕਲੇਗਾ, ਕੱਲ ਭੀ ਪੰਛੀ ਗਾਏਂਗੇ
ਸਭ ਤੁਝ ਕੋ ਦਿਖਾਈ ਦੇਂਗੇ, ਪਰ ਹਮ ਨਾ ਨਜ਼ਰ ਆਏਂਗੇ
ਅਜਿਹੇ ਦਿਲ ਨੂੰ ਛੂਹ ਲੈਣ ਵਾਲੇ ਬੋਲ ਕਿਸੇ ਵੀ ਜਜ਼ਬਾਤੀ ਇਨਸਾਨ ਦੀਆਂ ਅੱਖਾਂ ਨੂੰ ਨਮ ਕਰ ਦਿੰਦੇ ਹਨ। ਇਨ੍ਹਾਂ ਸਭ ਰਿਸ਼ਤਿਆਂ ਨੂੰ ਸੰਤੋਸ਼ ਨੇ ਬੜੀ ਖੂਬਸੂਰਤੀ ਵਿੱਚ ਗੀਤ ਵਿੱਚ ਪਿਰੋਇਆ ਹੈ। ਇਸ ਗੀਤ ਨੇ ਵੀ ਸਫਲਤਾ ਦੇ ਝੰਡੇ ਗੱਡੇ ਅਤੇ ਅੱਜ ਤੱਕ ਸੰਗੀਤ ਪ੍ਰੇਮੀਆਂ ਦੁਆਰਾ ਇਸ ਨੂੰ ਪਸੰਦ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੇਸਾਰੀ ਨਰਾਇਣ ਰਾਓ ਦੀ ਨਿਰਦੇਸ਼ਨਾ ‘ਪਿਆਸਾ ਸਾਵਨ’ (1981) ਵਿੱਚ ਇੱਕ ਵਾਰ ਫੇਰ ਲਕਸ਼ਮੀ-ਪਿਆਰੇ ਦੇ ਸੰਗੀਤ ਵਿੱਚ ਸੰਤੋਸ਼ ਆਨੰਦ ਦੀ ਕਲਮ ਦਾ ਜਾਦੂ ਚੱਲਿਆ ਜਿਸ ਵਿੱਚ ‘ਤੇਰਾ ਸਾਥ ਹੈ ਤੋ ਮੁਝੇ ਕਿਆ ਕਮੀ ਹੈ, ਅੰਧੇਰੋਂ ਸੇ ਵੀ ਮਿਲ ਰਹੀ ਰੌਸ਼ਨੀ ਹੈ’ (ਲਤਾ ਮੰਗੇਸ਼ਕਰ) ਤੇ ‘ਮੇਘਾ ਰੇ ਮੇਘਾ ਰੇ’ (ਲਤਾ, ਸੁਰੇਸ਼ ਵਾਡੇਕਰ) ਫਿਲਮ ਸੰਗੀਤ ਦੇ ਅਨਮੋਲ ਮੋਤੀ ਸਾਬਤ ਹੋਏ।
ਇਸੇ ਫਿਲਮ ਵਿੱਚ ਉਸ ਦੇ ਦੋ ਹੋਰ ਗੀਤ ‘ਇਨ ਹਸੀਂ ਵਾਦੀਓਂ ’(ਲਤਾ, ਸੁਰੇਸ਼ ਵਾਡੇਕਰ) ਤੇ ‘ਓ ਮੇਰੀ ਛਮਕ ਛੱਲੋ’ (ਕਿਸ਼ਰ, ਆਸ਼ਾ) ਵੀ ਸਨ। ‘ਤੇਰਾ ਸਾਥ ਹੈ ਤੋ ਮੁਝੇ ਕਿਆ ਕਮੀ ਹੈ’ ਗੀਤ ਵਿੱਚ ਸੰਤੋਸ਼ ਇੱਕ ਵਾਰ ਫੇਰ ਆਸ਼ਾਵਾਦ ਦੇ ਪਰਚਮ ਨੂੰ ਬੁਲੰਦ ਕਰਦਾ ਹੈ ਜਦੋਂ ਇੱਕ ਪਤਨੀ (ਮੌਸਮੀ ਚੈਟਰਜੀ) ਆਪਣੇ ਗ਼ਰੀਬ-ਮਜ਼ਬੂਰ ਪਤੀ (ਜਤਿੰਦਰ) ਦੇ ਸਾਥ ਨੂੰ ਹੀ ਸਭ ਕੁਝ ਸਮਝਦੀ ਹੈ ਤੇ ਉਸ ਨੂੰ ਹੌਸਲਾ ਦਿੰਦੀ ਹੈ। ਜੀਵਨ ਦੀਆਂ ਸਭ ਵੱਡੀਆਂ ਮਜਬੂਰੀਆਂ ਪਤੀ ਦੇ ਸਾਥ ਸਾਹਮਣੇ ਤੁੱਛ ਹੋ ਜਾਂਦੀਆਂ ਹਨ।
ਸੰਤੋਸ਼ ਆਨੰਦ ਦੇ ਨਾਮ ਵਾਲੀ ਮਨੋਜ ਕੁਮਾਰ, ਹੇਮਾ ਮਾਲਿਨੀ, ਰਾਖੀ, ਸ਼ਤਰੂਘਨ ਤੇ ਸਾਰਿਕਾ ਆਦਿ ਸਿਤਾਰਿਆਂ ਨੂੰ ਲੈ ਕੇ ਸੱਤਰਵਿਆਂ ਵਿੱਚ ਬਣਨੀ ਸ਼ੁਰੂ ਹੋਈ ਫਿਲਮ ‘ਸੰਤੋਸ਼’ ਲੇਟ ਹੁੰਦੀ-ਹੁੰਦੀ ਆਖਰ 1989 ਵਿੱਚ ਰਿਲੀਜ਼ ਹੋਈ। ਇਸ ਫਿਲਮ ਦੇ ਸੰਗੀਤਕਾਰ ਸਨ ਲਕਸ਼ਮੀਕਾਂਤ-ਪਿਆਰੇਲਾਲ ਤੇ ਗੀਤਕਾਰ ਸੰਤੋਸ਼ ਹੀ ਸੀ। ਫਿਲਮ ਤਾਂ ਓਨੀ ਨਹੀਂ ਚੱਲੀ, ਪਰ ਇਸ ਦੇ ਗੀਤਾਂ ਨੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਬਹੁਤ ਸੰਤੋਸ਼ ਪਹੁੰਚਾਇਆ। ਇਸ ਦਾ ‘ਯੂੰ ਲਗਨੇ ਲਗੀ ਆਜਕੱਲ੍ਹ ਜ਼ਿੰਦਗਾਨੀ’ (ਲਤਾ, ਨਿਤਿਨ ਮੁਕੇਸ਼) ਬੜਾ ਹੀ ਪਿਆਰਾ ਤੇ ਸੁਰੀਲਾ ਗੀਤ ਹੋ ਨਿੱਬੜਿਆ ਹੈ। ਇਸ ਗੀਤ ਵਿੱਚ ‘ਸ਼ੋਰ’ ਤੇ ‘ਕ੍ਰਾਂਤੀ’ ਦੇ ਗੀਤਾਂ ਵਾਲਾ ਆਨੰਦ ਹੈ। ਲਤਾ ਮੰਗੇਸ਼ਕਰ ਦਾ ਗਾਇਆ ‘ਅਰੇ ਲੋਗੋ ਤੁਮਹੇ ਕਿਆ ਹੈ’ ਬੜੇ ਹੀ ਅਨੋਖੇ ਰੰਗ ਦਾ ਬੜਾ ਮਸ਼ਹੂਰ ਗੀਤ ਹੋਇਆ ਹੈ। ਇਸੇ ਤਰ੍ਹਾਂ ਮਹਿੰਦਰ ਕਪੂਰ ਦਾ ਗਾਇਆ, ‘ਆਜ ਮੈਂ ਬੇਚੈਨ ਹੂੰ’ ਜਿੱਥੇ ਨੌਜਵਾਨਾਂ ਦੀ ਬੇਚੈਨੀ ਨੂੰ ਪ੍ਰਗਟ ਕਰਦਾ ਹੋਇਆ ਸਮੇਂ ਦੀ ਹਾਲਾਤ-ਬਿਆਨੀ ਕਰਦਾ ਹੈ, ਉੱਥੇ ਹੀ ਸੰਤੋਸ਼ ਆਨੰਦ ਦੇ ਜੀਵਨ ਦਰਸ਼ਨ ਅਨੁਸਾਰ ਆਸ ਦਾ ਪੱਲਾ ਵੀ ਨਹੀਂ ਛੱਡਦਾ ਤੇ ਸਿਆਸਤ ’ਤੇ ਤਨਜ਼ ਵੀ ਕਸਦਾ ਹੈ, ਨਮੂਨਾ ਦੇਖੋ ‘ਚਲ ਰਹਾ ਹੈ ਕਾਰਵਾਂ, ਚਲ ਰਹਾ ਹੈ ਨੌਜਵਾਂ, ਸੋ ਰਹੇਂ ਹੈਂ ਰਹਿਨੁਮਾ’। ਇਸੇ ਫਿਲਮ ਦੇ ਇੱਕ ਹੋਰ ਗੀਤ ਵਿੱਚ ਸ਼ਬਦਾਂ ਦਾ ਜਾਦੂ ਤੇ ਜਜ਼ਬਾਤਾਂ ਦੀ ਹਾਲਾਤ-ਬਿਆਨੀ ਦੇਖੋ ‘ਕਹਿਕਹੋ ਕੇ ਲੀਏ ਹਮ ਤੋਂ ਮਸ਼ਹੂਰ ਥੇ, ਦੇਖਤੇ ਗਮਜ਼ਦਾ ਹੋ ਗਏ, ਬਾਤ ਕੁਛ ਵੀ ਨਹੀਂ, ਬਾਤ ਹੈ ਵੀ ਬਹੁਤ, ਤੁਮ ਜੁਦਾ ਹੋ ਗਏ, ਹਮ ਜੁਦਾ ਹੋ ਗਏ’ (ਮਹਿੰਦਰ ਕਪੂਰ) ਵੀ ਬਹੁਤ ਖੂਬਸੂਰਤ ਗੀਤ ਹੈ।
ਮਹੇਸ਼ ਭੱਟ ਨਿਰਦੇਸ਼ਤ ‘ਜਾਨੂੰਨ’ (1992) ਵਿੱਚ ਨਦੀਮ-ਸ਼੍ਰਵਣ ਦੇ ਸੰਗੀਤ ਵਿੱਚ ਸੰਤੋਸ਼ ਆਨੰਦ ਦਾ ਲਿਖਿਆ ‘ਜੋ ਪਿਆਰ ਕਰ ਗਏ, ਵੋ ਲੋਗ ਔਰ ਥੇ’ ਗੀਤ ਸ਼ਾਮਲ ਸੀ ਜੋ ਉਸ ਦੀ ਸ਼ਾਇਰੀ ਦਾ ਬਾਕਮਾਲ ਨਮੂਨਾ ਸੀ, ਦੇਖੋ- ‘ਮਰਤੇ ਰਹੇਂਗੇ ਹਮ ਪੇ ਵੋ ਜੀਨੇ ਕੀ ਚਾਹ ਮੇਂ ਕਹਿ ਕਰ ਮੁਕਰ ਗਏ, ਵੋ ਲੋਗ ਔਰ ਥੇ’, ਇਸ ਗੀਤ ਨੂੰ ਅਲੱਗ-ਅਲੱਗ ਅਨੁਰਾਧਾ ਪੌਡਵਾਲ ਤੇ ਕੁਮਾਰ ਸ਼ਾਨੂ ਨੇ ਗਾਇਆ ਸੀ। ਇਸ ਫਿਲਮ ਵਿੱਚ ਸੰਤੋਸ਼ ਆਨੰਦ ਦਾ ਇਹ ਇਕਲੌਤਾ ਗੀਤ ਸੀ ਜੋ ਖੂਬ ਸੁਣਿਆ ਤੇ ਸਰਾਹਿਆ ਗਿਆ।
ਦੂਸਰੇ ਸੰਗੀਤਕਾਰਾਂ ’ਚੋਂ ਸੰਤੋਸ਼ ਆਨੰਦ ਨੇ ਊਸ਼ਾ ਖੰਨਾ ਨਾਲ ‘ਗੋਪੀ ਚੰਦ ਜਾਸੂਸ’ (1982) ਤੇ ਅਨੂ ਮਲਿਕ ਨਾਲ 1991 ਵਿੱਚ ਆਈ ‘ਨਾਗਮਨੀ’ (‘ਦਿਲ ਜੋ ਹਮਾਰਾ ਆਹੇਂ ਨਾ ਭਰਤਾ’ (ਅਨੁਰਾਧਾ, ਸੁਰੇਸ਼ ਵਾਡੇਕਰ) ‘ਜ਼ਿੰਦਗੀ ਮੇਂ ਜੀਤੇ-ਜੀਤੇ ਮਰਨਾ ਜ਼ਰੂਰ ਥਾ’ (ਅਨੁਰਾਧਾ, ਕੁਮਾਰ ਸ਼ਾਨੂ), ‘ਆਸ਼ਕੋਂ ਕਾ ਨਾਮ ਔਰ ਊਂਚਾ ਹਮ ਕਰ ਜਾਏਂਗੇ’ (ਅਨੁਰਾਧਾ, ਵਿਪਨ ਸਚਦੇਵਾ) ਤੇ 1992 ਵਿੱਚ ਆਈ ਅਨਿਲ ਸ਼ਰਮਾ ਦੀ ਫਿਲਮ ‘ਤਹਿਲਕਾ’ ਕੀਤੀਆਂ। ‘ਤਹਿਲਕਾ’ ਦਾ ਗੀਤ ‘ਦਿਲ ਦੀਵਾਨੇ ਕਾ ਡੋਲਾ’ (ਅਨੁਰਾਧਾ, ਕੁਮਾਰ ਸ਼ਾਨੂ, ਬਾਬਲਾ ਮਹਿਤਾ) ਵੀ ਬਹੁਤ ਕਾਮਯਾਬ ਹੋਇਆ ਸੀ, ਜਿਸ ਨੂੰ ਸੰਗੀਤ ਵਿੱਚ ਪਰੋਇਆ ਸੀ ਅਨੂ ਮਲਿਕ ਨੇ। ਖ਼ਾਸ ਗੱਲ ਇਹ ਕਿ ਇਸ ਗੀਤ ਵਿੱਚ ਧਰਮਿੰਦਰ ’ਤੇ ਫਿਲਮਾਈਆਂ ਗਈਆਂ ਸਤਰਾਂ:
ਜੋ ਬੀਤ ਗਿਆ ਹੈ ਵੋ ਅਬ ਦੌਰ ਨਾ ਆਏਗਾ
ਇਸ ਦਿਲ ਮੇਂ ਸਿਵਾ ਤੇਰੇ ਕੋਈ ਔਰ ਨਾ ਆਏਗਾ ਤੂ ਸਾਥ ਨਾ ਦੇ ਮੇਰਾ ਚਲਨਾ ਮੁਝੇ ਆਤਾ ਹੈ ਹਰ ਆਗ ਸੇ ਵਾਕਿਫ਼ ਹੂੰ ਜਲਨਾ ਮੁਝੇ ਆਤਾ ਹੈ
ਜਦੋਂ ਟੀ-ਸੀਰੀਜ਼ ਦੀ ਸੰਗੀਤ ਦੇ ਮਾਮਲੇ ਵਿੱਚ ਤੂਤੀ ਬੋਲਦੀ ਸੀ ਤਾਂ ਗੁਲਸ਼ਨ ਕੁਮਾਰ ਨੇ ਆਪਣੀ ਫਿਲਮ ਲਈ ਆਨੰਦ-ਮਿਲੰਦ ਦੇ ਸੰਗੀਤ ਨਾਲ ਸ਼ਿੰਗਾਰੀ ਫਿਲਮ ‘ਸੰਗੀਤ’ (1992) ਪੇਸ਼ ਕੀਤੀ ਜਿਸ ਦੇ ਸਾਰੇ ਗੀਤ ਸੰਤੋਸ਼ ਆਨੰਦ ਦੀ ਕਲਮ ਦਾ ਕਮਾਲ ਸਨ। ਇਸ ਫਿਲਮ ਦੇ ਸਾਰੇ ਗੀਤ ਸੰਗੀਤ ਪ੍ਰੇਮੀਆਂ ਦੁਆਰਾ ਸਰਾਹੇ ਗਏ ਜਿਨ੍ਹਾਂ ਵਿੱਚੋਂ ਕੁਝ-ਕੁ ਬਤੌਰ ਨਮੂਨਾ ਪੇਸ਼ ਹਨ ਜਿਵੇਂ- ‘ਓ ਰੱਬਾ ਕੋਈ ਤੋ ਬਤਾਏ’ (ਅਨੁਰਾਧਾ, ਸੁਰੇਸ਼ ਵਾਡੇਕਰ), ‘ਮੈਂ ਤੁਮਹਾਰੀ ਹੂੰ’ (ਅਨੁਰਾਧਾ) ‘ਆਪ ਚਾਹੇਂ ਤੋਂ ਹਮਕੋ’ (ਅਨੁਰਾਧਾ), ‘ਸੁਨ ਓ ਹਸੀਨਾ’ (ਜੌਲੀ ਮੁਖਰਜੀ), ‘ਹੋ ਰਾਮਾ ਹਾਏ ਰੇ’ (ਅਨੁਰਾਧਾ, ਸੁਰੇਸ਼ ਵਾਡੇਕਰ), ‘ਜੋ ਗੀਤ ਨਹੀਂ ਜਨਮਾ’ (ਅਨੁਰਾਧਾ, ਪੰਕਜ ਉਦਾਸ) ਆਦਿ। ਇਸ ਫਿਲਮ ਦੇ ਗੀਤ ਧੱਕੇ ਨਾਲ ਫਿਲਮ ਵਿੱਚ ਜੋੜੇ ਨਹੀਂ ਗਏ ਸਗੋਂ ਉਹ ਫਿਲਮ ਦੀ ਕਹਾਣੀ ਦੇ ਨਾਲ ਹੀ ਇਕਮਿਕ ਹੋ ਗਏ ਹਨ।
ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇਲਾਲ ਨਾਲ ਸੰਤੋਸ਼ ਆਨੰਦ ਨੇ ਸਭ ਤੋਂ ਵੱਧ ਫਿਲਮਾਂ ਕੀਤੀਆਂ। ਸੰਤੋਸ਼ ਆਨੰਦ ਦੇ ਆਪਣੇ ਸ਼ਬਦਾਂ ਅਨੁਸਾਰ ਇਨ੍ਹਾਂ ਨਾਲ ਉਸ ਦੇ ਬਹੁਤ ਜ਼ਿਆਦਾ ਵਧੀਆ ਸਬੰਧ ਰਹੇ ਬਿਲਕੁਲ ਪਰਿਵਾਰ ਦੇ ਮੈਂਬਰਾਂ ਵਾਂਗ। ਉਨ੍ਹਾਂ ਨਾਲ ਉਸ ਨੇ ‘ਮੇਰਾ ਜਵਾਬ’ (1985), ‘ਪੱਥਰ ਸੇ ਟੱਕਰ’ (1980), ‘ਜ਼ਖਮੀ ਸ਼ੇਰ’ (1984), ‘ਪੱਥਰ ਦਿਲ’ (1985), ‘ਲਵ86’ (1986), ‘ਮਜ਼ਲੂਮ’ (1986), ‘ਨਾਗ ਨਾਗਿਨ’ (1989), ‘ਦੋ ਮਤਵਾਲੇ’ (1991), ‘ਰਣਭੂਮੀ’ (1991), ‘ਤਿਰੰਗਾ’ (1993), ‘ਪ੍ਰੇਮ ਅਗਨ’ (1998) ਆਦਿ ਕੀਤੀਆਂ। 1989 ਵਿੱਚ ਇਨ੍ਹਾਂ ਦੀ ਜੁਗਲਬੰਦੀ ਨੇ ਰਿਸ਼ੀ ਕਪੂਰ ਤੇ ਮੀਨਾਕਸ਼ੀ ਸ਼ੇਸ਼ਾਧਰੀ ਲਈ ਫਿਲਮ ‘ਬੜੇ ਘਰ ਕੀ ਬੇਟੀ’ ਲਈ ‘ਤੇਰੀ ਪਾਇਲ ਬਜੀ ਜਹਾਂ ਮੈਂ ਪਾਗਲ ਹੂਆ ਵਹਾਂ (ਅਨੁਰਾਧਾ ਪੌਡਵਾਲ, ਮੁਹੰਮਦ ਅਜ਼ੀਜ਼) ਤੇ ਵਿਨੋਦ ਖੰਨਾ ਦੀ ‘ਸੂਰਿਆ’ ਲਈ ‘ਮੈਨੇ ਤੁਝਸੇ ਪਿਆਰ ਕੀਆ ਹੈ (ਅਨੁਰਾਧਾ ਪੌਡਵਾਲ, ਮੁਹੰਮਦ ਅਜ਼ੀਜ਼)’, ‘ਪਿਆਰ ਕਾਹੇ ਬਨਾਇਆ ਰਾਮ ਨੇ (ਅਲਕਾ ਯਾਗਨਿਕ), ‘ਆ ਭਗਵਾਨ ਕੇ ਘਰ ਆ (ਮੁਹੰਮਦ ਅਜ਼ੀਜ਼) ਆਦਿ ਬੜੇ ਮਸ਼ਹੂਰ ਗੀਤ ਦਿੱਤੇ। ਉਪਰੋਕਤ ਫਿਲਮਾਂ ਵਿੱਚ ਸੰਤੋਸ਼ ਆਨੰਦ ਨੇ ਜ਼ਿਆਦਾਤਰ ਕਈ ਦੂਸਰੇ ਗੀਤਕਾਰਾਂ ਨਾਲ ਫਿਲਮਾਂ ਦੇ ਦੋ-ਦੋ, ਤਿੰਨ-ਤਿੰਨ ਗੀਤ ਲਿਖੇ ਸਨ, ਕੁਝ-ਕੁ ‘ਕ੍ਰਾਂਤੀ’ ਵਰਗੀਆਂ ਫਿਲਮਾਂ ਨੂੰ ਛੱਡ ਕੇ ਇਸ ਵਿੱਚ ਵੀ ਇੱਕ-ਦੋ ਗੀਤਾਂ ਦੇ ਬੋਲ ਮਨੋਜ ਕੁਮਾਰ ਨੇ ਖੁਦ ਲਿਖੇ ਸਨ।
ਸੰਤੋਸ਼ ਨੇ ਲਗਭਗ 26 ਕੁ ਸਾਲਾ ਵਿੱਚ ਫਿਲਮਾਂ ਲਈ 109 ਕੁ ਦੇ ਕਰੀਬ ਗੀਤ ਲਿਖੇ ਹਨ। ਦਿੱਲੀ ਵਿਖੇ ਲਾਇਬ੍ਰੇਰੀਅਨ ਰਹੇ ਸੰਤੋਸ਼ ਆਨੰਦ ਦੇ ਪਿਤਾ ਵੀ ਸ਼ਾਇਰ ਸਨ। ਸੰਤੋਸ਼ ਆਨੰਦ ਦੇ ਬੇਟੇ ਸੰਕਲਪ ਆਨੰਦ ਤੇ ਨੂੰਹ ਨੇ 2014 ਵਿੱਚ ਰੇਲ ਅੱਗੇ ਆ ਕੇ ਖੁਦਕਸ਼ੀ ਕਰ ਲਈ ਸੀ। ਵਕਤ ਦੀ ਮਾਰ ਨੇ ਉਸ ਨੂੰ ਝੰਬ ਸੁੱਟਿਆ, ਕੁਦਰਤ ਨੇ ਆਪਣੇ ਕਹਿਰ ਬਰਸਾਏ, ਸਰੀਰ ਦਾ ਇੱਕ ਹਿੱਸਾ ਪੂਰਾ ਕੰਮ ਨਹੀਂ ਕਰਦਾ। ਵੀਲ੍ਹ ਚੇਅਰ ਤੇ ਸੋਟੀ ਦੇ ਸਹਾਰੇ ਆਪਣੀ ਪੋਤੀ ਦੇ ਆਸਰੇ ਜੀਵਨ ਬਸਰ ਕਰਦਾ ਸੰਤੋਸ਼ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਹੁਣ ਵੀ ਬਿਰਧ ਅਵਸਥਾ ਦੇ ਨਾਲ ਸਰੀਰ ਦੀ ਨਾਜ਼ੁਕ ਹਾਲਤ ਦੇ ਬਾਵਜੂਦ ਸੰਤੋਸ਼ ਦੀ ਕਲਮ ਦਾ ਜਾਦੂ ਖੂਬ ਚੱਲਦਾ ਹੈ। ਉਸ ਨੇ ਦੁਬਈ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਮੁਸ਼ਾਰਿਆਂ ਵਿੱਚ ਭਾਗ ਲਿਆ ਹੈ ਤੇ ਆਪਣੇ ਫ਼ਨ ਦੀ ਜੈ-ਜੈ ਕਾਰ ਕਰਵਾਈ ਹੈ। ਆਪਣੀ ਰਚਨਾ ਦੇ ਦਮ ’ਤੇ ਉਸ ਨੇ ਸਰੋਤਿਆਂ ਤੋਂ ਭਰਪੂਰ ਦਾਦ ਵਸੂਲੀ। ਉਹ ਦਾਦ ਲੈਣੀ ਹੀ ਨਹੀਂ ਜਾਣਦਾ ਸਗੋਂ ਆਪਣੀ ਬਿਮਾਰੀ ਤੇ ਬਿਰਧ ਅਵਸਥਾ ਦੇ ਬਾਵਜੂਦ ਵੀਲ੍ਹ-ਚੇਅਰ ਤੋਂ ਖੜ੍ਹੇ ਹੋ ਕੇ ਦਰਸ਼ਕਾਂ ਦਾ ਸ਼ੁਕਰੀਆ ਵੀ ਅਦਾ ਕਰਦਾ ਹੈ। ਇਸ ਉਮਰ ਵਿੱਚ ਵੀ ਉਹ ਆਪਣੀ ਰਚਨਾ ਦੀ ਪੇਸ਼ਕਰੀ ਮੌਕੇ ਜੋਸ਼ ਨਾਲ ਭਰ ਜਾਂਦਾ ਹੈ ਤੇ ਗੜਕਵੀਂ ਆਵਾਜ਼ ਵਿੱਚ ਆਪਣਾ ਕਲਾਮ ਪੇਸ਼ ਕਰਦਾ ਹੈ।
ਸੰਪਰਕ: 94634-44678

Advertisement

Advertisement
Tags :
Author Image

joginder kumar

View all posts

Advertisement
Advertisement
×