ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੈਂਟਾ ਦੀ ਪੁਸ਼ਾਕ

07:17 AM Dec 21, 2024 IST

ਹਰਿੰਦਰ ਸਿੰਘ ਗੋਗਨਾ

Advertisement

ਹੈਰੀ ਸਕੂਲ ਤੋਂ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਦੇਖਿਆ ਕਿ ਕਈ ਦੁਕਾਨਾਂ ਦੇ ਬਾਹਰ ਸੈਂਟਾ ਕਲਾਜ਼ ਦੀਆਂ ਪੁਸ਼ਾਕਾਂ ਟੰਗੀਆਂ ਹੋਈਆਂ ਸਨ। ਹੈਰੀ ਨੂੰ ਯਾਦ ਆਇਆ ਕਿ ਤਿੰਨ ਦਿਨਾਂ ਬਾਅਦ ਕ੍ਰਿਸਮਸ ਦਾ ਤਿਉਹਾਰ ਹੈ। ਉਸ ਨੇ ਘਰ ਆ ਕੇ ਆਪਣੇ ਪਾਪਾ ਨੂੰ ਕ੍ਰਿਸਮਸ ਦੇ ਦਿਨ ਸੈਂਟਾ ਵਾਲਾ ਪਹਿਰਾਵਾ ਦਿਵਾਉਣ ਦੀ ਜ਼ਿੱਦ ਕੀਤੀ।
ਉਸ ਦੇ ਪਾਪਾ ਨੇ ਉਸ ਦਾ ਦਿਲ ਰੱਖਣ ਲਈ ਆਖ ਦਿੱਤਾ ਕਿ ਉਹ ਕ੍ਰਿਸਮਸ ਵਾਲੇ ਦਿਨ ਉਸ ਨੂੰ ਸੈਂਟਾ ਦੀ ਪੁਸ਼ਾਕ ਲੈ ਦੇਣਗੇ। ਉਸ ਦੇ ਪਾਪਾ ਨੇ ਸੋਚਿਆ ਕਿ ਹੈਰੀ ਇੱਕ ਵਾਰ ਜ਼ਿੱਦ ਕਰ ਲਵੇ ਤਾਂ ਫਿਰ ਪੁਗਾ ਕੇ ਹੀ ਰਹਿੰਦਾ ਹੈ। ਹਾਲ ਦੀ ਘੜੀ ਉਸ ਨੂੰ ਟਾਲ ਦਿੰਦੇ ਹਾਂ, ਫਿਰ ਮੌਕੇ ’ਤੇ ਵੇਖਿਆ ਜਾਵੇਗਾ। ਹੈਰੀ ਦੇ ਪਾਪਾ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੀ ਇੰਨੀ ਤਨਖਾਹ ਨਹੀਂ ਸੀ ਕਿ ਹੈਰੀ ਦੀ ਪੜ੍ਹਾਈ ਤੋਂ ਇਲਾਵਾ ਉਸ ਦੇ ਦੂਜੇ ਖ਼ਰਚੇ ਵੀ ਚੁੱਕ ਸਕਦੇ। ਫਿਰ ਇਸ ਮਹੀਨੇ ਫੈਕਟਰੀ ਵਿੱਚ ਹੜਤਾਲ ਦੇ ਚੱਲਦਿਆਂ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਸੀ ਮਿਲੀ।
ਕ੍ਰਿਸਮਸ ਦੇ ਦਿਨ ਹੈਰੀ ਆਪਣੇ ਦੋਸਤਾਂ ਨਾਲ ਕ੍ਰਿਸਮਸ ਰੁੱਖ ਸਜਾ ਰਿਹਾ ਸੀ। ਉਸ ਦੇ ਪਾਪਾ ਨੇ ਸੋਚਿਆ ਕਿ ਚਲੋ ਹੈਰੀ ਸੈਂਟਾ ਵਾਲੀ ਪੁਸ਼ਾਕ ਲੈਣਾ ਭੁੱਲ ਗਿਆ ਹੈ। ਇਹੋ ਤਾਂ ਉਹ ਚਾਹੁੰਦੇ ਸਨ, ਪਰ ਇਹ ਕੀ ਜਿਵੇਂ ਹੀ ਹੈਰੀ ਥੋੜ੍ਹਾ ਵਿਹਲਾ ਹੋਇਆ ਤਾਂ ਉਸ ਨੇ ਆਪਣੇ ਪਾਪਾ ਨੂੰ ਝੱਟ ਆਖਿਆ, ‘‘ਪਾਪਾ, ਸੈਂਟਾ ਦੀ ਪੁਸ਼ਾਕ...ਯਾਦ ਐ ਨਾ...?’’
‘‘ਹਾਂ, ਹਾਂ! ਯਾਦ ਐ...ਤੂੰ ਤਿਆਰ ਹੋ ਜਾ, ਆਪਾਂ ਬਾਜ਼ਾਰ ਚੱਲਦੇ ਹਾਂ।’’ ਕਹਿ ਕੇ ਉਸ ਦੇ ਪਾਪਾ ਅਣਮੰਨੇ ਜਿਹੇ ਮਨ ਨਾਲ ਕਮਰੇ ਅੰਦਰ ਚਲੇ ਗਏ ਤੇ ਆਪਣੀ ਜੇਬ ਵਿੱਚੋਂ ਪੈਸੇ ਕੱਢ ਕੇ ਗਿਣਨ ਲੱਗੇ, ਪਰ ਪੈਸੇ ਕਾਫ਼ੀ ਘੱਟ ਸਨ। ਉਹ ਜਾਣਦੇ ਸਨ ਕਿ ਇੰਨੇ ਪੈਸਿਆਂ ਵਿੱਚ ਤਾਂ ਇਸ ਮਹਿੰਗਾਈ ਦੇ ਯੁੱਗ ਵਿੱਚ ਪੁਸ਼ਾਕ ਨਹੀਂ ਸੀ ਮਿਲਣੀ। ਹੈਰੀ ਦੇ ਪਾਪਾ ਨੇ ਹੈਰੀ ਵੱਲ ਦੇਖਿਆ ਤਾਂ ਉਹ ਚਾਈਂ ਚਾਈਂ ਤਿਆਰ ਹੋ ਚੁੱਕਾ ਸੀ। ਫਿਰ ਉਹ ਪਾਪਾ ਨੂੰ ਕਹਿਣ ਲੱਗਾ, ‘‘ਚਲੋ ਚੱਲੀਏ, ਸੈਂਟਾ ਬਣ ਕੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਵਿਖਾਵਾਂਗਾ ਤੇ ਫਿਰ ਉਨ੍ਹਾਂ ਨਾਲ ਖ਼ੂਬ ਮਸਤੀ ਕਰਾਂਗਾ। ਦਾੜ੍ਹੀ ਮੁੱਛ ਵਿੱਚ ਉਹ ਮੈਨੂੰ ਪਛਾਣ ਹੀ ਨਾ ਸਕਣਗੇ, ਕਿਉਂ ਪਾਪਾ...?’’
‘‘ਬਿਲਕੁਲ...।’’ ਉਸ ਦੇ ਪਾਪਾ ਨੇ ਕਿਹਾ ਤੇ ਫਿਰ ਦੋਵੇਂ ਬਾਜ਼ਾਰ ਚਲੇ ਗਏ।
ਬਾਜ਼ਾਰ ਵਿੱਚੋਂ ਗੁਜ਼ਰਦਿਆਂ ਹੈਰੀ ਵਾਰ ਵਾਰ ਆਪਣੇ ਪਾਪਾ ਵੱਲ ਵੇਖਦਾ ਅਤੇ ਕੋਈ ਨਾ ਕੋਈ ਸਵਾਲ ਕਰਦਾ, ‘‘ਪਾਪਾ ਤੁਸੀਂ ਕਦੇ ਸੈਂਟਾ ਬਣੇ ਹੋ...? ਪਾਪਾ ਇਹ ਕ੍ਰਿਸਮਸ ਰੁੱਖ ਕਿਉਂ ਸਜਾਇਆ ਜਾਂਦਾ ਹੈ? ਪਾਪਾ ਆਪਾਂ ਮੰਮੀ ਲਈ ਵੀ ਕੋਈ ਤੋਹਫ਼ਾ ਲਈਏ...?’’
ਉਸ ਦੇ ਪਾਪਾ ਚੁੱਪ ਸਨ। ਉਹ ਸੋਚ ਰਹੇ ਸਨ ਕਿ ਹੈਰੀ ਜਦੋਂ ਸੈਂਟਾ ਵਾਲੀ ਪੁਸ਼ਾਕ ਲਵੇਗਾ ਤੇ ਦੁਕਾਨਦਾਰ ਨੇ ਘੱਟ ਪੈਸਿਆਂ ਵਿੱਚ ਪੁਸ਼ਾਕ ਨਾ ਦਿੱਤੀ ਤਾਂ..? ਕੀ ਦੁਕਾਨਦਾਰ ਉਨ੍ਹਾਂ ਨੂੰ ਉਧਾਰ ਦੇਵੇਗਾ? ਇਸ ਨਾਲ ਹੈਰੀ ਦਾ ਮਨ ਉਦਾਸ ਹੋ ਜਾਵੇਗਾ। ਸੋਚੇਗਾ ਉਸ ਦੇ ਪਾਪਾ ਅੱਜ ਦੇ ਦਿਨ ਉਸ ਦੀ ਨਿੱਕੀ ਜਿਹੀ ਇੱਛਾ ਵੀ ਪੂਰੀ ਨਹੀਂ ਕਰ ਸਕੇ। ਇਸੇ ਉਧੇੜ-ਬੁਣ ਵਿੱਚ ਅਚਾਨਕ ਉਨ੍ਹਾਂ ਨੂੰ ਹੈਰੀ ਨੇ ਬਾਂਹ ਤੋਂ ਹਿਲਾਇਆ ਤੇ ਆਖਿਆ, ‘‘ਪਾਪਾ ਕਿੱਧਰ ਗੁਆਚ ਗਏ...ਦੁਕਾਨ ਆ ਗਈ...ਵੇਖੋ ਕਿੰਨੀ ਸੋਹਣੀ ਪੁਸ਼ਾਕ ਐ ਸੈਂਟਾ ਦੀ...ਆਹਾ ਮੈਂ ਤਾਂ ਇਹੋ ਲਵਾਂਗਾ।’’
ਉਸ ਦੇ ਪਾਪਾ ਨੇ ਦੁਕਾਨਦਾਰ ਤੋਂ ਪੁਸ਼ਾਕ ਦੀ ਕੀਮਤ ਪੁੱਛੀ ਤਾਂ ਸੁਣ ਕੇ ਸਿਰ ਝੁਕਾ ਲਿਆ। ਫਿਰ ਝੁਕੇ ਸਿਰ ਨਾਲ ਆਪਣੀ ਜੇਬ ਵੱਲ ਨਜ਼ਰ ਮਾਰੀ ਜਿਸ ਵਿੱਚ ਪੁਸ਼ਾਕ ਦੇ ਪੂਰੇ ਪੈਸੇ ਨਹੀਂ ਸਨ।
ਦੁਕਾਨਦਾਰ ਨੇ ਹੈਰੀ ਨੂੰ ਪੁਸ਼ਾਕ ਪਹਿਨਾ ਕੇ ਵੇਖੀ ਤਾਂ ਉਹ ਉਸ ਦੇ ਨਾਪ ਦੀ ਸੀ। ਹੈਰੀ ਉਸ ਵਿੱਚ ਬੜਾ ਜਚ ਰਿਹਾ ਸੀ। ਉਸ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਸੀ, ਪਰ ਉਸ ਦੇ ਪਾਪਾ ਦੇ ਚਿਹਰੇ ’ਤੇ ਖ਼ੁਸ਼ੀ ਨਹੀਂ ਸੀ। ਉਸ ਦੇ ਪਾਪਾ ਦੁਕਾਨਦਾਰ ਨਾਲ ਅੱਖਾਂ ਨਹੀਂ ਸੀ ਮਿਲਾ ਪਾ ਰਹੇ। ਉਹ ਹੁਣ ਦੁਕਾਨਦਾਰ ਨੂੰ ਕਿਵੇਂ ਆਖਣ ਕਿ ਬਾਕੀ ਦੇ ਪੈਸੇ ਫਿਰ ਲੈ ਲਵੇ? ਉਹ ਦੁਕਾਨਦਾਰ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਸੀ।
ਫਿਰ ਵੀ ਉਸ ਨੇ ਝਿਜਕਦੇ ਹੋਏ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਤੇ ਦੁਕਾਨਦਾਰ ਨੂੰ ਦੱਬੀ ਜਿਹੀ ਆਵਾਜ਼ ਵਿੱਚ ਕਿਹਾ, ‘‘ਮੇਰੇ ਕੋਲ ਐਨੇ ਹੀ ਪੈਸੇ ਨੇ, ਜੇਕਰ ਤੁਹਾਨੂੰ ਠੀਕ ਲੱਗਦਾ ਹੈ ਤਾਂ ਪੁਸ਼ਾਕ ਦੇ ਦਿਓ।’’
‘‘ਨਹੀਂ ਇਹ ਤਾਂ ਬਹੁਤ ਹੀ ਜ਼ਿਆਦਾ ਘੱਟ ਨੇ, ਮੈਂ ਥੋੜ੍ਹੇ ਬਹੁਤ ਹੀ ਘੱਟ ਕਰ ਸਕਦਾ ਹਾਂ। ਤੁਸੀਂ ਕਿਸੇ ਹੋਰ ਦੁਕਾਨ ’ਤੇ ਚਲੇ ਜਾਓ।’’ ਦੁਕਾਨਦਾਰ ਨੇ ਦੋ ਟੁਕ ਕਿਹਾ,
ਪਰ ਹੈਰੀ ਤਾਂ ਪੁਸ਼ਾਕ ਲਾਹੁਣ ਲਈ ਤਿਆਰ ਨਹੀਂ ਸੀ। ਉਸ ਨੂੰ ਤਾਂ ਹਰ ਹਾਲ ਵਿੱਚ ਪੁਸ਼ਾਕ ਚਾਹੀਦੀ ਸੀ। ਉਹ ਰੋਣ ਲੱਗ ਪਿਆ। ਉਸ ਦੇ ਪਾਪਾ ਇਸੇ ਸ਼ਸ਼ੋਪੰਜ ਵਿੱਚ ਸੀ ਕਿ ਹੁਣ ਉਹ ਕੀ ਕਰਨ? ਤਦੇ ਦੁਕਾਨਦਾਰ ਦਾ ਬੇਟਾ ਲਾਰੈਂਸ ਅੰਦਰ ਆਇਆ ਤੇ ਹੈਰੀ ਨੂੰ ਵੇਖ ਕੇ ਬੋਲਿਆ, ‘‘ਹੈਲੋ ਹੈਰੀ ਕੀ ਹਾਲ ਐ...?’’ ਹੈਰੀ ਵੀ ਹੁਣ ਚੁੱਪ ਹੋ ਗਿਆ ਤੇ ਮੁਸਕਰਾ ਕੇ ਲਾਰੈਂਸ ਨਾਲ ਗਲੇ ਮਿਲਿਆ ਤੇ ਦੋਵੇਂ ਇੱਕ ਦੂਜੇ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦੇਣ ਲੱਗੇ। ਦੋਵੇਂ ਇੱਕੋ ਜਮਾਤ ਵਿੱਚ ਪੜ੍ਹਦੇ ਸਨ। ਇਹ ਗੱਲ ਲਾਰੈਂਸ ਦੇ ਪਾਪਾ ਤੇ ਹੈਰੀ ਦੇ ਪਾਪਾ ਨਹੀਂ ਜਾਣਦੇ ਸਨ।
‘‘ਪਾਪਾ ਪਿਛਲੇ ਮਹੀਨੇ ਜਦੋਂ ਮੈਂ ਲਗਾਤਾਰ ਬਿਮਾਰ ਰਿਹਾ ਤਾਂ ਮੇਰਾ ਹੋਮਵਰਕ ਹੈਰੀ ਨੇ ਹੀ ਤਾਂ ਕੀਤਾ ਸੀ। ਇਹ ਮੇਰਾ ਦੋਸਤ ਹੈਰੀ...।’’
‘‘ਅੱਛਾ ਤਾਂ ਇਹ ਹੈਰੀ ਹੈ...ਹੈਰੀ ਬੇਟਾ ਤੂੰ ਔਖੇ ਸਮੇਂ ਵਿੱਚ ਆਪਣੇ ਦੋਸਤ ਦੀ ਮਦਦ ਕੀਤੀ। ਇਹ ਚੰਗੀ ਗੱਲ ਹੈ, ਦੋਸਤ ਹੀ ਦੋਸਤ ਦੇ ਕੰਮ ਆਉਂਦਾ ਹੈ। ਲਾਰੈਂਸ ਤੇਰੀ ਬਹੁਤ ਤਾਰੀਫ਼ ਕਰਦਾ ਹੈ, ਪਰ ਆਪਾਂ ਪਹਿਲਾਂ ਕਦੇ ਨਹੀਂ ਮਿਲੇ। ਇਹ ਪੁਸ਼ਾਕ ਹੁਣ ਤੇਰੀ ਹੋਈ, ਤੇਰੇ ਦੋਸਤ ਲਾਰੈਂਸ ਵੱਲੋਂ ਕ੍ਰਿਸਮਸ ਦਾ ਤੋਹਫ਼ਾ...।’’
ਹੈਰੀ ਨੇ ਇੱਕ ਨਜ਼ਰ ਆਪਣੇ ਪਾਪਾ ਵੱਲ ਵੇਖਿਆ ਤਾਂ ਉਨ੍ਹਾਂ ਨੇ ਵੀ ਹੈਰੀ ਨੂੰ ਪੁਸ਼ਾਕ ਰੱਖਣ ਦੀ ਸਹਿਮਤੀ ਦੇ ਦਿੱਤੀ। ਘਰ ਮੁੜਦੇ ਸਮੇਂ ਹੈਰੀ ਦੇ ਪਾਪਾ ਨੇ ਕ੍ਰਿਸਮਸ ਦਾ ਛੋਟਾ ਜਿਹਾ ਕੇਕ ਖਰੀਦਿਆ ਤੇ ਫਿਰ ਸਭ ਨੇ ਮਿਲ ਕੇ ਕ੍ਰਿਸਮਸ ਦਾ ਤਿਉਹਾਰ ਮਨਾਇਆ।
ਸੰਪਰਕ: 98723-25960

Advertisement
Advertisement