ਸੰਤ ਸੀਚੇਵਾਲ ਨੇ ਅਰਬ ਦੇਸ਼ਾਂ ’ਚ ਪੰਜਾਬੀ ਔਰਤਾਂ ਦੇ ਸ਼ੋਸ਼ਣ ਦਾ ਮੁੱਦਾ ਡੀਜੀਪੀ ਕੋਲ ਉਠਾਇਆ
ਜਲੰਧਰ: ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਕੀਤੀ ਤੇ ਅਰਬ ਦੇਸ਼ਾਂ ਵਿਚ ਪੰਜਾਬੀ ਔਰਤਾਂ ਦੇ ਸ਼ੋਸ਼ਣ ਦਾ ਮੁੱਦਾ ਉਠਾਇਆ। ਇਹ ਮੀਟਿੰਗ ਪੰਜਾਬ ਪੁਲੀਸ ਦੇ ਹੈਡਕੁਆਰਟਰ ਚੰਡੀਗੜ੍ਹ ਵਿਚ ਹੋਈ ਜਿਸ ਦੌਰਾਨ ਸੰਤ ਸੀਚੇਵਾਲ ਨੇ ਦੱਸਿਆ ਕਿ ਮਸਕਟ (ਓਮਾਨ), ਇਰਾਕ ਅਤੇ ਸਾਊਦੀ ਅਰਬ ਵਿੱਚ ਫਸੀਆਂ ਲਗਪਗ 52 ਔਰਤਾਂ ਨੂੰ ਉਹ ਉਨ੍ਹਾਂ ਦੇਸ਼ਾਂ ਦੇ ਭਾਰਤੀ ਦੂਤਾਵਾਸ ਰਾਹੀਂ ਦੇਸ਼ ਵਾਪਸ ਲਿਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਟਰੈਵਲ ਏਜੰਟ ਪੰਜਾਬ ਦੀਆਂ ਗਰੀਬ ਲੜਕੀਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਅਰਬ ਦੇਸ਼ਾਂ ਵਿਚ ਵੇਚ ਦਿੰਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਅਨਪੜ੍ਹ ਹੁੰਦੀਆਂ ਹਨ ਜਨਿ੍ਹਾਂ ਕੋਲ ਅਰਬੀ ਭਾਸ਼ਾ ਵਿੱਚ ਲਿਖੇ ਹਲਫੀਆ ਬਿਆਨਾਂ ’ਤੇ ਹਸਤਾਖਰ ਕਰਵਾ ਲਏ ਜਾਂਦੇ ਹਨ। ਇਸ ਮੌਕੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਬਾਰੇ ਨੋਡਲ ਅਫਸਰ ਦੀ ਨਿਯੁਕਤੀ ਕਰਨਗੇ। -ਪੱਤਰ ਪ੍ਰੇਰਕ