ਸੰਤ ਸੀਚੇਵਾਲ ਵੱਲੋਂ ਖੇਤਰੀ ਪਾਸਪੋਰਟ ਅਧਿਕਾਰੀ ਨਾਲ ਮੁਲਾਕਾਤ
ਹਤਿੰਦਰ ਮਹਿਤਾ
ਜਲੰਧਰ, 19 ਅਗਸਤ
ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਤਰੀ ਪਾਸਪੋਰਟ ਅਧਿਕਾਰੀ ਜਲੰਧਰ ਅਭਿਸ਼ੇਕ ਸ਼ਰਮਾ ਨਾਲ ਅੱਜ ਮੁਲਾਕਾਤ ਕੀਤੀ। ਉਨ੍ਹਾਂ ਦੁਆਬਾ ਖੇਤਰ ਦੇ ਲੋਕਾਂ ਨੂੰ ਪਾਸਪੋਰਟ ਸੇਵਾ ਨਾਲ ਸਬੰਧਿਤ ਮੁਸ਼ਕਿਲਾਂ ਬਾਰੇ ਖੇਤਰੀ ਪਾਸਪੋਰਟ ਅਧਿਕਾਰੀ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਨਾਲ ਸਬੰਧਿਤ ਪੁਲੀਸ ਕਲੀਰੈਂਸ ਸਰਟੀਫਿਕੇਟ (ਪੀਸੀਸੀ) ਜਲਦ ਜਾਰੀ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਖੇਤਰੀ ਪਾਸਪੋਰਟ ਦਫਤਰ ਜਲੰਧਰ ਵਿੱਚ ਮੀਟਿੰਗ ਦੌਰਾਨ ਰਾਜ ਸਭਾ ਮੈਂਬਰ ਨੇ ਕਿਹਾ ਕਿ ਦੁਆਬਾ ਖੇਤਰ ਵਿੱਚ ਵੱਡੀ ਪੱਧਰ ’ਤੇ ਲੋਕ ਵਿਦੇਸ਼ ਵਿੱਚ ਵਸਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਵਿਦੇਸ਼ ਆਉਣ-ਜਾਣ ਲਈ ਅਨੇਕਾਂ ਮਾਮਲਿਆਂ ਵਿੱਚ ਪੀ.ਸੀ.ਸੀ. ਦੀ ਲੋੜ ਪੈਂਦੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਪੀ.ਸੀ.ਸੀ. ਪ੍ਰਕਿਰਿਆ ਬਹੁਤ ਲੰਮੀ ਤੇ ਉਲਝਣ ਵਾਲੀ ਹੋਣ ਕਾਰਨ ਲੋਕਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਖੇਤਰੀ ਪਾਸਪੋਰਟ ਦਫਤਰ ਤੇ ਬਾਕੀ ਸਬੰਧਿਤ ਵਿਭਾਗ ਮਿਲਕੇ ਦੂਰ ਕਰ ਸਕਦੇ ਹਨ।
ਉਨ੍ਹਾਂ ਧੋਖੇਬਾਜ਼ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ ਵਿੱਚ ਫਸੇ ਲੜਕੇ ਤੇ ਵਿਸ਼ੇਸ਼ ਕਰਕੇ ਲੜਕੀਆਂ ਦੀ ਵਤਨ ਵਾਪਸੀ ਲਈ ਵੀ ਪਾਸਪੋਰਟ ਦਫਤਰ ਨੂੰ ਹੋਰ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਜਲੰਧਰ ਖੇਤਰੀ ਪਾਸਪੋਰਟ ਦਫਤਰ ਅਧੀਨ ਪੈਂਦੇ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਸੇਵਾਵਾਂ ਲਈ ਸਮਾਂ ਲੈਣ ਲਈ ਲੱਗਣ ਵਾਲੇ ਸਮੇਂ ਨੂੰ ਵੀ ਘੱਟ ਕਰਨ ਲਈ ਯਤਨ ਕਰਨ ਲਈ ਕਿਹਾ ਤਾਂ ਜੋ ਬਿਨੈਕਾਰਾਂ ਨੂੰ ਜਲਦ ਪਾਸਪੋਰਟ ਜਾਰੀ ਹੋ ਸਕੇ।