ਡਾ. ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਨੂੰ ਆਲਮ ਐਵਾਰਡ ਪ੍ਰਦਾਨ
ਹਤਿੰਦਰ ਮਹਿਤਾ
ਜਲੰਧਰ, 19 ਅਗਸਤ
ਮਾਨਵਵਾਦੀ ਰਚਨਾ ਮੰਚ ਪੰਜਾਬ ਵੱਲੋਂ ਅੱਜ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਕਰਵਾਏ 22ਵੇਂ ਸਾਲਾਨਾ ਸਮਾਗਮ ਵਿੱਚ ਪੰਜਾਬੀ ਸ਼ਾਇਰ ਸੁਰਜੀਤ ਜੱਜ ਤੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੂੰ ਕ੍ਰਮਵਾਰ 24ਵਾਂ ਅਤੇ 25ਵਾਂ ਗੁਰਦਾਸ ਰਾਮ ਆਲਮ ਐਵਾਰਡ ਪ੍ਰਦਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਰਾਜ ਕੁਮਾਰ ਹੰਸ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਪਰਮਿੰਦਰ ਸਿੰਘ, ਮੰਚ ਦੇ ਪ੍ਰਧਾਨ ਕੇਵਲ ਸਿੰਘ ਪਰਵਾਨਾ, ਸੁਰਜੀਤ ਜੱਜ ਤੇ ਸੁਰਿੰਦਰ ਰਾਮਪੁਰੀ ਬੈਠੇ। ਮੰਚ ਸੰਚਾਲਨ ਮੰਚ ਦੇ ਜਰਨਲ ਸਕੱਤਰ ਮੱਖਣ ਮਾਨ ਨੇ ਕੀਤਾ।
ਸਮਾਗਮ ਦੇ ਮੁੱਢ ਵਿੱਚ ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਨੇ ਮੰਚ ਦੀਆਂ ਹੁਣ ਤੱਕ ਦੀ ਸਰਗਰਮੀਆਂ ਬਾਰੇ ਦੱਸਿਆ। ਉਪਰੰਤ ਡਾ. ਜਸਵੰਤ ਰਾਏ ਨੇ ਆਲਮ ਦੇ ਸਮੁੱਚੇ ਕਾਵਿ ਬਾਰੇ ਆਪਣਾ ਭਾਸ਼ਣ ਦਿੰਦਿਆਂ ਆਲਮ ਦੀ ਰਚਨਾਕਾਰੀ ਦੇ ਵਿਭਿੰਨ ਪਸਾਰਾ ਦੀ ਗੱਲ ਕੀਤੀ।
ਉਨ੍ਹਾਂ ਉਸ ਦੀ ਕਵਿਤਾ ਦੇ ਹਰਮਨ ਪਿਆਰੇ ਹੋਣ ਦੇ ਨੁਕਤੇ ਤੱਥ ਤੇ ਅੰਕੜਿਆਂ ਨਾਲ ਉਭਾਰੇ। ਇਸ ਮਗਰੋਂ ਹਰਵਿੰਦਰ ਭੰਡਾਲ ਨੇ ਜੱਜ ਦੀ ਗ਼ਜ਼ਲਕਾਰੀ ਦੇ ਸਮਾਜਿਕ ਸਰੋਕਾਰਾਂ ਬਾਰੇ ਗੱਲ ਕਰਦਿਆਂ ਕੁਝ ਠੋਸ ਨੁਕਤੇ ਪੇਸ਼ ਕੀਤੇ। ਜੱਜ ਦਾ ਸਨਮਾਨ ਪੱਤਰ ਰਕੇਸ਼ ਆਨੰਦ ਨੇ ਪੜ੍ਹਿਆ। ਦੂਜੀ ਸਨਮਾਨਤ ਸ਼ਖ਼ਸੀਅਤ ਸੁਰਿੰਦਰ ਰਾਮਪੁਰੀ ਦੀ ਕਹਾਣੀ ਤੇ ਕਾਵਿਕਾਰੀ ਬਾਰੇ ਗੁਰਦਿਆਲ ਦਿਆਲ ਨੇ ਭਾਸ਼ਣ ਦਿੱਤਾ। ਰਾਮਪੁਰੀ ਦਾ ਭਗਵੰਤ ਰਸੂਲਪੁਰੀ ਨੇ ਮੰਚ ਵੱਲੋਂ ਤਿਆਰ ਸਨਮਾਨ ਪੱਤਰ ਪੜ੍ਹਿਆ। ਦੋਵਾਂ ਸਾਹਿਤਕਾਰਾਂ ਨੂੰ ਪ੍ਰਧਾਨਗੀ ਮੰਡਲ ਨੇ ‘ਆਲਮ ਐਵਾਰਡ’ ਦੇ ਕੇ ਸਨਮਾਨਤ ਕੀਤਾ। ਸਮਾਗਮ ਦੇ ਦੂਜੇ ਭਾਗ ਵਿੱਚ ਡਾ. ਪਰਮਿੰਦਰ ਸਿੰਘ ਨੇ ‘ਭਾਰਤੀ ਸੰਵਿਧਾਨ, ਮਨੁੱਖੀ ਅਧਿਕਾਰ ਅਤੇ ਫ਼ੌਜਦਾਰੀ ਕਾਨੂੰਨ’ ਉੱਤ ਲੈਕਚਰ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਾਰਤੀ ਸੰਵਿਧਾਨ ਦੀ ਨਿਰਮਾਣਕਾਰੀ ਉੱਤੇ ਕੁਝ ਸਵਾਲ ਖੜ੍ਹੇ ਕਰਦਿਆਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਨੁਕਤਿਆਂ ਦਾ ਹਵਾਲਾ ਦਿੱਤਾ। ਡਾ. ਰਾਜ ਕੁਮਾਰ ਹੰਸ ਨੇ ਆਪਣੀ ਪ੍ਰਧਾਨਗੀ ਭਾਸ਼ਣ ਵਿੱਚ ਡਾ. ਪਰਮਿੰਦਰ ਦੇ ਭਾਸ਼ਣ ਨੂੰ ਵਾਦ ਵਿਵਾਦ ਵਾਲਾ ਭਾਸ਼ਣ ਕਹਿ ਕੇ ਕੁਝ ਸਵਾਲ ਖੜ੍ਹੇ। ਅੱਗੇ ਉਨ੍ਹਾਂ ਸਾਧੂ ਦਾਇਆ ਸਿੰਘ ਆਰਿਫ਼ ਤੇ ਬ੍ਰਹਮ ਗਿਆਨੀ ਸੰਤ ਵਜ਼ੀਦ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਜਾਣ-ਬੁੱਝ ਕੇ ਪਾਏ ਖੱਪਿਆਂ ਉੱਤੇ ਸਵਾਲ ਖੜ੍ਹੇ ਕੀਤੇ ਜਿਨ੍ਹਾਂ ਨੂੰ ਦਲਿਤ ਹੋਣ ਕਰਕੇ ਅਣਗੌਲਿਆ ਕਰ ਦਿੱਤਾ ਗਿਆ। ਇਕ ਮੌਕੇ ਰਾਜਨੀਰ ਦਾ ਕਾਵਿ ਸੰਗ੍ਰਹਿ ‘ਸੂਦਕ’ ਪ੍ਰਧਾਨਗੀ ਮੰਡਲ ਨੇ ਰਿਲੀਜ਼ ਕੀਤਾ। ਅੰਤ ’ਚ ਮੰਚ ਦੇ ਸੀਨੀਅਰ ਮੀਤ ਪ੍ਰਧਾਨ ਦਵਾਰਕੀ ਭਾਰਤੀ ਨੇ ਭਰਵੀ ਗਿਣਤੀ ਵਿੱਚ ਪੁੱਜੇ ਸਾਹਿਤਕਾਰਾਂ ਅਤੇ ਅਦੀਬਾਂ ਦਾ ਧੰਨਵਾਦ ਕੀਤਾ।