For the best experience, open
https://m.punjabitribuneonline.com
on your mobile browser.
Advertisement

ਸੰਵਾਦੀ ਸੁਰ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ

10:26 AM Sep 03, 2023 IST
ਸੰਵਾਦੀ ਸੁਰ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ
Advertisement

ਬਲਕਾਰ ਸਿੰਘ ਪ੍ਰੋਫੈਸਰ

Advertisement

ਪ੍ਰਤੀਕਰਮ

ਸੁਮੇਲ ਸਿੰਘ ਸਿੱਧੂ ਨੇ ‘ਪੰਜਾਬੀ ਟ੍ਰਿਬਿਊਨ’ ਦੇ 20 ਅਗਸਤ 2023 ਅਤੇ 27 ਅਗਸਤ 2023 ਵਾਲੇ ਅੰਕਾਂ ਵਿਚ ਮਰਹੂਮ ਹਰਚੰਦ ਸਿੰਘ ਲੌਂਗੋਵਾਲ ਨੂੰ ‘ਪੰਜਾਬੀ-ਪੰਥ ਦੇ ਹੁਸਨ ਇਖ਼ਲਾਕ ਦਾ ਮੁਜੱਸਮਾ’ ਕਹਿ ਕੇ ਸੰਵਾਦੀ ਸੁਰ ਨੂੰ ਉਭਾਰਨ ਵਾਸਤੇ ਕੋਸ਼ਿਸ਼ ਕੀਤੀ ਹੈ ਜਿਸ ਨੂੰ ਅੱਗੇ ਤੋਰਨ ਦੀ ਇਸ ਵੇਲੇ ਬਹੁਤ ਲੋੜ ਹੈ। ਚੁਫ਼ੇਰੇ ਪਸਰੀ ਸਿਆਸੀ ਆਪਾਧਾਪੀ ਵਿਚ ਸੰਵਾਦੀ ਸੁੰਗੜਾਅ ਕਰਕੇ ਪੈਦਾ ਹੋਈ ਹਰ ਤਰ੍ਹਾਂ ਦੀ ਖੜੋਤ ਵਿਚ ਪੰਜਾਬੀ-ਪੰਥ ਨੂੰ ਸਿੱਖ-ਪੰਥ ਅਤੇ ਖਾਲਸਾ-ਪੰਥ ਦੇ ਹਵਾਲੇ ਨਾਲ ਪੰਥਕ-ਸਮੁੱਚ ਨੂੰ ਵਿਚਾਰਨ ਦੀ ਲੋੜ ਹੈ। ਪੱਕੇ ਸਿੱਖ, ਕੱਟੜ ਸਿੱਖ ਅਤੇ ਲਬਿਰਲ-ਸਿੱਖ ਵਿਚਕਾਰ ਪਾਏ ਜਾ ਰਹੇ ਵਖਰੇਵਿਆਂ ਨਾਲ ਪੈਦਾ ਹੋ ਰਹੀਆਂ ਸਿੱਖ-ਕੋਟੀਆਂ ਦੀ ਗੁਰੂ ਦੇ ਸਿੱਖਾਂ ਨੂੰ ਕਦੇ ਲੋੜ ਨਹੀਂ ਸੀ ਕਿਉਂਕਿ ਸਿੱਖ ਅਤੇ ਗੁਰੂ ਦੇ ਵਿਚਕਾਰ ਕਿਸੇ ਹੋਰ ਦੀ ਲੋੜ ਦੀ ਆਗਿਆ ਹੀ ਨਹੀਂ ਹੈ। ਇਸ ਵਰਤਾਰੇ ਵਿਚ ਸੁਮੇਲ ਨੇ ਅਕਾਦਮਿਕ ਡੀਹਟੀ ਮਾਰਦਿਆਂ ਮਾਰਦਿਆਂ ਵਗਦੇ ਵਹਿਣ ਵਿਚ ਆਪ ਹੀ ਛਾਲ ਮਾਰ ਦਿੱਤੀ ਹੈ। ਧਿਆਨ ਨਾਲ ਪੜ੍ਹਣ ਵਾਲਿਆਂ ’ਤੇ ਪੈ ਗਏ ਛਿੱਟਿਆਂ ਨਾਲ ਇਹ ਸਵਾਲ ਪੈਦਾ ਹੋ ਗਿਆ ਹੈ ਕਿ ਸਿੱਖ-ਸੰਤਾਂ ਨੂੰ ਜਿਵੇਂ ਸਿੱਖ ਸਿਆਸਤ ਨੇ ਮੁੱਖਧਾਰਾ ਵਿਚੋਂ ਡੇਰੇਦਾਰ ਕਹਿ ਕੇ ਬਾਹਰ ਕੀਤਾ ਹੋਇਆ ਹੈ, ਉਸ ਵਿਚ ਸੁਮੇਲ ਨੂੰ ਸੰਤ ਹਰਚੰਦ ਸਿੰਘ ਇਹੋ ਜਿਹਾ ਕਿਉਂ ਲੱਗਿਆ ਹੈ? ਇਹ ਵੀ ਸੋਚਣ ਦੀ ਲੋੜ ਹੈ ਕਿ ਇਹੋ ਜਿਹੇ ਸਵਾਲਾਂ ਨੂੰ ਪਿਛਲੇ ਚਾਰ ਦਹਾਕੇ ਕਿਸ ਨੇ ਰੋਕੀ ਰੱਖਿਆ ਹੈ? ਕਤਲ ਹੋਣ ਵਾਲੇ ਦਿਨ ਤੋਂ ਹੀ ਸੰਤ ਜੀ ਸ਼ਹੀਦ ਸਨ ਅਤੇ ਉਨ੍ਹਾਂ ਨੂੰ ਅਕਾਦਮੀਸ਼ਨ ‘ਹਰੀਚੰਦ’ ਕਹਿ ਕੇ ਮਾਰਨ ਦੀ ਕੋਸ਼ਿਸ਼ ਕਿਉਂ ਕਰਦੇ ਰਹੇ ਹਨ? ਜਿਨ੍ਹਾਂ ਦੇ ਪੈਰੋਂ ਇਹ ਸ਼ਹੀਦੀ ਹੋਈ ਸੀ, ਉਹੀ ਉਸ ਨੂੰ ਸਿਆਸੀ-ਜੱਫੀ ਵਿਚ ਲੈ ਕੇ ਕਿਉਂ ਮਾਰਦੇ ਰਹੇ ਹਨ? ਇਸ ਪਿਛੋਕੜ ਵਿਚ ਸੁਮੇਲ ਨੇ ਜੋ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਉਹ ਹਰ ਹਾਲਤ ਵਿਚ ਲੋੜੀਂਦੀ ਸੁਰ ਵਾਂਗ ਬੁਲੰਦ ਕੀਤੇ ਜਾਣ ਦੀ ਲੋੜ ਹੈ। ਹੁੰਗਾਰੇ ਦੀ ਅਣਹੋਂਦ ਵਿਚ ਕੋਸ਼ਿਸ਼ਾਂ ਅਤੇ ਸੰਭਾਵਨਾਵਾਂ ਨੂੰ ਦਫ਼ਨ ਹੋ ਜਾਣ ਤੋਂ ਨਹੀਂ ਰੋਕਿਆ ਜਾ ਸਕਦਾ। ਮੇਰੇ ਉਹ ਹਾਣੀ ਸਨ ਅਤੇ ਮੈਂ ਜਾਣਦਾ ਹਾਂ ਕਿ ਜਿਹੜੇ ਵਰਤਾਰੇ ਵਿਚ ਮੌਜੋ ਵਰਗੀ ਸਿੱਖ-ਟਕਸਾਲ ਨੇ ਉਨ੍ਹਾਂ ਦੇ ਗੁਆਚੇ ਹੋਏ ਬਚਪਨ ਨੂੰ ਅਕਾਲੀ ਦਲ ਦਾ ਪ੍ਰਧਾਨ ਹੋ ਜਾਣ ਦੇ ਕਾਬਲ ਬਣਾ ਦਿੱਤਾ ਸੀ, ਉਹ ਸਮਾਜਿਕ ਜ਼ਿੰਮੇਵਾਰੀ ਇਸ ਵੇਲੇ ਟਕਸਾਲੀ ਇਜਾਰੇਦਾਰੀ ਦਾ ਸ਼ਿਕਾਰ ਹੋ ਚੁੱਕੀ ਹੈ। ਸਿੱਖ ਪ੍ਰਸੰਗ ਵਿਚ ਇਸ ਤਰ੍ਹਾਂ ਦੇ ਉਭਾਰਾਂ ਦੇ ਉਸਾਰ ਸਾਹਮਣੇ ਲਿਆਉਣ ਲਈ ਲੋੜੀਂਦੇ ਸੰਵਾਦ ਦੀ ਵੰਗਾਰ ਇਸ ਨਾਲ ਲੇਖ ਨਾਲ ਪੈਦਾ ਹੋ ਗਈ ਹੈ, ਪਰ ਇਸ ਨੂੰ ਤੋਰੀ ਰੱਖਣ ਲਈ ਚੇਤੰਨ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ।
ਸੰਵਾਦੀ ਉਸਾਰੀ (ਕਿਛੁ ਸੁਣੀਐ ਕਿਛੁ ਕਹੀਐ...) ਵਾਲੇ ਰਾਹ ਤੁਰਾਂਗੇ ਤਾਂ ਸਮਝ ਸਕਾਂਗੇ ਕਿ ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਨੂੰ ਕਰਿੰਘੜੀ ਪੁਆ ਕੇ ਉਸੇ ਤਰ੍ਹਾਂ ਤੋਰੀ ਰੱਖਣ ਦੀ ਲੋੜ ਹੈ ਜਿਸ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਕੇ ਰੱਖੀ ਸੀ ਕਿ ਬੰਦੇ ਦਾ ਜਨਮ ਸੱਭਿਆਚਾਰ ਵਿਚ ਹੁੰਦਾ ਹੈ ਅਤੇ ਧਰਮ ਉਸ ਨੂੰ ਧਾਰਨ ਕਰਨਾ ਪੈਂਦਾ ਹੈ। ਇਹੋ ਜਿਹੀ ਭਾਵਨਾ ਦੇ ਪ੍ਰਤੀਨਿਧ ਸਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ। ਉਹ ਮੂਲ ਰੂਪ ਵਿਚ ਸਿੱਖ ਸਨ ਅਤੇ ਸਿੱਖੀ ਵਿਚ ਸਾਰੀਆਂ ਸੰਭਾਵਨਾਵਾਂ ਨਿਹਿਤ ਮੰਨਦੇ ਸਨ। ਜਿਨ੍ਹਾਂ ਦੇ ਵਾਸਤੇ ਉਹ ਜਿਊਂ ਰਹੇ ਸਨ, ਜਦੋਂ ਉਨ੍ਹਾਂ ਨੇ ਹੀ ਕੌਮ ਦਾ ਗੱਦਾਰ ਕਹਿ ਕੇ ਗੋਲੀਆਂ ਮਾਰ ਦਿੱਤੀਆ ਤਾਂ ਸੁਮੇਲ ਨੇ ਇਸ ਵਰਤਾਰੇ ਨੂੰ ‘ਹਤਿਆਰਿਆਂ ਹੱਥੋਂ ਸ਼ਹੀਦ ਹੋਏ’ ਕਿਹਾ ਹੈ। ਜਿਹੜੇ ਅੱਜ ਵੀ ਇਹ ਸਵਾਲ ਪੈਦਾ ਕਰ ਰਹੇ ਹਨ ਕਿ ਰਾਜੀਵ-ਲੌਂਗੋਵਾਲ ਸਮਝੌਤੇ ਨਾਲ ਮਿਲਿਆ ਕੀ, ਉਨ੍ਹਾਂ ਨੂੰ ਕੌਣ ਦੱਸੇ ਕਿ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਰਮਿਆਨ ਹੋਏ ਸਮਝੌਤੇ ਦਾ ਜਿਨ੍ਹਾਂ ਨੇ ਲਾਭ ਲੈਣਾ ਸੀ, ਉਨ੍ਹਾਂ ਦੇ ਪੈਰੋਂ ਹੀ ਸੰਭਾਵਨਾਵਾਂ ਦਫ਼ਨ ਹੋ ਗਈਆਂ ਤਾਂ ਨਤੀਜਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ। ਸੁਮੇਲ ਮੁਤਾਬਿਕ ‘ਸਿੱਖ ਲਹਿਰ ਦੀ ਮਨੁੱਖ-ਮਿੱਤਰ ਵਿਚਾਰਧਾਰਾ’ ਦਾ ਰਾਹ ਜਿਸ ਤਰ੍ਹਾਂ ਵਾਰਸ ਕਹਾਉਣ ਵਾਲਿਆਂ ਵੱਲੋਂ ਲਗਾਤਾਰ ਰੋਕਿਆ ਜਾਂਦਾ ਰਿਹਾ ਹੈ, ਉਸ ਤਰ੍ਹਾਂ ਕਿਸੇ ਵੀ ਰੰਗ ਦੇ ਸਿੱਖ-ਵਿਰੋਧੀ ਨੇ ਨਹੀਂ ਰੋਕਿਆ। ਪੰਥ ਦੇ ਨਾਮ ’ਤੇ ਸਿਆਸੀ ਦੁਕਾਨਾਂ ਸਜਾਈ ਬੈਠਿਆਂ ਨੂੰ ਕੌਣ ਦੱਸੇ ਕਿ ਬਹੁ-ਸੱਭਿਆਚਾਰਕ ਵਰਤਾਰਿਆਂ ਵਿਚ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਉਲਾਰ ਸਿਆਸਤ ਤੋਂ ਬਚਾਉਣ ਦੀ ਲੋੜ ਹੈ। ਇਸ ਬਾਰੇ ਸੰਵਾਦ ਰਚਾ ਕੇ ਹੀ ਸਮਝ ਸਕਾਂਗੇ ਕਿ ਸਿੰਘ ਸਭਾ ਦੇ ਮਹਾਂਰਥੀਆਂ ਵਿਚੋਂ ਸਿਆਸਤ ਵੱਲ ਰੁਚਿਤ ਕਿਉਂ ਨਹੀਂ ਹੋਏ ਸਨ? ਇਹ ਵੀ ਵੀਚਾਰਿਆ ਜਾਣਾ ਚਾਹੀਦਾ ਹੈ ਕਿ ਸਿਆਸਤ ਦੇ ਪੈਰੋਂ ਧਰਮ ਦਾ ਸੰਵਰਦਾ ਕੀ ਰਿਹਾ ਹੈ ਅਤੇ ਵਿਗੜਦਾ ਕੀ ਰਿਹਾ ਹੈ? ਗੁਰਮਤਿ ਨੇ ਆਮ ਬੰਦੇ ਲਈ ‘‘ਨਰੋਈ, ਸਾਂਝੀ ਕੌਮੀ ਜ਼ਮੀਨ ਤਿਆਰ ਕੀਤੀ ਸੀ’’, ਉਸ ਨੂੰ ਬੰਜਰ ਬਣਾਉਣ ਦੀ ਰਾਜਨੀਤੀ ਕੌਣ ਕਰਦਾ ਰਿਹਾ ਹੈ?
ਇਹ ਸਮਾਂ ਉਲਾਰ-ਸੱਜੇ ਅਤੇ ਉਲਾਰ-ਖੱਬੇ ਪੱਖੀਆਂ ਵਿਚਕਾਰ ਚੱਲ ਰਹੀ ਠੰਢੀ ਜੰਗ ਦਾ ਹੈ। ਅਜਿਹੇ ਹਾਲਾਤ ਵਿਚੋਂ ਆਮ ਬੰਦੇ ਨੂੰ ਲੋੜੀਂਦੀਆਂ ਜੁਗਤਾਂ ਦਾ ਰਾਹ ਰੋਕਦੀ ਕਿਸੇ ਵੀ ਕਿਸਮ ਦੀ ਸਿਆਸਤ ਕੰਮ ਨਹੀਂ ਆ ਸਕੀ। ਰਾਜਨੀਤਕ ਖਾਜਾ ਹੋ ਜਾਣ ਤੋਂ ਆਮ ਬੰਦੇ ਨੂੰ ਬਚਾਉਣ ਦੀ ਰੀਝ ਦੇ ਪ੍ਰਤੀਨਿਧ ਵਜੋਂ ਵਿਚਰਦਾ ਰਿਹਾ ਸੀ ਸੰਤ ਹਰਚੰਦ ਸਿੰਘ। ਉਹ ਸੰਗਰੂਰ ਵਿਚ ਚੱਲ ਰਹੀਆਂ ਉਨ੍ਹਾਂ ਜਨਤਕ ਲਹਿਰਾਂ ਵਿਚ ਵੀ ਹਿੱਸਾ ਲੈਂਦੇ ਰਹੇ ਜਿਨ੍ਹਾਂ ਦੀ ਸਿਆਸਤ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ ਸਨ। ਉਸ ਭਲੇ ਜ਼ਮਾਨੇ ਵਿਚ ਕਮਿਊਨਿਸਟ ਵੀ ਅੰਮ੍ਰਿਤਧਾਰੀ ਹੁੰਦੇ ਸਨ। ਵਿਰਾਸਤੀ ਸੱਭਿਆਚਾਰ ਨੂੰ ਨਾਲ ਲੈ ਕੇ ਤੁਰਨ ਵਾਲਾ ਇਨਸਾਨੀ ਜਜ਼ਬਾ ਨੈਤਿਕਤਾ ਨਾਲ ਨਿਭਣ ਦੀ ਸੁੱਚੀ ਮਾਨਸਿਕਤਾ ਹੁੰਦਾ ਹੈ। ਇਸੇ ਨਾਲ ਆਪਸੀ ਭਾਈਚਾਰਾ ਪੱਕੇ ਪੈਰੀਂ ਹੋਣ ਵਾਲੇ ਰਾਹ ਪਿਆ ਰਹਿੰਦਾ ਹੈ। ‘ਸਿਆਸੀ ਇਖਲਾਕ’ ਦੀ ਇਸ ਭਾਵਨਾ ਨਾਲ ਨਿਭਣ ਦਾ ਬਿਰਦ ਸੰਤ ਜੀ ਨੇ ਕੇਸਾਂ ਸੁਆਸਾਂ ਸੰਗ ਪਾਲਿਆ। ਇਸੇ ਇਖ਼ਲਾਕੀ ਹੁਸਨ ਨੂੰ ਉਨ੍ਹਾਂ ਦੇ ਸਮਕਾਲੀ ਭੰਡਦੇ ਰਹੇ ਸਨ ਅਤੇ ਇਸੇ ਭਾਵਨਾ ਦਾ ਨਤੀਜਾ ਉਨ੍ਹਾਂ ਦੀ ਸ਼ਹੀਦੀ ਵਿਚ ਨਿਕਲਿਆ ਸੀ। ਇਸ ਸ਼ਹੀਦੀ ਦਾ ਲਾਭ ਉਨ੍ਹਾਂ ਦੇ ਕਰੀਬੀਆਂ ਅਤੇ ਵਿਰੋਧੀਆਂ ਨੂੰ ਲਗਾਤਾਰ ਹੁੰਦਾ ਰਿਹਾ ਹੈ। ਪੰਜਾਬ ਦੀ ਗਰਮ ਅਤੇ ਨਰਮ ਰਾਜਨੀਤੀ ਬਾਰੇ ਸੁਮੇਲ ਵੱਲੋਂ ਉਠਾਏ ਗਏ ਸਵਾਲਾਂ ਬਾਰੇ ਚਰਚਾ ਹੋਵੇਗੀ ਤਾਂ ਸਮਝ ਸਕਾਂਗੇ ਕਿ ਸ਼ਹੀਦੀਆਂ ਦੀ ਸਿਆਸਤ ਦੇ ਪੈਰੋਂ ਮਰਨ ਅਤੇ ਮਾਰਨ ਦੇ ਰਾਹ ਪੰਜਾਬੀ ਕਿਉਂ ਪਿਆ ਹੋਇਆ ਹੈ? ਇਹੋ ਜਿਹੇ ਹਾਲਾਤ ਵਿਚ ਸੁਮੇਲ ਮੁਤਾਬਿਕ ਸੰਤ ਜੀ ਨੇ ‘ਆਪਣੀ ਸਮਰਪਨ ਭਾਵਨਾ, ਧੜੇਬੰਦਕ ਭੇੜ ਤੋਂ ਨਿਰਲੇਪ ਰਹਿੰਦਿਆਂ ਅਕਾਲੀ ਦਲ ਵਿਚ ਸਦਭਾਵੀ ਏਕਤਾ’ ਕਾਇਮ ਰੱਖੀ ਸੀ। ਇਸੇ ’ਤੇ ਪਹਿਰਾ ਦਿੱਤੇ ਜਾਣ ਲਈ ਸੰਵਾਦ ਰਚਾਉਣ ਦੀ ਲੋੜ ਦਾ ਮੁੱਦਈ ਹੈ ਸੁਮੇਲ ਦਾ ਲੇਖ। ਸੰਤ ਦਾ ਹਰ ਮੈਦਾਨ ਵਿਚ ਸਿੱਖ-ਸਹਿਜ ਉਸ ਨਾਲ ਤੁਰਨ ਵਾਲਿਆਂ ਨੂੰ ਵਿਚਲਿਤ ਕਰਦਾ ਰਹਿੰਦਾ ਸੀ। ਸਿਆਸੀ ਰੋਟੀਆਂ ਸੇਕਣ ਵਾਲੀ ਪ੍ਰਚਲਿਤ ਸਿਆਸਤ ਦੇ ਵਹਿਣ ਵਿਚ ਵਹਿਣ ਤੋਂ ਉਹ ਬਚਦੇ ਰਹੇ ਸਨ। ਇਕ ਸ਼ਰੀਕ ਸਿਆਸਤਦਾਨ ਦਾ ਇਹ ਖਦਸ਼ਾ ਸੱਚ ਹੋ ਗਿਆ ਹੈ ਕਿ ਜੇ ਇਹ ਪ੍ਰਧਾਨ ਬਣ ਗਿਆ ਤਾਂ ਮਗਰੋਂ ਨਹੀਂ ਲਹਿਣਾ। ਕਹਿਣ ਵਾਲੇ ਵੀ ਉਸ ਵਾਂਗ ਚਲੇ ਗਏ ਹਨ, ਪਰ ਜਿਸ ਤਰ੍ਹਾਂ ਸੁਮੇਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪੰਜਾਬ ਵਾਸਤੇ ਲੋੜੀਂਦੇ ਪ੍ਰਸੰਗਕ-ਸੰਵਾਦ ਵਾਸਤੇ ਲੋੜਵੰਦਾ ਮੰਨ ਲਿਆ ਹੈ, ਇਸ ’ਤੇ ਪਹਿਰਾ ਦੇਣ ਵਿਚ ਹੀ ਪੰਜਾਬ ਦਾ ਭਲਾ ਹੈ।

Advertisement

Advertisement
Author Image

Advertisement