For the best experience, open
https://m.punjabitribuneonline.com
on your mobile browser.
Advertisement

ਸੰਤ ਅਤਰ ਸਿੰਘ ਦੀ ਧਾਰਮਿਕ, ਵਿਦਿਅਕ ਤੇ ਸਮਾਜਿਕ ਖੇਤਰ ਨੂੰ ਦੇਣ

06:17 AM Jan 31, 2024 IST
ਸੰਤ ਅਤਰ ਸਿੰਘ ਦੀ ਧਾਰਮਿਕ  ਵਿਦਿਅਕ ਤੇ ਸਮਾਜਿਕ ਖੇਤਰ ਨੂੰ ਦੇਣ
Advertisement

ਸਤਨਾਮ ਸਿੰਘ ਸੱਤੀ

Advertisement

ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਸਿੱਧਾਂ, ਨਾਥਾਂ, ਸ਼ਹੀਦਾਂ, ਮੁਰੀਦਾਂ ਤੇ ਮਹਾਪੁਰਸ਼ਾਂ ਦੀ ਧਰਤੀ ਹੈ। ਸਮੇਂ-ਸਮੇਂ ’ਤੇ ਕਈ ਪੀਰ, ਪੈਗੰਬਰ ਤੇ ਮਹਾਪੁਰਸ਼ ਇਸ ਧਰਤੀ ਨੂੰ ਆਪਣੇ ਪਵਿੱਤਰ ਚਰਨਾਂ ਤੇ ਉਪਦੇਸ਼ਾਂ ਨਾਲ ਪਾਵਨ ਕਰਦੇ ਰਹੇ। ਅਜਿਹੇ ਮਹਾਪੁਰਸ਼ਾਂ ’ਚੋਂ ਹੀ ਇਕ ਸੰਤ ਅਤਰ ਸਿੰਘ ਮਸਤੂਆਣਾ ਵਾਲੇ ਹੋਏ, ਜਿਨ੍ਹਾਂ 19ਵੀਂ ਸਦੀ ਦੇ ਅਖੀਰਲੇ ਅਤੇ 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਪੰਜਾਬ ਦੇ ਮਾਲਵਾ ਇਲਾਕੇ ਵਿਚ ਇਕ ਸਾਧਾਰਨ ਪੇਂਡੂ ਪਰਿਵਾਰ ਵਿਚ ਜਨਮ ਲਿਆ। ਸੰਤ ਅਤਰ ਸਿੰਘ (1866-1927 ਈ.) ਦੇ ਜੀਵਨ ਅਤੇ ਕਾਰਜਾਂ ਬਾਰੇ ਪੀਐੱਚ.ਡੀ ਕਰਨ ਵਾਲੇ ਡਾਕਟਰ ਅਮਰ ਸਿੰਘ ਨੇ ਦੱਸਿਆ ਕਿ ਸੰਤ ਅਤਰ ਸਿੰਘ ਨੇ ਸਿੱਖੀ ਨੂੰ ਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ। ਇਸੇ ਤਰ੍ਹਾਂ ਉਨ੍ਹਾਂ ਧਾਰਮਿਕ, ਵਿਦਿਅਕ ਅਤੇ ਸਮਾਜਿਕ ਖੇਤਰ ਵਿੱਚ ਵੀ ਸ਼ਲਾਘਾਯੋਗ ਕਾਰਜ ਕੀਤਾ।
19ਵੀਂ ਸਦੀ ਦਾ ਦੂਜਾ ਅੱਧ (1850-1900 ਈ.) ਪੰਜਾਬ ਲਈ ਵਿਸ਼ੇਸ਼ ਚੁਣੌਤੀਆਂ ਦਾ ਸਮਾਂ ਰਿਹਾ ਅਤੇ ਇਸੇ ਸਮੇਂ ਸੰਤ ਅਤਰ ਸਿੰਘ ਦਾ ਜਨਮ (1866 ਈ.) ਹੋਇਆ। 19ਵੀਂ ਸਦੀ ਦੇ ਪਹਿਲੇ ਅੱਧ ਵਿਚ ਪੰਜਾਬ ’ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸੰਨ 1846 ਈ. ਵਿਚ ਆਪਣੀ ਕੂਟਨੀਤੀ ਰਾਹੀਂ ਅੰਗਰੇਜ਼ ਪੰਜਾਬ ਵਿਚ ਦਾਖਲ ਹੋ ਗਏ। 29 ਮਾਰਚ 1849 ਈ. ਵਿਚ ਅੰਗਰੇਜ਼ਾਂ ਨੇ ਮਹਾਰਾਜਾ ਦਲੀਪ ਸਿੰਘ ਕੋਲੋਂ ਸਾਰੇ ਅਧਿਕਾਰ ਖੋਹ ਕੇ ਪੰਜਾਬ ’ਤੇ ਕਬਜ਼ਾ ਕਰ ਲਿਆ। ਸਿੱਖ ਰਾਜ ਤੋਂ ਤੁਰੰਤ ਪਿਛੋਂ ਅੰਗਰੇਜ਼ੀ ਰਾਜ ਸਥਾਪਿਤ ਹੋ ਜਾਣ ਕਾਰਨ ਹਾਲਾਤ ਬਹੁਤ ਤੇਜ਼ੀ ਨਾਲ ਬਦਲਣ ਲੱਗ ਪਏ। ਈਸਾਈਅਤ ਦੇ ਪ੍ਰਚਾਰ ਦਾ ਹੜ੍ਹ ਆ ਗਿਆ। ਇਸ ਸਮੇਂ ਦੌਰਾਨ ਧਾਰਮਿਕ ਦੇ ਨਾਲ-ਨਾਲ ਰਾਜਨੀਤਕ, ਸਮਾਜਿਕ, ਆਰਥਿਕ ਤੇ ਸਭਿਆਚਾਰਕ ਚੁਣੌਤੀਆਂ ਵੀ ਦਰਪੇਸ਼ ਸਨ। ਸੰਤ ਅਤਰ ਸਿੰਘ ਵੱਲੋਂ ਧਾਰਮਿਕ ਖੇਤਰ ਵਿਚ ਪਾਇਆ ਯੋਗਦਾਨ ਬਹੁਪੱਖੀ ਤੇ ਬਹੁ-ਦਿਸ਼ਾਵੀ ਹੈ ਪਰ ਉਸ ਦੀ ਤਹਿ ਵਿੱਚ ਕੰਮ ਕਰਦਾ ਇਕੋ-ਇਕ ਉਦੇਸ਼ ਸਿੱਖ-ਪੰਥ ਦੀ ਆਨ ਤੇ ਸ਼ਾਨ ਵਿਚ ਵਾਧਾ ਕਰਨਾ ਰਿਹਾ। ਉਨ੍ਹਾਂ ਦੇ ਪ੍ਰਚਾਰ ਦਾ ਢੰਗ ਸਮਕਾਲੀ ਲੋੜਾਂ ਅਨੁਸਾਰ ਵਧੇਰੇ ਕਰਕੇ ਪਰੰਪਰਿਕ ਹੀ ਰਿਹਾ ਪਰ ਨਵੀਂ ਰੌਸ਼ਨੀ ਅਨੁਸਾਰ ਉਨ੍ਹਾਂ ਨੇ ਆਧੁਨਿਕ ਵਿਦਿਆ ਦਾ ਸਹਾਰਾ ਵੀ ਲਿਆ। ਸੰਤ ਅਤਰ ਸਿੰਘ ਵੱਲੋਂ ਧਾਰਮਿਕ ਖੇਤਰ ਵਿਚ ਪਾਏ ਯੋਗਦਾਨ ਦੇ ਮੁੱਖ ਪੱਖ ਇਸ ਤਰ੍ਹਾਂ ਹਨ:
ਪਹਿਲਾ ਗੁਰਬਾਣੀ ਕੀਰਤਨ ਅਤੇ ਦੀਵਾਨ, ਦੂਸਰਾ ਅੰਮ੍ਰਿਤ ਸੰਚਾਰ, ਤੀਸਰਾ ਗੁਰਦੁਆਰਿਆਂ ਅਤੇ ਬੁੰਗਿਆਂ ਦੀ ਸਥਾਪਨਾ, ਚੌਥਾ ਸਰੋਵਰਾਂ ਦੀ ਸੇਵਾ, ਪੰਜਵਾਂ ਅਖੰਡ ਤੇ ਸਹਿਜ ਪਾਠ, ਛੇਵਾਂ ਵਿਦਵਾਨ, ਪ੍ਰਚਾਰਕ, ਰਾਗੀ ਆਦਿ ਤਿਆਰ ਕਰਨੇ ਅਤੇ ਸੱਤਵਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਿਜਲੀ ਦਾ ਪ੍ਰਬੰਧ ਕਰਵਾਉਣਾ।
ਸੰਤ ਅਤਰ ਸਿੰਘ ਦੇ ਜੀਵਨ ਦਾ ਦੂਸਰਾ ਮਹੱਤਵਪੂਰਨ ਕਾਰਜਸ਼ੀਲ ਖੇਤਰ ਵਿਦਿਅਕ ਖੇਤਰ ਰਿਹਾ। 20ਵੀਂ ਸਦੀ ਦੇ ਆਰੰਭ ਵਿਚ ਸਮੁੱਚੇ ਸਿੱਖ ਪੰਥ ’ਚੋਂ ਸ਼ਾਇਦ ਇਹੋ ਇਕੋ-ਇਕ ਵੱਡੇ ਵਿਦਿਆ ਪ੍ਰੇਮੀ ਸਨ ਜਿਨ੍ਹਾਂ ਸਿੰਘ ਸਭਾ ਲਹਿਰ ਨਾਲ ਮਿਲ ਕੇ ਚਲਦੇ ਹੋਏ ਵਿਦਿਅਕ ਅਦਾਰੇ ਸਥਾਪਿਤ ਕਰਨ ਅਤੇ ਪੰਥ ਵਿਚ ਗਿਆਨ ਦੀ ਰੌਸ਼ਨੀ ਪੈਦਾ ਕਰਨ ਨੂੰ ਅਗਲਾ ਨਿਸ਼ਾਨਾ ਮਿਥਿਆ। ਸੰਤਾਂ ਵੱਲੋਂ ਕੀਤੇ ਵਿਦਿਅਕ ਕਾਰਜਾਂ ਨੂੰ ਇਨ੍ਹਾਂ ਸਿਰਲੇਖਾਂ ਹੇਠ ਵੰਡ ਕੇ ਵਿਚਾਰਿਆ ਜਾ ਸਕਦਾ ਹੈ:
1. ਸਕੂਲਾਂ ਦੀ ਸਥਾਪਨਾ 2. ਕਾਲਜਾਂ ਦੀ ਸਥਾਪਨਾ 3. ਗੁਰਮਤਿ ਸਿੱਖਿਆ ਕੇਂਦਰਾਂ (ਬੁੰਗਿਆਂ) ਦੀ ਸਥਾਪਨਾ 4. ਉਚ ਵਿਦੇਸ਼ੀ ਅਤੇ ਸਾਇੰਸ ਦੀ ਵਿਦਿਆ ਲਈ ਸਿੱਖਾਂ/ਵਿਦਵਾਨਾਂ ਨੂੰ ਵਿਦੇਸ਼ ਭੇਜਣਾ 5. ਸਿੱਖ ਵਿਦਿਅਕ ਕਾਨਫਰੰਸਾਂ ਵਿਚ ਹਾਜ਼ਰੀ 6. ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ 7. ਸੰਤ ਅਤਰ ਸਿੰਘ ਕਾਲ ਦੀਆਂ ਸੰਸਥਾਵਾਂ।
ਗੁਰਸਾਗਰ ਮਸਤੂਆਣਾ ਸਾਹਿਬ ਸੰਤ ਅਤਰ ਸਿੰਘ ਜੀ ਦਾ 1901 ਈ. ਵਿਚ ਇਕ ਖਾਸ ਉਦੇਸ਼ ਤਹਿਤ ਪੂਰੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਵਸਾਇਆ ਸਥਾਨ ਹੈ। ਜੇ ਇਸ ਨੂੰ ਉਨ੍ਹਾਂ ਦੀ ਕਾਰਜ ਭੂਮੀ ਵੀ ਕਹਿ ਲਿਆ ਜਾਵੇ ਤਾਂ ਇਸ ਵਿਚ ਵੀ ਕੋਈ ਅਤਿ-ਕਥਨੀ ਨਹੀਂ। ਮਾਲਵੇ ਦਾ ਇਹ ਖਿੱਤਾ ਧਾਰਮਿਕ ਅਤੇ ਵਿਦਿਅਕ ਦੋਵੇਂ ਹੀ ਪੱਖਾਂ ਤੋਂ ਪਛੜਿਆ ਹੋਇਆ ਖੇਤਰ ਸੀ। ਇਥੇ ਦੂਰ-ਦੂਰ ਤਕ ਨਾ ਤਾਂ ਕੋਈ ਗੁਰਦੁਆਰਾ ਸੀ ਅਤੇ ਨਾ ਹੀ ਕੋਈ ਵਿਦਿਅਕ ਅਦਾਰਾ। ਸੰਤਾਂ ਨੇ ਆਪ ਉੱਦਮ ਕਰ ਕੇ ਇੱਥੇ ਇਹ ਸੰਸਥਾਵਾਂ ਸਥਾਪਿਤ ਕੀਤੀਆਂ। ਉਨ੍ਹਾਂ ਦੀ ਆਪਣੀ ਸੇਵਾ ਦੀ ਧਾਰਨਾ ’ਤੇ ਹੀ ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਉਨ੍ਹਾਂ ਦੇ ਸਥਾਪਤ ਕੀਤੇ ਸਥਾਨ ਨਾ ਸਿਰਫ ਹੁਣ ਤੱਕ ਸੇਵਾ ਵਿਚ ਲੋੜੀਂਦਾ ਯੋਗਦਾਨ ਪਾ ਰਹੇ ਹਨ ਬਲਕਿ ਉਨ੍ਹਾਂ ਦੀ ਪ੍ਰੇਰਨਾ ਸਦਕਾ ਇਸ ਵਿਚ ਅਗਾਂਹ ਵੀ ਮਹੱਤਵਪੂਰਨ ਵਿਸਥਾਰ ਹੋ ਰਹੇ ਹਨ।
ਸੰਤ ਅਤਰ ਸਿੰਘ ਟਰੱਸਟ ਅਤੇ ਅਕਾਲ ਕਾਲਜ ਕੌਂਸਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਨਿਗਰਾਨੀ ਹੇਠ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਦਸ ਦੇ ਕਰੀਬ ਵਿਦਿਅਕ ਸੰਸਥਾਵਾਂ ਬੜੀ ਸਫਲਤਾਪੂਰਵਕ ਚੱਲ ਰਹੀਆਂ ਹਨ। ਇਥੋਂ ਦੀਆਂ ਸਾਰੀਆਂ ਸੰਸਥਾਵਾਂ ਵਿਚ ਪ੍ਰੋਫੈਸ਼ਨਲ ਅਤੇ ਪੇਂਡੂ ਕੋਰਸਾਂ ਦੀਆਂ ਫੀਸਾਂ ਬਾਕੀ ਪੰਜਾਬ ਦੇ ਸਕੂਲਾਂ-ਕਾਲਜਾਂ ਨਾਲੋਂ ਕਾਫ਼ੀ ਘੱਟ ਹਨ। ਸੰਗਤ ਲਈ 24 ਘੰਟੇ ਗੁਰੂ ਕਾ ਲੰਗਰ ਵੀ ਚੱਲਦਾ ਰਹਿੰਦਾ ਹੈ। ਗੁਰਦੁਆਰੇ ਦੇ ਅੰਦਰ ਡੇਢ ਕਰੋੜ ਦੀ ਲਾਗਤ ਨਾਲ ਇਕ ਵੱਡਾ ਦਰਬਾਰ ਹਾਲ ਉਸਾਰਿਆ ਗਿਆ ਹੈ। ਗੁਰਦੁਆਰੇ ਤੋਂ ਨਿਤਨੇਮ ਅਤੇ ਹੋਰ ਧਾਰਮਿਕ ਪ੍ਰਚਾਰ ਸੰਗਤ ਤੱਕ ਪਹੁੰਚਾਉਣ ਲਈ ਇਕ ਚੈਨਲ ਦਾ ਵੀ ਪ੍ਰਬੰਧ ਹੈ। ਲੜਕਿਆਂ ਅਤੇ ਲੜਕੀਆਂ ਲਈ ਵੱਖਰੇ ਹੋਸਟਲ ਹਨ। ਸੰਤ ਅਤਰ ਸਿੰਘ ਜੀ ਮਹਾਨ ਤਪੱਸਵੀ, ਵਿੱਦਿਆ ਦਾਨੀ, ਧਰਮ ਪ੍ਰਚਾਰਕ ਤੇ ਮਨੋਹਰ ਕੀਰਤਨੀਏ ਸਨ। ਉਨ੍ਹਾਂ ਵੱਲੋਂ ਧਰਮ ਪ੍ਰਚਾਰ ਲਈ ਕੀਤੇ ਉਪਰਾਲੇ ਤੇ ਵਿੱਦਿਆ ਪ੍ਰਸਾਰ ਲਈ ਕੀਤੇ ਕਾਰਜਾਂ ਅਤੇ ਸਮਾਜ ਸੁਧਾਰ ਲਈ ਕੀਤੇ ਯਤਨਾਂ ਲਈ ਸੰਗਤ ਹਮੇਸ਼ਾ ਉਨ੍ਹਾਂ ਦੀ ਰਿਣੀ ਰਹੇਗੀ। ਇਨ੍ਹਾਂ ਗੁਣਾਂ ਨੂੰ ਦੇਖਦਿਆਂ ਚੀਫ਼ ਖਾਲਸਾ ਦੀਵਾਨ ਅਤੇ ਸਿੱਖ ਐਜੂਕੇਸ਼ਨ ਕਾਨਫਰੰਸ ਫਿਰੋਜ਼ਪੁਰ ਵੱਲੋਂ ਉਨ੍ਹਾਂ ਨੂੰ ‘ਸੰਤ’ ਦੀ ਪਦਵੀ ਦੇ ਕੇ ਨਿਵਾਜਿਆ ਗਿਆ ਸੀ।
ਅੰਤਲੇ ਸਮੇਂ 1923 ਈਸਵੀ ਵਿੱਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੀ ਸਥਾਪਨਾ ਕਰ ਕੇ ਆਪ ਦਮਦਮਾ ਸਾਹਿਬ ਜਾ ਕੇ ਸਰੋਵਰ ਦੀ ਕਾਰ ਸੇਵਾ ਨਿਭਾਉਂਦੇ ਰਹੇ।
ਸਮਾਜ ਅਤੇ ਜੀਵਨ ਦੇ ਸਬੰਧ ਦੀ ਸਿਧਾਂਤਕ ਪਹਿਲੂ ਤੋਂ ਘੋਖ ਕਰਨ ਲੱਗਿਆਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੇਸ਼ ਦੇ ਜੀਵਨ ਢੰਗ ਨੂੰ ਘੋਖਿਆ ਜਾਵੇ। ਲੋਕਾਂ ਦੇ ਰਹਿਣ ਸਹਿਣ ਦਾ ਢੰਗ, ਉਨ੍ਹਾਂ ਦੇ ਰਿਵਾਜ, ਉਨ੍ਹਾਂ ਦੀਆਂ ਖਾਣ-ਪੀਣ ਅਤੇ ਪਹਿਨਣ ਦੀਆਂ ਪ੍ਰਵਿਰਤੀਆਂ ਅਤੇ ਸ਼ੌਕ ਆਦਿ ਨੂੰ ਵੀ ਘੋਖਿਆ ਜਾਵੇ। 19ਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬ ਦੀ ਸਮਾਜਿਕ ਸਥਿਤੀ ਮੁਸ਼ਕਲਾਂ ਭਰੀ ਸੀ। ਸ਼ਾਸਕ ਸ਼੍ਰੇਣੀ ਬੜੀ ਜ਼ਾਲਮ ਤੇ ਨਿਰਦਈ ਸੀ, ਜਿਸ ਨੇ ਆਮ ਜਨਤਾ ’ਤੇ ਬੜੇ ਜ਼ੁਲਮ ਢਾਹੇ। ਸਿੱਖ ਸ਼ਕਤੀ ਜੋ ਆਮ ਕਿਸਾਨਾਂ ’ਚੋਂ ਉਠੀ ਸੀ, ਵਿੱਚ ਮਾਲਕ ਤੇ ਗੁਲਾਮ ਦੋਹਾਂ ਤਰ੍ਹਾਂ ਦੇ ਲੋਕ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਰਾਜ ਵਿਚ ਪੰਜਾਬ ਦੇ ਸਮਾਜਿਕ ਜੀਵਨ ਵਿਚ ਕੁਝ ਚੈਨ ਆਇਆ ਸੀ। ਲੋਕਾਂ ਨੂੰ ਅਮਨ ਤੇ ਸ਼ਾਂਤੀ ਨਸੀਬ ਹੋਈ ਸੀ। ਰਾਜ ਭਾਗ ਵਿਦੇਸ਼ੀ ਸ਼ਾਸਕਾਂ ਦੇ ਹੱਥ ਆਉਣ ਨਾਲ ਜਿੱਥੇ ਜਾਇਦਾਦਾਂ ਲੁੱਟੀਆਂ ਗਈਆਂ ਅਤੇ ਖੇਤ ਉਜਾੜੇੇ ਗਏ, ਉਥੇ ਲੋਕ ਵੀ ਕਠੋਰ ਮਨਾਂ ਵਾਲੇ ਹੋ ਗਏ। ਸਮਾਜਿਕ ਤਾਣੇ-ਬਾਣੇ ਦੀਆਂ ਉਲਝਣਾਂ ਨਾਲ ਆਪਸੀ ਪਿਆਰ, ਭਾਈਚਾਰਕ ਸਾਂਝ ਅਤੇ ਏਕਤਾ ਖਤਮ ਹੋ ਗਈ ਸੀ। ਵਹਿਮ-ਭਰਮ, ਜਾਤ-ਪਾਤ, ਜਾਦੂ-ਟੂਣੇ, ਔਰਤ ਦੀ ਦੁਰਦਸ਼ਾ, ਅਨਪੜ੍ਹਤਾ ਆਦਿ ਅਲਾਮਤਾਂ ਨੇ ਸਮਕਾਲੀ ਸਮਾਜ ਨੂੰ ਗ੍ਰਸਿਆ ਹੋਇਆ ਸੀ। ਧਰਮ ਵਿਹੂਣੇ ਅਤੇ ਭੁੱਲੇ ਭਟਕੇ ਲੋਕਾਂ ਨੂੰ ਰੌਸ਼ਨੀ ਦਿਖਾਉਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ ਸੀ।
ਅਰਾਜਕਤਾ ਦੇ ਇਸ ਕਾਲ ਵਿਚ ਜਦੋਂ ਸਾਰਾ ਸਮਾਜਿਕ ਤਾਣਾ-ਬਾਣਾ ਅਲੱਗ-ਥਲੱਗ ਹੋਇਆ ਪਿਆ ਸੀ ਤਾਂ ਸੰਤ ਅਤਰ ਸਿੰਘ ਲੋਕਾਈ ਨੂੰ ਸੇਧ ਦੇਣ ਲਈ ਸਾਹਮਣੇ ਆਏ। ਉਨ੍ਹਾਂ ਨੇ ਡਿਕ-ਡੋਲੇ ਖਾਂਦੇ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਧਾਰਮਿਕ, ਵਿਦਿਅਕ ਤੇ ਸਮਾਜਿਕ ਖੇਤਰ ਵਿਚ ਅਣਥੱਕ ਕਾਰਜ ਕੀਤੇ। ਇਥੇ ਅਸੀਂ ਸਿਰਫ ਸਮਾਜਿਕ ਖੇਤਰ ਵਿਚ ਉਨ੍ਹਾਂ ਦੀ ਦੇਣ ਸਬੰਧੀ ਗੱਲ ਕਰਾਂਗੇ। ਸਮਾਜਿਕ ਖੇਤਰ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੇ ਪ੍ਰਮੁੱਖ ਪਹਿਲੂ ਇਹ ਹਨ:
1. ਸਿੱਖ ਸੁਧਾਰ ਲਹਿਰਾਂ ਵਿਚ ਯੋਗਦਾਨ 2. ਦੇਸ਼ ਦੀ ਆਜ਼ਾਦੀ ਦੀਆਂ ਲਹਿਰਾਂ ਵਿਚ ਯੋਗਦਾਨ 3. ਸਮਾਜਿਕ ਬੁਰਾਈਆਂ ਦੇ ਹੱਲ ਲਈ ਯਤਨ 4. ਮਾੜੇ ਰਾਹਾਂ ਤੋਂ ਚੰਗੇ ਰਸਤਿਆਂ ਵੱਲ ਜਾਣ ਦੀ ਅਗਵਾਈ 5. ਅਕਾਲ ਕਾਲਜ ਗੁਰਸਾਗਰ ਮਸਤੂਆਣਾ ਕੌਂਸਲ ਦਾ ਗਠਨ 6. ਸੇਵਾ ਸਿੰਘ ਠੀਕਰੀਵਾਲਾ ਨੂੰ ਕੌਂਸਲ ਦਾ ਪ੍ਰਧਾਨ ਬਣਾਉਣਾ 7. ਪਟਿਆਲਾ ਅਤੇ ਨਾਭਾ ਰਿਆਸਤਾਂ ਦੇ ਝਗੜੇ ਨਿਪਟਾਉਣ ਦੀ ਕੋਸ਼ਿਸ਼। ਸੰਤ ਅਤਰ ਸਿੰਘ ਦੇ ਸਮੁੱਚੇ ਜੀਵਨ ਵਿਚ ਕੀਤੇ ਕਾਰਜ ਗਿਣਤੀ ਅਤੇ ਪ੍ਰਕਿਰਤੀ ਪੱਖੋਂ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਸਾਰਿਆਂ ’ਤੇ ਇਥੇ ਵਿਚਾਰ ਕਰਨੀ ਸੰਭਵ ਨਹੀਂ ਹੈ। ਅਸੀਂ ਉਨ੍ਹਾਂ ਦੇ ਅਨੇਕਾਂ ਕਾਰਜਾਂ ’ਚੋਂ ਸਿਰਫ ਕੁਝ ਨੂੰ ਹੀ ਆਪਣੇ ਖੋਜ-ਪ੍ਰਬੰਧ ਵਿਚ ਲੈ ਸਕੇ ਹਾਂ। ਉਨ੍ਹਾਂ ਦਾ ਧਾਰਮਿਕ, ਵਿਦਿਅਕ ਅਤੇ ਸਮਾਜਿਕ ਖੇਤਰ ਦੇ ਨਾਲ-ਨਾਲ ਦੇਸ਼ ਦੀ ਆਜ਼ਾਦੀ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਵੀ ਪ੍ਰਸ਼ੰਸਾਯੋਗ ਸਥਾਨ ਹੈ। ਇਸ ਤਰ੍ਹਾਂ ਉਨ੍ਹਾਂ ਦੀ ਸ਼ਖ਼ਸੀਅਤ ਵਿਚਲੇ ਗੁਣ ਗੁਰਮਤਿ ਦੇ ਪ੍ਰਚਾਰਕ ਹੋਣ ਦੇ ਨਾਲ ਵਿਦਿਆ ਪ੍ਰੇਮੀ ਅਤੇ ਸਮਾਜ ਸੁਧਾਰਕ ਦੇ ਤੌਰ ’ਤੇ ਵੀ ਉਭਰ ਕੇ ਸਾਹਮਣੇ ਆਏ ਹਨ। ਉਨ੍ਹਾਂ ਨੂੰ ਇਸ ਵਿਲੱਖਣ, ਬਹੁ-ਦਿਸ਼ਾਵੀ ਅਤੇ ਵਡਮੁੱਲੀ ਦੇਣ ਕਰਕੇ ਸਦਾ ਯਾਦ ਕੀਤਾ ਜਾਵੇਗਾ। ਅਜਿਹੀ ਪਰਉਪਕਾਰੀ ਸ਼ਖਸੀਅਤ ਦੇ ਮਾਲਕ ਲਗਪਗ 61 ਸਾਲ ਦੀ ਉਮਰ ਵਿਚ ਸੰਗਰੂਰ 31 ਜਨਵਰੀ 1927 ਈ. ਨੂੰ ਅਕਾਲ ਚਲਾਣਾ ਕਰ ਗਏ। ਇਸ ਸਥਾਨ ’ਤੇ ਹੁਣ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਸੰਤ ਜੀ ਦਾ ਮਸਤੂਆਣਾ ਸਾਹਿਬ ਨਾਲ ਦਿਲੀ ਪ੍ਰੇਮ ਹੋਣ ਕਰਕੇ ਸੰਗਤ ਨੇ ਉਨ੍ਹਾਂ ਦਾ ਸਸਕਾਰ ਮਸਤੂਆਣਾ ਸਾਹਿਬ ਵਿੱਚ ਕੀਤਾ। ਇਸ ਜਗ੍ਹਾ ’ਤੇ ਅੱਜਕੱਲ੍ਹ ਗੁਰਦੁਆਰਾ ਅੰਗੀਠਾ ਸਾਹਿਬ ਸਥਾਪਤ ਹੈ। ਸੰਤ ਅਤਰ ਸਿੰਘ ਦੀ ਯਾਦ ਵਿੱਚ ਹਰ ਸਾਲ 17, 18 ਅਤੇ 19 ਮਾਘ (30, 31 ਜਨਵਰੀ ਅਤੇ 1 ਫਰਵਰੀ) ਨੂੰ ਤਿੰਨ ਦਿਨ ਉਨ੍ਹਾਂ ਦੀ ਬਰਸੀ ਮੌਕੇ ਮਸਤੂਆਣਾ ਸਾਹਿਬ ਵਿੱਚ ਸਮਾਗਮ ਕਰਵਾਏ ਜਾਂਦੇ ਹਨ।
ਸੰਪਰਕ: 94171-82101

Advertisement
Author Image

joginder kumar

View all posts

Advertisement
Advertisement
×