ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਂਝ ਦਾ ਸੁਨੇਹਾ ਪਿੰਡ ਪਿੰਡ ਪੁੱਜੇ

07:13 AM Oct 20, 2024 IST
ਪਿੰਡ ਕੁਰਾਈਵਾਲਾ ’ਚ ਜੇਤੂ ਸਰਪੰਚ ਗੁਰਜੀਤ ਸਿੰਘ (ਖੱਬਿਓਂ ਤੀਜੇ) ਨਾਲ ਗੁਰਪ੍ਰੀਤ ਸਿੰਘ।

ਅਰਵਿੰਦਰ ਜੌਹਲ
ਪੰਜਾਬ ਵਿੱਚ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦਾ ਅਮਲ ਮੁਕੰਮਲ ਹੋਣ ਮਗਰੋਂ ਨਵੀਆਂ ਪੰਚਾਇਤਾਂ ਹੋਂਦ ’ਚ ਆ ਗਈਆਂ ਹਨ। ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਮਲ ਤੋਂ ਇਲਾਵਾ ਵੋਟਰ ਸੂਚੀਆਂ, ਵਾਰਡਬੰਦੀ ਤੇ ਰਾਖਵੇਂਕਰਨ ਸਬੰਧੀ ਕਈ ਥਾਈਂ ਤਣਾਅ ਅਤੇ ਟਕਰਾਅ ਵਾਲਾ ਮਾਹੌਲ ਰਿਹਾ। ਇੱਥੋਂ ਤੱਕ ਕਿ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਪਾੜਨ ਅਤੇ ਸਰਕਾਰ ’ਤੇ ਇਨ੍ਹਾਂ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਣ ਲਈ ਵੱਖ ਵੱਖ ਹੱਥਕੰਡੇ ਵਰਤਣ ਦੇ ਦੋਸ਼ ਵੀ ਲਾਏ ਗਏ। ਪੰਚਾਇਤੀ ਚੋਣਾਂ ਦੇ ਅਮਲ ’ਚ ਗੜਬੜੀਆਂ ਦਾ ਮਾਮਲਾ ਅੰਤ ਸੁਪਰੀਮ ਕੋਰਟ ਤੱਕ ਜਾ ਪੁੱਜਾ ਪਰ ਸੁਪਰੀਮ ਕੋਰਟ ਨੇ ਨਾਮਜ਼ਦਗੀਆਂ ਦੇ ਅਮਲ ਵਿੱਚ ਕਥਿਤ ਬੇਨਿਯਮੀਆਂ ਦੇ ਹਵਾਲੇ ਨਾਲ ਪੰਜਾਬ ’ਚ ਪੰਚਾਇਤੀ ਚੋਣਾਂ ਦੇ ਅਮਲ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ। ਸੁਪਰੀਮ ਕੋਰਟ ਦੀ ਦਲੀਲ ਸੀ ਕਿ ਮਤਦਾਨ ਵਾਲੇ ਦਿਨ ਚੋਣਾਂ ਦੇ ਅਮਲ ’ਤੇ ਰੋਕ ਲਾਉਣ ਨਾਲ ਬੇਵਜ੍ਹਾ ਘੜਮੱਸ ਪਵੇਗਾ। ਉਂਜ, ਸੁਪਰੀਮ ਕੋਰਟ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਹਰੀ ਝੰਡੀ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਸੁਣਵਾਈ ਲਈ ਸਹਿਮਤੀ ਜ਼ਰੂਰ ਦੇ ਦਿੱਤੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੋਟਰ ਸੂਚੀਆਂ, ਨਾਮਜ਼ਦਗੀਆਂ ਅਤੇ ਵਾਰਡਬੰਦੀ ਦੇ ਹਵਾਲੇ ਨਾਲ ਚੁਣੌਤੀ ਦੇਣ ਵਾਲੀਆਂ ਤਕਰੀਬਨ 700 ਪਟੀਸ਼ਨਾਂ ਰੱਦ ਕਰ ਦਿੱਤੀਆਂ ਸਨ।

Advertisement

ਸੁਖਦਰਸ਼ਨ ਸਿੰਘ (ਵਿਚਕਾਰ, ਨੀਲੀ ਪੱਗ ਵਾਲੇ) ਨਾਲ ਗੁਰਜੀਤ ਸਿੰਘ।

ਪੰਚਾਇਤੀ ਚੋਣਾਂ ਲਈ ਵੋਟਿੰਗ ਵਾਲੇ ਦਿਨ ਤਿੰਨ ਥਾਈਂ ਗੋਲੀਆਂ ਚੱਲੀਆਂ, ਦਰਜਨ ਦੇ ਕਰੀਬ ਜ਼ਿਲ੍ਹਿਆਂ ਵਿੱਚ ਝੜਪਾਂ ਹੋਈਆਂ ਅਤੇ ਕੁਝ ਥਾਈਂ ਪਥਰਾਅ ਵੀ ਹੋਇਆ। ਕਈ ਥਾਈਂ ਹੋਈ ਚੋਣ ਹਿੰਸਾ ’ਚ ਪੁਲੀਸ ਮੁਲਾਜ਼ਮ ਅਤੇ ਹੋਰ ਲੋਕ ਵੀ ਜ਼ਖ਼ਮੀ ਹੋਏ। ਹਿੰਸਾ, ਤਣਾਅ ਤੇ ਟਕਰਾਅ ਦੀਆਂ ਇਨ੍ਹਾਂ ਖ਼ਬਰਾਂ ਦੇ ਨਾਲ ਨਾਲ ਕੁਝ ਥਾਈਂ ਗੜਬੜੀਆਂ, ਧਾਂਦਲੀਆਂ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਖ਼ੈਰ, ਜਿਵੇਂ ਕਿਵੇਂ 68 ਫ਼ੀਸਦੀ ਮਤਦਾਨ ਨਾਲ ਇਨ੍ਹਾਂ ਚੋਣਾਂ ਦਾ ਅਮਲ ਮੁਕੰਮਲ ਹੋ ਗਿਆ।
ਚੋਣ ਨਤੀਜਿਆਂ ਤੋਂ ਬਾਅਦ ਅਗਲੇ ਦਿਨ ਵੱਖ ਵੱਖ ਪਿੰਡਾਂ ਤੋਂ ਪੰਚਾਇਤਾਂ ਸਬੰਧੀ ਵੇਰਵੇ ਅਤੇ ਹੋਰ ਖ਼ਬਰਾਂ ਆਉਣ ਲੱਗੀਆਂ। ਇਸੇ ਦੌਰਾਨ ਜਿੱਥੇ ਕਈ ਥਾਵਾਂ ਤੋਂ ਤਿੱਖੀਆਂ ਧੜੇਬੰਦੀਆਂ ਅਤੇ ਹਾਲਾਤ ਤਣਾਅਪੂਰਨ ਹੋਣ ਦੇ ਵੇਰਵੇ ਮਿਲ ਰਹੇ ਸਨ, ਉੱਥੇ ਮਲੋਟ ਦੇ ਪਿੰਡ ਕੁਰਾਈਵਾਲਾ ਤੋਂ ਆਈ ਖ਼ਬਰ ਦਿਲ ਨੂੰ ਸਕੂਨ ਦੇਣ ਵਾਲੀ ਸੀ। ਸਰਪੰਚੀ ਦੇ ਮੁਕਾਬਲੇ ’ਚ ਜੇਤੂ ਰਹੇ ਗੁਰਜੀਤ ਸਿੰਘ ਚੋਣ ਜਿੱਤਣ ਮਗਰੋਂ ਆਪਣੀ ਖ਼ੁਸ਼ੀ ਸਾਂਝੀ ਕਰਨ ਲਈ ਢੋਲ-ਢਮੱਕਿਆਂ ’ਤੇ ਆਪਣੇ ਹਮਾਇਤੀਆਂ ਨਾਲ ਭੰਗੜੇ ਪਾਉਣ ਦੀ ਥਾਂ ਸਰਪੰਚੀ ਦੇ ਮੁਕਾਬਲੇ ’ਚ ਹਾਰਨ ਵਾਲੇ ਬਲਜੀਤ ਸਿੰਘ ਖਾਲਸਾ ਦੇ ਘਰ ਗਏ। ਗੁਰਜੀਤ ਨੇ ਜਿੱਤ ਮਗਰੋਂ ਆਪਣੇ ਗਲ ’ਚ ਪਏ ਸਾਰੇ ਹਾਰ ਲਾਹ ਕੇ ਖਾਲਸਾ ਦੇ ਗਲ ਵਿੱਚ ਪਾਉਂਦਿਆਂ ਉਨ੍ਹਾਂ ਨੂੰ ਨਾ ਸਿਰਫ਼ ਪੂਰਾ ਮਾਣ-ਤਾਣ ਦਿੱਤਾ ਸਗੋਂ ਪਿੰਡ ਦੀ ਬਿਹਤਰੀ ਲਈ ਰਲ ਕੇ ਚੱਲਣ ਦਾ ਆਸ਼ੀਰਵਾਦ ਵੀ ਲਿਆ। ਇਸ ਮੌਕੇ ਇੱਕ-ਦੂਜੇ ’ਤੇ ਗੁਲਾਲ ਦੀ ਵਰਖਾ ਵੀ ਕੀਤੀ ਗਈ। ਇਸ ਚੋਣ ਵਿੱਚ ਗੁਰਜੀਤ ਸਿੰਘ ਦੇ ਮੁਕਾਬਲੇ ਬਲਜੀਤ ਸਿੰਘ ਖਾਲਸਾ ਤੋਂ ਇਲਾਵਾ ਤਿੰਨ ਹੋਰ ਉਮੀਦਵਾਰ ਗੁਰਪ੍ਰੀਤ ਸਿੰਘ, ਗੁਰਦਾਸ ਸਿੰਘ ਅਤੇ ਸੁਖਦਰਸ਼ਨ ਸਿੰਘ ਵੀ ਮੈਦਾਨ ’ਚ ਸਨ। ਗੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਸ ਪਿੰਡ ’ਚ ਰਵਾਇਤ ਚਲੀ ਆ ਰਹੀ ਹੈ ਕਿ ਜਿੱਤਣ ਵਾਲਾ ਸਰਪੰਚ ਹਾਰੇ ਹੋਏ ਉਮੀਦਵਾਰ ਤੋਂ ਮੁਬਾਰਕਬਾਦ ਤੇ ਆਸ਼ੀਰਵਾਦ ਲੈਣ ਜਾਂਦਾ ਹੈ। ਇਸ ਸਿਲਸਿਲੇ ’ਚ ਗੁਰਜੀਤ ਸਿੰਘ ਦਾ ਖ਼ੁਦ ਬਲਜੀਤ ਸਿੰਘ ਖਾਲਸਾ ਦੇ ਘਰ ਜਾਣਾ ਤਾਂ ਨਿਸ਼ਚੇ ਹੀ ਤੁਹਾਨੂੰ ਚੰਗਾ ਲੱਗਦਾ ਹੈ ਪਰ ਨਾਲ ਸਰਪੰਚੀ ਦੀ ਚੋਣ ਹਾਰਨ ਵਾਲੇ ਗੁਰਪ੍ਰੀਤ ਸਿੰਘ ਦਾ ਵਿਹਾਰ ਵੀ ਦੇਖੋ; ਉਹ ਗੁਰਜੀਤ ਸਿੰਘ ਤੋਂ ਪਹਿਲਾਂ ਹੀ ਉਸ ਦੇ ਘਰ ਜਾ ਪੁੱਜਿਆ ਅਤੇ ਉਸ ਨੂੰ ਜਿੱਤ ’ਤੇ ਮੁਬਾਰਕਬਾਦ ਦਿੱਤੀ। ਗੁਰਜੀਤ ਸਿੰਘ ਦਾ ਸਰਪੰਚੀ ਦੇ ਦੋ ਹੋਰ ਦਾਅਵੇਦਾਰਾਂ ਸੁਖਦਰਸ਼ਨ ਸਿੰਘ ਤੇ ਗੁਰਦਾਸ ਸਿੰਘ ਨਾਲ ਵੀ ਰਾਬਤਾ ਬਣਿਆ ਹੋਇਆ ਹੈ। ਮੈਂ ਜਦੋਂ ਸ਼ਨਿੱਚਰਵਾਰ ਸ਼ਾਮ ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਗੁਰਦਾਸ ਸਿੰਘ, ਜਿਸ ਦਾ ਪਰਿਵਾਰ ਗਿੱਦੜਬਾਹਾ ਰਹਿੰਦਾ ਹੈ, ਨਾਲ ਅਜੇ ਕੁਝ ਦੇਰ ਪਹਿਲਾਂ ਹੀ ਉਸ ਦੀ ਟੈਲੀਫੋਨ ’ਤੇ ਗੱਲ ਹੋ ਰਹੀ ਸੀ।
ਚੋਣ ਪ੍ਰਚਾਰ ਦੌਰਾਨ ਕਿਸੇ ਨਾਲ ਕੋਈ ਤਲਖ਼ੀ ਹੋਣ ਬਾਰੇ ਪੁੱਛੇ ਜਾਣ ’ਤੇ ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਜਦੋਂ ਵੀ ਵੱਖ ਵੱਖ ਉਮੀਦਵਾਰ ਆਪਣੇ ਹਮਾਇਤੀਆਂ ਨਾਲ ਰਾਹ ’ਚ ਟੱਕਰਦੇ ਸਨ ਤਾਂ ਉਹ ਹਮੇਸ਼ਾ ਜੱਫੀ ਪਾ ਕੇ ਮਿਲਦੇ ਅਤੇ ਹੱਸਦਿਆਂ ਇੱਕ-ਦੂਜੇ ਨੂੰ ‘ਸਾਡਾ ਖ਼ਿਆਲ ਰੱਖਿਓ’ ਕਹਿੰਦੇ ਸਨ। ਉਸ ਦਾ ਕਹਿਣਾ ਹੈ ਕਿ ‘‘ਚੋਣ ਮੁਕਾਬਲਾ ਆਪਣੀ ਥਾਂ ਹੈ, ਪਰ ਪਿੰਡ ’ਚ ਭਾਈਚਾਰਕ ਸਾਂਝ ਵਧੇਰੇ ਭਾਰੂ ਹੈ।’’ ਇਹ ਵੀ ਨਹੀਂ ਕਿ ਉਹ ਇਸ ਹਕੀਕਤ ਤੋਂ ਵਾਕਿਫ਼ ਨਹੀਂ ਕਿ ਜ਼ਿੰਦਗੀ ’ਚ ਸਭ ਕੁਝ ਹੀ ਚੰਗਾ ਨਹੀਂ ਹੁੰਦਾ। ਉਹ ਸਾਫ਼ ਅਤੇ ਸਪੱਸ਼ਟ ਸ਼ਬਦਾਂ ’ਚ ਕਹਿੰਦਾ ਹੈ, ‘‘ਤੱਤੇ ਬੰਦੇ (ਹਮਾਇਤੀ) ਤਾਂ ਸਾਰੇ ਪਾਸੇ ਹੀ ਹੁੰਦੇ ਹਨ ਪਰ ਉਨ੍ਹਾਂ ਵੱਲੋਂ ਹਮੇਸ਼ਾ ਸਾਰਿਆਂ ਨੂੰ ਸਹਿਜ ਨਾਲ ਚੱਲਣ ਲਈ ਹੀ ਪ੍ਰੇਰਿਆ ਜਾਂਦਾ ਹੈ।’’ ਗੁਰਜੀਤ ਨੇ ਦੱਸਿਆ ਕਿ ਜਦੋਂ ਦੋ ਬੂਥਾਂ ਦੀਆਂ ਵੋਟਾਂ ਗਿਣੀਆਂ ਜਾ ਚੁੱਕੀਆਂ ਸਨ ਤੇ ਉਸ ਦੀ ਵੱਡੀ ਲੀਡ ਸੀ ਤਾਂ ਬਲਜੀਤ ਸਿੰਘ, ਸੁਖਦਰਸ਼ਨ ਸਿੰਘ ਅਤੇ ਗੁਰਦਾਸ ਸਿੰਘ ਨੇ ਉਸ ਵੱਲ ਦੇਖਦਿਆਂ ਜਿੱਤ ਦਾ ਇਸ਼ਾਰਾ (ਥਮਜ਼ ਅੱਪ) ਕੀਤਾ। ਤੀਜੇ ਬੂਥ ਦੀਆਂ ਵੋਟਾਂ ਦੀ ਗਿਣਤੀ ਮਗਰੋਂ ਜਦੋਂ ਜਿੱਤ ਯਕੀਨੀ ਹੋ ਗਈ ਤਾਂ ਗੁਰਪ੍ਰੀਤ ਸਿੰਘ ਨੇ ਉਸ ਨਾਲ ਹੱਥ ਮਿਲਾਇਆ ਅਤੇ ਵਧਾਈ ਦਿੰਦਿਆਂ ਘੁੱਟ ਕੇ ਜੱਫੀ ਪਾ ਲਈ। ਗੁਰਜੀਤ ਦੇ ਹਮਾਇਤੀ ਵਰਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਜਦੋਂ ਇੱਕ ਵਾਰ ਗੁਰਜੀਤ ਜਿੱਤ ਗਿਆ ਤਾਂ ਸਾਰਾ ਪਿੰਡ ਹੀ ਖ਼ੁਸ਼ ਸੀ ਅਤੇ ਪਿੰਡ ਵਿੱਚ ਪੰਜ ਥਾਈਂ ਉਸ ਨੂੰ ਲੱਡੂਆਂ ਨਾਲ ਤੋਲਿਆ ਗਿਆ। ਪਿੰਡ ਕੁਰਾਈਵਾਲਾ ਦੇ ਆਗੂਆਂ ਨੇ ਆਪਸੀ ਮਿਲਵਰਤਣ ਅਤੇ ਸਾਂਝ ਦਾ ਜੋ ਸੁਨੇਹਾ ਦਿੱਤਾ ਹੈ, ਉਹ ਹਰ ਪਿੰਡ ਅਤੇ ਹਰ ਆਗੂ ਤੱਕ ਪੁੱਜਣਾ ਚਾਹੀਦਾ ਹੈ। ਜ਼ਾਹਿਰ ਹੈ ਕਿ ਇਸ ਪਿੰਡ ਨੇ ਸਿਆਸੀ ਲੀਹਾਂ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਇਹ ਕਦਮ ਚੁੱਕਿਆ ਹੈ। ਉਹ ਜਾਣਦੇ ਹਨ ਕਿ ਪਿੰਡ ਦੇ ਵਿਕਾਸ ਲਈ ਸਾਰਿਆਂ ’ਚ ਸਾਂਝ ਦਾ ਪੁਲ ਜ਼ਰੂਰੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਵਿਰੋਧੀ ਧੜੇ ਇੱਕ-ਦੂਜੇ ਦੇ ਕੰਮ ’ਚ ਅੜਿੱਕੇ ਡਾਹੁੰਦੇ ਰਹਿੰਦੇ ਹਨ ਅਤੇ ਅਣਚਾਹੀ ਖਿੱਚੋਤਾਣ ਤੇ ਤਣਾਅ ਕਾਰਨ ਹਮੇਸ਼ਾ ਕੁੜੱਤਣ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਇਸ ਪਿੰਡ ਵਿੱਚ ਵੀ ਕੁਝ ਵਿਅਕਤੀ ਅਜਿਹੇ ਜ਼ਰੂਰ ਹੋਣਗੇ ਜਿਨ੍ਹਾਂ ਨੂੰ ਭਾਈਚਾਰਕ ਸਾਂਝ ਅਤੇ ਇਕਜੁੱਟਤਾ ਰਾਸ ਨਹੀਂ ਆਉਂਦੀ ਹੋਵੇਗੀ ਪਰ ਸਰਪੰਚੀ ਦੀ ਥਾਂ ਭਾਈਚਾਰਕ ਸਾਂਝ ਨੂੰ ਤਰਜੀਹ ਦੇਣ ਵਾਲੇ ਪਿੰਡ ਦੇ ਇਹ ਸਾਰੇ ਆਗੂ ਅਤੇ ਵਾਸੀ ਸ਼ਲਾਘਾ ਦੇ ਪਾਤਰ ਹਨ। ਜੇ ਪਿੰਡ ਪੱਧਰ ਦੇ ਆਗੂ ਸਿਆਸੀ ਖਿੱਚੋਤਾਣ ਦੀ ਥਾਂ ਆਪਸੀ ਸਹਿਯੋਗ ਦੇ ਰਾਹ ਤੁਰ ਸਕਦੇ ਹਨ ਤਾਂ ਸਿਆਸੀ ਪਾਰਟੀਆਂ ਨੂੰ ਇਸ ਰਾਹ ਤੁਰਨਾ ਕੀ ਔਖਾ ਹੈ!
ਕੁਰਾਈਵਾਲਾ ਵਾਲਿਓ, ਤੁਹਾਨੂੰ ਸਾਰਿਆਂ ਨੂੰ ਜਿੱਤ ਦਾ ਇਹ ਜਸ਼ਨ ਮੁਬਾਰਕ! ਸਭ ਤੋਂ ਵੱਧ ਮੁਬਾਰਕਬਾਦ ਇਸ ਗੱਲੋਂ ਕਿ ਤੁਹਾਡੇ ਜਾਇਆਂ ਨੂੰ ਜਿੱਤ ਦੇ ਨਾਲ ਹਾਰ ਵੀ ਓਨੇ ਹੀ ਸਹਿਜ ਨਾਲ ਕਬੂਲਣੀ ਆਉਂਦੀ ਹੈ।

Advertisement
Advertisement