ਸੰਜੈ ਦੱਤ ਵੱਲੋਂ ਸਿਆਸਤ ’ਚ ਆਉਣ ਤੋਂ ਇਨਕਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਦਸੰਬਰ
ਬੌਲੀਵੁੱਡ ਅਦਾਕਾਰ ਕਲਾਕਾਰ ਸੰਜੈ ਦੱਤ ਨੇ ਸਿਆਸਤ ਵਿੱਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਹ ਅੱਜ ਇੱਥੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਸਨ। ਉਹ ਇੱਥੇ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਦੇ ਸਬੰਧ ਵਿੱਚ ਆਏ ਹੋਏ ਹਨ। ਹਰਿਮੰਦਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਸਿਆਸਤ ਵਿੱਚ ਸ਼ਾਮਲ ਹੋਣ ਸਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਹੱਥ ਜੋੜਦਿਆਂ ਕਿਹਾ ਕਿ ਮੈਨੂੰ ਮੁਆਫ਼ ਕਰੋ। ਦੱਸਣਯੋਗ ਹੈ ਕਿ ਸੰਜੈ ਦੱਤ ਤੇ ਪਿਤਾ ਮਰਹੂਮ ਸੁਨੀਲ ਦੱਤ ਅਤੇ ਉਨ੍ਹਾਂ ਦੀ ਭੈਣ ਦੋਵੇਂ ਹੀ ਸੰਸਦ ਮੈਂਬਰ ਰਹਿ ਚੁੱਕੇ ਹਨ।
ਸੰਜੈ ਦੱਤ ਨਾਲ, ਯਾਮੀ ਗੌਤਮ, ਨਿਰਦੇਸ਼ਕ ਅਦਿਤਿਆਧਰ ਤੇ ਹੋਰਨਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਯਾਮੀ ਅਤੇ ਅਦਿਤਿਆ ਨਾਲ ਉਨ੍ਹਾਂ ਦਾ ਨਵ-ਜੰਮਿਆ ਪੁੱਤਰ ਅਤੇ ਪਰਿਵਾਰ ਵੀ ਸੀ। ਫ਼ਿਲਹਾਲ ਫਿਲਮ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਫਿਲਮ ਕਲਾਕਾਰ ਸੰਜੇ ਦੱਤ ਨੇ ਕਿਹਾ ਕਿ ਉਸ ਨੂੰ ਗੁਰੂ ਘਰ ਨਤਮਸਤਕ ਹੋ ਕੇ ਬੜਾ ਚੰਗਾ ਲੱਗਾ ਹੈ। ਉਨ੍ਹਾਂ ਨੇ ਪੰਜਾਬ ਨੂੰ ਸਾਡਾ ਪੰਜਾਬ ਕਿਹਾ। ਪੰਜਾਬੀ ਵਿੱਚ ਬੋਲਣ ਦਾ ਯਤਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਇੱਥੇ ਆਉਣਾ ਪਸੰਦ ਹੈ। ਫਿਲਮ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਐਕਸ਼ਨ ਅਤੇ ਰੋਮਾਂਚ ਭਰਪੂਰ ਫਿਲਮ ਹੈ ਅਤੇ ਲੋਕਾਂ ਨੂੰ ਪਸੰਦ ਆਵੇਗੀ। ਸ਼ਹਿਰ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਲੱਸੀ ਪੀਤੀ ਹੈ, ਪਨੀਰ ਦੇ ਟਿੱਕੇ ਅਤੇ ਕਚੌਰੀ ਖਾਧੀ ਹੈ। ਉਨ੍ਹਾਂ ਕਿਹਾ ਕਿ ਉਹ ਜਲੇਬੀ ਖਾਣਾ ਚਾਹੁੰਦੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਫਿਲਮ ਕਲਾਕਾਰ ਸੰਜੇ ਦੱਤ ਨਾਲ ਮੁਲਾਕਾਤ ਕੀਤੀ ਹੈ।