ਤਨਖ਼ਾਹ ਮੁਕੰਮਲ ਕਰਨ ਮਗਰੋਂ ਢੀਂਡਸਾ ਅਕਾਲ ਤਖ਼ਤ ਪੁੱਜੇ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਦਸੰਬਰ
ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਅਕਾਲ ਤਖ਼ਤ ਵੱਲੋਂ ਲੱਗੀ ਤਨਖਾਹ ਮੁਕੰਮਲ ਕਰਨ ਮਗਰੋਂ ਇੱਥੇ ਅਕਾਲ ਤਖ਼ਤ ਵਿਖੇ ਭੁੱਲਾਂ ਚੁੱਕਾਂ ਦੀ ਅਰਦਾਸ ਕਰਵਾਈ। ਤਨਖਾਹ ਪੂਰੀ ਕਰਨ ਮਗਰੋਂ ਉਹ ਅੱਜ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਸਮਰਥਕਾਂ ਨਾਲ ਇੱਥੇ ਪੁੱਜੇ ਸਨ। ਪਹਿਲਾਂ ਉਨ੍ਹਾਂ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਗੋਲਕ ਵਿੱਚ ਲੌੜੀਂਦੀ ਭੇਟਾ ਜਮ੍ਹਾਂ ਕੀਤੀ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਕਰਵਾਈ। ਅਕਾਲ ਤਖ਼ਤ ਵਿਖੇ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਗਲੇ ਵਿੱਚ ਪਈ ਤਖ਼ਤੀ ਹਟਾ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਸ੍ਰੀ ਢੀਂਡਸਾ ਵੀ ਉਨ੍ਹਾਂ ਅਕਾਲੀ ਆਗੂਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ 2 ਦਸੰਬਰ ਨੂੰ ਤਨਖਾਹ ਲਾਈ ਗਈ ਸੀ।
ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਸਬੰਧੀ ਅਕਾਲ ਤਖ਼ਤ ਦੇ ਫੈਸਲੇ ਨੂੰ ਠੀਕ ਕਰਾਰ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਦਿੱਤੇ ਗਏ ਇਸ਼ਤਿਆਰਾਂ ਦੀ ਰਕਮ ਦੀ ਭਰਪਾਈ ਲਈ ਸੁਖਦੇਵ ਸਿੰਘ ਢੀਡਸਾ ਨੂੰ ਵੀ ਆਪਣੇ ਹਿੱਸੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਆਦੇਸ਼ ਦਿੱਤਾ ਗਿਆ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਲਗਪਗ 82 ਲੱਖ ਰੁਪਏ ਦੀ ਰਕਮ ਇਸ ਫੈਸਲੇ ਨੂੰ ਉਚਿਤ ਠਹਿਰਾਉਣ ਲਈ ਇਸ਼ਤਿਹਾਰਾਂ ’ਤੇ ਖਰਚ ਕੀਤੀ ਗਈ ਸੀ। ਇਹ ਰਕਮ ਹੁਣ ਵਿਆਜ ਸਣੇ ਲਗਪਗ ਇਕ ਕਰੋੜ 10 ਲੱਖ ਰੁਪਏ ਵੱਜੋਂ ਇਨ੍ਹਾਂ ਸੱਤ ਅਕਾਲੀ ਆਗੂਆਂ ਕੋਲੋਂ ਵਸੂਲੀ ਗਈ ਹੈ। ਸੁਖਬੀਰ ਬਾਦਲ ਅਤੇ ਉਨ੍ਹਾਂ ਦੇ ਬਾਕੀ ਹੋਰ ਪੰਜ ਸਾਥੀ ਇਹ ਬਣਦੀ ਰਕਮ ਪਹਿਲਾਂ ਹੀ ਜਮ੍ਹਾਂ ਕਰਵਾ ਗਏ ਸਨ। ਸੱਤ ਅਕਾਲੀ ਆਗੂਆਂ ਵਿੱਚ ਸ਼ਾਮਲ ਹਰੇਕ ਨੂੰ ਲਗਪਗ 15 ਲੱਖ 78 ਹਜ਼ਾਰ ਰੁਪਏ ਦੀ ਇਹ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣੀ ਪਈ ਹੈ।