ਸੰਜਨਾ ਠਾਕੁਰ ਦੀ ਲਘੂ ਕਥਾ ‘ਐਸ਼ਵਰਿਆ ਰਾਏ’ ਨੇ ਜਿੱਤਿਆ ਕਾਮਨਵੈਲਥ ਪੁਰਸਕਾਰ
ਲੰਡਨ, 27 ਜੂਨ
ਮੁੰਬਈ ਦੀ ਰਹਿਣ ਵਾਲੀ 26 ਸਾਲਾ ਲੇਖਿਕਾ ਸੰਜਨਾ ਠਾਕੁਰ ਨੇ ਦੁਨੀਆ ਭਰ ਦੇ 7,359 ਹੋਰ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਕਾਮਨਵੈਲਥ ਲਘੂ ਕਥਾ ਪੁਰਸਕਾਰ 2024 ਆਪਣੇ ਨਾਂ ਕੀਤਾ। ਸੰਜਨਾ ਨੂੰ ਅੱਜ ਲੰਡਨ ਵਿੱਚ ਪੰਜ ਹਜ਼ਾਰ ਪੌਂਡ ਦੀ ਰਕਮ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ। ਸੰਜਨਾ ਦੀ ਕਹਾਣੀ ਦਾ ਸਿਰਲੇਖ ‘ਐਸ਼ਵਰਿਆ ਰਾਏ’ ਬੌਲੀਵੁੱਡ ਦੀ ਇੱਕ ਪ੍ਰਸਿੱਧ ਅਦਾਕਾਰਾ ਦੇ ਨਾਂ ’ਤੇ ਹੈ। ਸਾਹਿਤਕ ਮੈਗਜ਼ੀਨ ‘ਗ੍ਰਾਂਤਾ’ ਨੇ 2024 ਕਾਮਨਵੈਲਥ ਲਘੂ ਕਥਾ ਪੁਰਸਕਾਰ ਜਿੱਤਣ ਵਾਲੀਆਂ ਸਾਰੀਆਂ ਖੇਤਰੀ ਕਹਾਣੀਆਂ ਨੂੰ ਪ੍ਰਕਾਸ਼ਿਤ ਕੀਤਾ ਹੈ। ਸੰਜਨਾ ਨੇ ਕਿਹਾ, ‘‘ਮੈਂ ਦੱਸ ਨਹੀਂ ਸਕਦੀ ਕਿ ਇਸ ਵੱਕਾਰੀ ਪੁਰਸਕਾਰ ਨੂੰ ਜਿੱਤ ਕੇ ਕਿੰਨਾ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਮੈਂ ਅਜਿਹੀਆਂ ਕਹਾਣੀਆਂ ਲਿਖਦੀ ਰਹਾਂਗੀ, ਜਿਨ੍ਹਾਂ ਨੂੰ ਪੜ੍ਹਨਾ ਲੋਕਾਂ ਨੂੰ ਪਸੰਦ ਹੈ।’’ ਉਨ੍ਹਾਂ ਕਿਹਾ, ‘‘ਮਾਂ-ਧੀ, ਸਰੀਰਕ ਸੁੰਦਰਤਾ, ਸੁੰਦਰਤਾ ਦੇ ਪੈਮਾਨੇ ਅਤੇ ਮੁੰਬਈ ਦੀਆਂ ਸੜਕਾਂ ’ਤੇ ਖਾਣ-ਪੀਣ ਨਾਲ ਜੁੜੀਆਂ ਮੇਰੀਆਂ ਅਜੀਬੋ-ਗਰੀਬ ਕਹਾਣੀਆਂ ਨੂੰ ਇਸ ਤਰ੍ਹਾਂ ਦੇ ਵਿਸ਼ਵ ਪੱਧਰੀ ਮੰਚ ’ਤੇ ਪਾਠਕ ਮਿਲਣਾ ਬਹੁਤ ਦਿਲਚਸਪ ਹੈ। ਬਹੁਤ, ਬਹੁਤ ਧੰਨਵਾਦ।’’
ਸੰਜਨਾ ਦੀ ਕਹਾਣੀ ਅਵਨੀ ਨਾਂ ਦੀ ਇੱਕ ਮੁਟਿਆਰ ਦੁਆਲੇ ਘੁੰਮਦੀ ਹੈ। ਅਵਨੀ ਨੂੰ ਸਾਫ਼-ਸੁਥਰਾ ਰਹਿਣਾ ਪਸੰਦ ਹੈ, ਜਦਕਿ ਦੂਜਾ ਕਿਰਦਾਰ ਅਸਲ ਜ਼ਿੰਦਗੀ ਦੀ ਐਸ਼ਵਰਿਆ ਰਾਏ ਵਰਗਾ ਦਿਖਦਾ ਹੈ, ਜੋ ਬੇਹੱਦ ਖੂਬਸੂਰਤ ਹੈ। ਮੁੰਬਈ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਰਹਿਣ ਵਾਲੀ ਅਵਨੀ ਆਪਣੀ ਛੋਟੀ ਜਿਹੀ ਬਾਲਕੋਨੀ ਵਿੱਚ ਖੜ੍ਹੀ ਹੋ ਕੇ ਮਸ਼ੀਨ ’ਚ ਕੱਪੜੇ ਧੋਣ ਸਮੇਂ, ਸਫ਼ੈਦ ਲਿਮੋਜ਼ਿਨ ’ਚੋਂ ਉਤਰਨ ਦੇ ਸੁਫ਼ਨੇ ਦੇਖਦੀ ਹੈ ਅਤੇ ਦੂਜੇ ਫਲੈਟਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਵਾਂਗ ਬਣਨ ਦੇ ਸੁਫਨੇ ਲੈਂਦੀ ਹੈ। -ਪੀਟੀਆਈ