ਸਮਰਾਲਾ ਕੌਂਸਲ ਵੱਲੋਂ ਸਵੱਛਤਾ ਪੰਦਰਵਾੜੇ ਦਾ ਆਗਾਜ਼
ਡੀ ਪੀ ਐੱਸ ਬੱਤਰਾ
ਸਮਰਾਲਾ, 27 ਅਕਤੂਬਰ
ਪੰਜਾਬ ਮਿਉਂਸੀਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪੇਨ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ ਤਹਿਤ ਨਗਰ ਕੌਂਸਲ ਸਮਰਾਲਾ ਵੱਲੋਂ ਸ਼ਹਿਰ ਵਿੱਚ ਸਵੱਛਤਾ ਮੁਹਿੰਮ ਤਹਿਤ ਪੰਦਰਵਾੜੇ ਦਾ ਆਗ਼ਾਜ਼ ਕਾਰਜਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਕੀਤਾ ਗਿਆ। ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ, ਇੰਸਪੈਕਟਰ ਸਿਕੰਦਰ ਸਿੰਘ ਬਾਠ, ਸੀਐੱਫ ਨਵਦੀਪ ਕੌਰ, ਕਲਰਕ ਜਗਰੂਪ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵੱਲੋਂ ਸ਼ਹਿਰ ਦੇ ਅੰਦਰ ਤੇ ਬਾਹਰੀ ਰਸਤਿਆਂ ਦੀ ਸਫ਼ਾਈ ਕਰਵਾਈ ਗਈ। ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਤੇ ਇੰਸਪੈਕਟਰ ਸਿਕੰਦਰ ਸਿੰਘ ਬਾਠ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਸਮੂਹਿਕ ਜ਼ਿੰਮੇਵਾਰੀ ਵਜੋਂ ਸਵੱਛਤਾ ਦੀ ਮਹੱਤਤਾ ਬਾਰੇ ਲੋਕਾਂ ’ਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਾਰੇ ਨਾਗਰਿਕਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਮਾਲਵਾ ਕਾਲਜ ਬੌਂਦਲੀ-ਸਮਰਾਲਾ ’ਚ ਕਾਲਜ ਦੇ ਯੂਥ ਵੈੱਲਫੇਅਰ ਕਲੱਬ ਦੇ ਕਨਵੀਨਰ ਪ੍ਰੋ. ਭੁਪਿੰਦਰ ਕੌਰ ਦੀ ਅਗਵਾਈ ਹੇਠ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ‘ਸਵੱਛਤਾ ਹੀ ਸੇਵਾ 2024’ ਤਹਿਤ ਕਾਲਜ ਵਿੱਚ ਇੱਕ ਰੋਜ਼ਾ ਸਫਾਈ ਮੁਹਿੰਮ ਕੈਂਪ ਲਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵਰਾਂਡਿਆਂ, ਕਿਆਰੀਆਂ ਅਤੇ ਲਾਅਨ ਦੀ ਸਫ਼ਾਈ ਕਰਨ ਵਿੱਚ ਉਤਸ਼ਾਹ ਦਿਖਾਇਆ। ਕਾਰਜਕਾਰੀ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤੇ ਅਜਿਹੇ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ਡਾ. ਹਰਿੰਦਰਜੀਤ ਸਿੰਘ ਕਲੇਰ, ਪ੍ਰੋ. ਪਵਨਦੀਪ ਕੌਰ, ਅਮਨਪ੍ਰੀਤ ਕੌਰ ਅਤੇ ਨਹਿਰੂ ਯੁਵਾ ਕੇਂਦਰ ਦੇ ਵਾਲੰਟੀਅਰ ਕਿਰਨਦੀਪ ਕੌਰ ਆਦਿ ਹਾਜ਼ਰ ਸਨ।