ਜ਼ਿਲ੍ਹਾ ਪੱਧਰੀ ਅੰਡਰ-19 ਲੜਕਿਆਂ ਦੇ ਕਬੱਡੀ ਮੁਕਾਬਲੇ ’ਚ ਸੰਗਰੂਰ ਜ਼ੋਨ ਜੇਤੂ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਅਗਸਤ
ਇੱਥੋਂ ਦੇ ਸਕੂਲ ਆਫ ਐਮੀਨੈਂਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ.ਸਿ) ਤਰਵਿੰਦਰ ਕੌਰ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਦੀ ਨਿਗਰਾਨੀ ਹੇਠ ਹੋਏ ਜ਼ਿਲ੍ਹਾ ਪੱਧਰੀ ਅੰਡਰ-19 ਲੜਕਿਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਸੰਗਰੂਰ ਜ਼ੋਨ ਦੇ ਖਿਡਾਰੀਆਂ ਨੇ ਬਾਜ਼ੀ ਮਾਰੀ। ਮੁਕਾਬਲਿਆਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਦੀ ਹੌਂਸਲਾ-ਅਫਜ਼ਾਈ ਕੀਤੀ।
ਸੈਮੀਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਜ਼ੋਨ ਨੇ ਭਸੌੜ ਜ਼ੋਨ ਨੂੰ 21-06 ਅੰਕਾਂ ਨਾਲ ਅਤੇ ਲਹਿਲ ਕਲਾਂ ਜ਼ੋਨ ਨੇ ਬੰਗਾਂ ਜ਼ੋਨ ਨੂੰ 41-32 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਕਦਮ ਰੱਖਿਆ। ਫਾਈਨਲ ਮੁਕਾਬਲੇ ਵਿੱਚ ਸੰਗਰੂਰ ਜ਼ੋਨ ਨੇ ਬੰਗਾਂ ਜ਼ੋਨ ਨੂੰ 50-32 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੰਗਾਂ ਜ਼ੋਨ ਨੂੰ ਦੂਜੇ ਸਥਾਨ ’ਤੇ ਹੀ ਸਬਰ ਕਰਨਾ ਪਿਆ। ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਅਮਰੀਕ ਸਿੰਘ ਡੀਪੀਈ ਕਨਵੀਨਰ, ਨਾਇਬ ਖਾਂ ਪੀਟੀਆਈ ਪੁਲੀਸ ਲਾਈਨ, ਮਨਪ੍ਰੀਤ ਸਿੰਘ ਡੀਪੀਈ ਬਾਲੀਆਂ, ਅਮਰੀਕ ਸਿੰਘ ਡੀਪੀਈ ਮੰਗਵਾਲ, ਜਗਤਾਰ ਸਿੰਘ ਭਿੰਡਰਾਂ, ਹਰਦੀਪ ਸਿੰਘ ਲਹਿਲ ਕਲਾਂ, ਹਰਪ੍ਰੀਤ ਸਿੰਘ ਦੀਦਾਰਗੜ੍ਹ ਅਤੇ ਰਜਿੰਦਰਪਾਲ ਕੌਰ ਬੁਸ਼ਹਿਰਾ ਦਾ ਵਿਸ਼ੇਸ਼ ਯੋਗਦਾਨ ਰਿਹਾ।
ਟੂਰਨਾਮੈਂਟ ਦੇ ਅਖ਼ੀਰ ਵਿੱਚ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੇ ਤਗ਼ਮਿਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੁਰਦਾਸ ਸਿੰਘ ਬੱਲਰਾਂ, ਗੁਲਾਬ ਸਿੰਘ ਬਖੋਰਾ ਕਲਾਂ, ਗੁਰਬਾਜ਼ ਸਿੰਘ ਝਲੂਰ, ਰਾਜਵੀਰ ਸਿੰਘ ਅਲੀਸ਼ੇਰ ਅਤੇ ਸੁਖਵੀਰ ਸਿੰਘ ਮਾਨ ਮੌਜੂਦ ਸਨ।