For the best experience, open
https://m.punjabitribuneonline.com
on your mobile browser.
Advertisement

ਭਾਜਪਾ ਤੋਂ ਤੜਿੰਗ ਹੋਏ ਸਾਂਪਲਾ ਦਾ ਅਕਾਲੀ ਦਲ ਦੀ ਤੱਕੜੀ ’ਚ ਬੈਠਣਾ ਤੈਅ

07:42 AM Apr 18, 2024 IST
ਭਾਜਪਾ ਤੋਂ ਤੜਿੰਗ ਹੋਏ ਸਾਂਪਲਾ ਦਾ ਅਕਾਲੀ ਦਲ ਦੀ ਤੱਕੜੀ ’ਚ ਬੈਠਣਾ ਤੈਅ
Advertisement

ਹਰਪ੍ਰੀਤ ਕੌਰ
ਹੁਸ਼ਿਆਰਪੁਰ, 17 ਅਪਰੈਲ
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਤੋਂ ਔਖੇ ਭਾਜਪਾ ਆਗੂ ਵਿਜੇ ਸਾਂਪਲਾ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਜਾ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਦਾ ਰਸਮੀ ਐਲਾਨ ਸ਼ੁੱਕਰਵਾਰ ਹੋ ਜਾਵੇਗਾ। ਸਾਂਪਲਾ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਭਾਜਪਾ ਛੱਡ ਚੁੱਕੇ ਸੰਜੀਵ ਤਲਵਾੜ ਅਤੇ ਸਾਂਪਲਾ ਦੇ ਕਈ ਹੋਰ ਨਜ਼ਦੀਕੀ ਵੀ ਅਕਾਲੀ ਦਲ ਦਾ ਪੱਲਾ ਫ਼ੜ ਲੈਣਗੇ। ਇਸ ਤਰ੍ਹਾਂ ਸਾਂਪਲਾ ਦੇ ਹੁਸ਼ਿਆਰਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣਨ ਦੀ ਸਟੇਜ ਸੈਟ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 19 ਅਪਰੈਲ ਨੂੰ ਹੁਸ਼ਿਆਰਪੁਰ ਆ ਕੇ ਸਾਂਪਲਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਜੁਆਇਨ ਕਰਵਾਉਣਗੇ।
ਸਾਂਪਲਾ ਨੇ ਭਾਜਪਾ ਛੱਡਣ ਦਾ ਸੰਕੇਤ ਕੱਲ੍ਹ ਹੀ ਦੇ ਦਿੱਤਾ ਸੀ ਜਦੋਂ ਪਾਰਟੀ ਵਲੋਂ ਮੌਜੂਦਾ ਸਾਂਸਦ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਨੂੰ ਉਮੀਦਵਾਰ ਬਣਾਏ ਜਾਣ ਦਾ ਐਲਾਨ ਹੋਇਆ। ਸਾਂਪਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਪਾ ਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਸਨ। ਉਨ੍ਹਾਂ ‘ਮੋਦੀ ਕਾ ਪਰਿਵਾਰ’ ਦਾ ਟੈਗ ਵੀ ਆਪਣੇ ਅਕਾਊਂਟ ਤੋਂ ਲਾਹ ਦਿੱਤਾ ਸੀ। ਉਦੋਂ ਤੋਂ ਹੀ ਕਿਆਸ ਲੱਗ ਰਹੇ ਸਨ ਕਿ ਸਾਂਪਲਾ ਦਾ ਅਗਲਾ ਕਦਮ ਕੀ ਹੋਵੇਗਾ।
ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਵੀ ਉਨ੍ਹਾਂ ਨੂੰ ਸੰਦੇਸ਼ ਮਿਲਿਆ ਪਰ ਉਨ੍ਹਾਂ ਨੂੰ ਅਕਾਲੀ ਦਲ ’ਚ ਸ਼ਾਮਲ ਹੋਣਾ ਬੇਹਤਰ ਵਿਕਲਪ ਲੱਗਿਆ। ਗੌਰਤਲਬ ਹੈ ਕਿ ਕਾਂਗਰਸ ਵੀ ਇਸ ਵੇਲੇ ਹੁਸ਼ਿਆਰਪੁਰ ਤੋਂ ਇਕ ਤਕੜੇ ਐਸਸੀ ਉਮੀਦਵਾਰ ਦੀ ਭਾਲ ਵਿਚ ਹੈ। ਦੱਸਿਆ ਜਾਂਦਾ ਹੈ ਕਿ ਅਕਾਲੀ ਹਾਈ ਕਮਾਨ ਨੇ ਸਥਾਨਕ ਆਗੂਆਂ ਨੂੰ ਵੀ ਭਰੋਸੇ ’ਚ ਲੈ ਲਿਆ ਹੈ ਅਤੇ ਸਾਰੇ ਆਗੂ ਚੋਣਾਂ ’ਚ ਸਾਂਪਲਾ ਲਈ ਕੰਮ ਕਰਨ ਲਈ ਰਾਜ਼ੀ ਹਨ। 2014 ’ਚ ਜਦੋਂ ਸਾਂਪਲਾ ਅਕਾਲੀ-ਭਾਜਪਾ ਗਠਜੋੜ ਦੇ ਨੁਮਾਇੰਦੇ ਵਜੋਂ ਹੁਸ਼ਿਆਰਪੁਰ ਤੋਂ ਚੋਣ ਜਿੱਤੇ ਸਨ ਤਾਂ ਅਕਾਲੀਆਂ ਦਾ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਿਆ ਸੀ।
2019 ’ਚ ਜਦੋਂ ਭਾਜਪਾ ਨੇ ਉਨ੍ਹਾਂ ਨੂੰ ਦੁਬਾਰਾ ਟਿਕਟ ਨਹੀਂ ਦਿੱਤੀ ਤਾਂ ਉਨ੍ਹਾਂ ਜਨਤਕ ਤੌਰ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਭਾਜਪਾ ਦੇ ਸੂਤਰਾਂ ਅਨੁਸਾਰ ਪਾਰਟੀ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਨ੍ਹਾਂ ਨੂੰ ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ ਕਾਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਪਰ ਅੱਧ ਵਿਚਾਲੇ ਅਸਤੀਫ਼ਾ ਲੈ ਲਿਆ ਗਿਆ। ਉਦੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਪਾਰਟੀ ਵਿਚ ਕੋਈ ਵੱਡੀ ਜ਼ਿੰਮੇਵਾਰੀ ਦੇਣ ਲਈ ਉਨ੍ਹਾਂ ਤੋਂ ਅਸਤੀਫ਼ਾ ਲਿਆ ਗਿਆ ਹੈ। ਸਾਂਪਲਾ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਹੁਸ਼ਿਆਰਪੁਰ ਹਲਕੇ ਤੋਂ ਉਨ੍ਹਾਂ ਨੂੰ ਹੀ ਟਿਕਟ ਦਿੱਤੀ ਜਾਵੇਗੀ ਪਰ ਪਾਰਟੀ ਨੇ ਸੋਮ ਪ੍ਰਕਾਸ਼ ਦੀ ਪਤਨੀ ਦੇ ਹੱਕ ਵਿਚ ਫ਼ੈਸਲਾ ਲੈ ਲਿਆ। ਭਾਵੇਂ ਉਨ੍ਹਾਂ ਦਾ ਅਕਾਲੀ ਦਲ ਵਿਚ ਜਾਣਾ ਤੈਅ ਹੋ ਗਿਆ ਹੈ ਪਰ ਸਾਂਪਲਾ ਨੇ ਆਪਣੇ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਕੋਈ ਫ਼ੈਸਲਾ ਲੈਣਗੇ।

Advertisement

Advertisement
Author Image

joginder kumar

View all posts

Advertisement
Advertisement
×