ਦਸੂਹਾ ’ਚ ਨਕਾਬਪੋਸ਼ਾਂ ਨੇ ਦੋ ਨੌਜਵਾਨਾਂ ਨੂੰ ਵੱਢਿਆ
ਭਗਵਾਨ ਦਾਸ ਸੰਦਲ
ਦਸੂਹਾ, 26 ਜੁਲਾਈ
ਇੱਥੇ ਹੁਸ਼ਿਆਰਪੁਰ ਰੋਡ ’ਤੇ ਪਿੰਡ ਬਾਜਵਾ ’ਚ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਦੋ ਨੌਜਵਾਨਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਹਮਲਾਵਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਕੁਲਵੀਰ ਸਿੰਘ (27) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪੰਨਵਾਂ ਵਜੋਂ ਹੋਈ ਹੈ। ਕੁਲਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਜ਼ਖ਼ਮੀ ਹੋਏ ਸਤਵਿੰਦਰ ਸਿੰਘ ਉਰਫ਼ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਨੂੰ ਦਸੂਹਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਉਸ ਦਾ ਹਾਲ-ਚਾਲ ਜਾਣਿਆ ਅਤੇ ਪੁਲੀਸ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਤੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਸਬੰਧੀ ਨਿਰਦੇਸ਼ ਦਿੱਤੇ। ਸਤਵਿੰਦਰ ਸਿੰਘ ਸੱਤੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਠੇਕੇਦਾਰੀ ਅਤੇ ਜੇਸੀਬੀ ਟਰੈਕਟਰ-ਟਰਾਲੀ ਦਾ ਕੰਮ ਕਰਦਾ ਹੈ ਅਤੇ ਕੁਲਵੀਰ ਸਿੰਘ ਜੇਸੀਬੀ ਦਾ ਡਰਾਈਵਰ ਸੀ।
ਅੱਜ ਸਵੇਰੇ ਉਹ ਦੋਵੇਂ ਪਿੰਡ ਬਾਜਵਾ ਨੇੜੇ ਕੰਮ-ਕਾਰ ਲਈ ਖੜ੍ਹੇ ਸਨ ਤਾਂ ਮੋਟਰਸਾਈਕਲ ਸਵਾਰ ਤਿੰਨ ਨਕਾਬਪੋਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਐੱਸਪੀਡੀ ਸਰਬਜੀਤ ਸਿੰਘ ਬਾਹੀਆ ਦੀ ਅਗਵਾਈ ਹੇਠ ਡੀਐੱਸਪੀ ਜਗਦੀਸ਼ ਰਾਜ ਅੱਤਰੀ, ਥਾਣਾ ਮੁਖੀ ਹਰਪ੍ਰੇਮ ਸਿੰਘ ਅਤੇ ਜਾਂਚ ਅਧਿਕਾਰੀ ਏਐੱਸਆਈ ਸਿਕੰਦਰ ਸਿੰਘ ਸਣੇ ਹੋਰਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਡੀਐੱਸਪੀ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।