ਸੰਭਲ ਹਿੰਸਾ: ਸਪਾ ਸੰਸਦ ਮੈਂਬਰ ਤੇ ਵਿਧਾਇਕ ਦੇ ਪੁੱਤ ਖ਼ਿਲਾਫ਼ ਕੇਸ ਦਰਜ
ਸੰਭਲ, 25 ਨਵੰਬਰ
ਅਦਾਲਤੀ ਹੁਕਮਾਂ ਮਗਰੋਂ ਸੰਭਲ ’ਚ ਮੁਗਲ ਕਾਲ ਦੀ ਇੱਕ ਮਸਜਿਦ ਦੇ ਸਰਵੇਖਣ ਸਮੇਂ ਸਥਾਨਕ ਲੋਕਾਂ ਤੇ ਪੁਲੀਸ ਵਿਚਾਲੇ ਹੋਈ ਹਿੰਸਕ ਝੜਪ ਦੇ ਸਬੰਧ ਵਿੱਚ ਪੁਲੀਸ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆ-ਉਰ-ਰਹਿਮਾਨ ਬਰਕ ਅਤੇ ਸਥਾਨਕ ਸਪਾ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਸੋਹੇਲ ਇਕਬਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 25 ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਸੰਭਲ ’ਚ ਅੱਜ ਦੂਜੇ ਦਿਨ ਵੀ ਮਾਹੌਲ ਤਣਾਅ ਭਰਿਆ ਪਰ ਸ਼ਾਂਤ ਰਿਹਾ। ਸ਼ਾਹੀ ਜਾਮਾ ਮਸਜਿਦ ਨਾਲ ਲਗਦੀਆਂ ਸਾਰੀਆਂ ਗਲੀਆਂ ਸੁੰਨਸਾਨ ਰਹੀਆਂ ਅਤੇ ਇੱਥੇ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਰਹੀ। ਇਸ ਹਿੰਸਾ ’ਚ ਚਾਰ ਜਣਿਆਂ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ 30 ਨਵੰਬਰ ਤੱਕ ਸੰਭਲ ’ਚ ਬਾਹਰੀ ਵਿਅਕਤੀਆਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਹੈ। ਸੰਭਲ ਤਹਿਸੀਲ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ ਅਤੇ ਅੱਜ ਸਕੂਲ ਬੰਦ ਰਹੇ। ਮ੍ਰਿਤਕਾਂ ਦੀ ਵਿਸਰਾ ਰਿਪੋਰਟ ਬਾਰੇ ਡਿਵੀਜ਼ਨਲ ਕਮਿਸ਼ਨਰ ਔਂਜਨੇਆ ਕੁਮਾਰ ਸਿੰਘ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਅਜਿਹਾ ਲਗਦਾ ਹੈ ਕਿ ਮੌਤਾਂ ਦਾ ਕਾਰਨ ਦੇਸੀ ਹਥਿਆਰਾਂ ਨਾਲ ਚਲਾਈ ਗਈ ਗੋਲੀ ਹੈ। ਐੱਸਪੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਸੱਤ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ’ਚ ਬਰਕ ਤੇ ਇਕਬਾਲ ਸਮੇਤ ਛੇ ਜਣਿਆਂ ਦੇ ਨਾਂ ਦਰਜ ਹਨ ਜਦਕਿ 2750 ਵਿਅਕਤੀ ਅਣਪਛਾਤਿਆਂ ਵਜੋਂ ਦਰਜ ਹਨ। -ਪੀਟੀਆਈ
ਹਿੰਦੂ-ਮੁਸਲਿਮ ਭਾਈਚਾਰੇ ’ਚ ਵੰਡੀਆਂ ਪਾ ਰਹੀ ਹੈ ਭਾਜਪਾ: ਕਾਂਗਰਸ
ਨਵੀਂ ਦਿੱਲੀ:
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘ਭਾਜਪਾ ਹਿੰਦੂ-ਮੁਸਲਿਮ ਭਾਈਚਾਰੇ ’ਚ ਵੰਡੀਆਂ ਪਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ। ਮੈਂ ਸੁਪਰੀਮ ਕੋਰਟ ਨੂੰ ਅਪੀਲ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਮਾਮਲੇ ’ਚ ਦਖਲ ਦੇ ਕੇ ਇਨਸਾਫ ਯਕੀਨੀ ਬਣਾਏ।’ ਇਸੇ ਤਰ੍ਹਾਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਐਕਸ ’ਤੇ ਲਿਖਿਆ, ‘ਸੰਭਲ ’ਚ ਅਚਾਨਕ ਹੋਈ ਹਿੰਸਾ ਪ੍ਰਤੀ ਸੂਬਾ ਸਰਕਾਰ ਦਾ ਰਵੱਈਆ ਬਹੁਤ ਹੀ ਨਿਰਾਸ਼ਾ ਭਰਿਆ ਸੀ।’ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਮਸਲੇ ਦਾ ਨੋਟਿਸ ਲੈਣਾ ਚਾਹੀਦਾ ਹੈ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸੰਭਲ ’ਚ ਦੰਗੇ ਕਰਵਾਏ ਹਨ ਅਤੇ ਉਨ੍ਹਾਂ ਮੰਗ ਕੀਤੀ ਕਿ ਮੌਤਾਂ ਲਈ ਜ਼ਿੰਮੇਵਾਰ ਪੁਲੀਸ ਤੇ ਪ੍ਰਸ਼ਾਸਨ ਦੇ ਲੋਕਾਂ ਨੂੰ ਮੁਅੱਤਲ ਕੀਤਾ ਜਾਵੇ ਤੇ ਉਨ੍ਹਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਜਾਵੇ। -ਪੀਟੀਆਈ