ਸਮਾਜਵਾਦੀ ਪਾਰਟੀ ਵੱਲੋਂ ਮਹਾਵਿਕਾਸ ਅਘਾੜੀ ਨਾਲੋਂ ਤੋੜ-ਵਿਛੋੜੇ ਦਾ ਫ਼ੈਸਲਾ
ਮੁੰਬਈ, 7 ਦਸੰਬਰ
ਮਹਾਰਾਸ਼ਟਰ ’ਚ ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਦੇ ਇੱਕ ਨੇੜਲੇ ਸਹਿਯੋਗੀ ਵੱਲੋਂ ਬਾਬਰੀ ਮਸਜਿਦ ਢਹਾਏ ਜਾਣ ਅਤੇ ਸਬੰਧਤ ਅਖ਼ਬਾਰ ਦੇ ਇਸ਼ਤਿਹਾਰ ਦੀ ਸ਼ਲਾਘਾ ਕੀਤੇ ਜਾਣ ਮਗਰੋਂ ਸਮਾਜਵਾਦੀ ਪਾਰਟੀ (ਸਪਾ) ਨੇ ਅੱਜ ਵਿਰੋਧੀ ਮਹਾਵਿਕਾਸ ਅਘਾੜੀ (ਐੱਮਵੀਏ) ਗੱਠਜੋੜ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਵਿਧਾਨ ਸਭਾ ’ਚ ਸਮਾਜਵਾਦੀ ਪਾਰਟੀ ਦੇ ਦੋ ਵਿਧਾਇਕ ਹਨ।
ਸਪਾ ਦੀ ਮਹਾਰਾਸ਼ਟਰ ਇਕਾਈ ਦੇ ਮੁਖੀ ਅਬੂ ਆਜ਼ਮੀ ਨੇ ਕਿਹਾ, ‘ਸ਼ਿਵ ਸੈਨਾ (ਯੂਬੀਟੀ) ਵੱਲੋਂ ਬਾਬਰੀ ਮਸਜਿਦ ਢਹਾਏ ਜਾਣ ਲਈ ਤਿੰਨ ਲੋਕਾਂ ਨੂੰ ਵਧਾਈ ਦਿੰਦੇ ਹੋਏ ਇੱਕ ਅਖ਼ਬਾਰ ’ਚ ਇਸ਼ਤਿਹਾਰ ਦਿੱਤਾ ਗਿਆ ਸੀ। ਉਨ੍ਹਾਂ (ਊਧਵ ਠਾਕਰੇ) ਦੇ ਸਹਿਯੋਗੀ ਨੇ ਵੀ ਮਸਜਿਦ ਢਹਾਏ ਜਾਣ ਦੀ ਸ਼ਲਾਘਾ ਕਰਦਿਆਂ ਐਕਸ ’ਤੇ ਪੋਸਟ ਕੀਤਾ ਹੈ।’ ਆਜ਼ਮੀ ਨੇ ਪੀਟੀਆਈ ਨੂੰ ਕਿਹਾ, ‘ਅਸੀਂ ਐੱਮਵੀਏ ਛੱਡ ਰਹੇ ਹਾਂ। ਮੈਂ (ਸਮਾਜਵਾਦੀ ਪਾਰਟੀ ਦੇ ਮੁਖੀ) ਅਖਿਲੇਸ਼ ਯਾਦਵ ਨਾਲ ਗੱਲ ਕਰ ਰਿਹਾ ਹਾਂ।’ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਨ ਕੌਂਸਲਰ ਮਿਲਿੰਦ ਨਾਰਵੇਕਰ ਨੇ ਬਾਬਰੀ ਮਸਜਿਦ ਢਹਾਏ ਜਾਣ ਦੀ ਘਟਨਾ ਬਾਰੇ ਪੋਸਟ ਕੀਤਾ ਸੀ ਤੇ ਪੋਸਟ ’ਚ ਊਧਵ ਠਾਕਰੇ, ਆਦਿੱਤਿਆ ਠਾਕਰੇ ਤੇ ਖੁਦ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਆਜ਼ਮੀ ਨੇ ਕਿਹਾ, ‘ਜੇ ਐੱਮਵੀਏ ’ਚ ਕੋਈ ਅਜਿਹੀ ਭਾਸ਼ਾ ਬੋਲਦਾ ਹੈ ਤਾਂ ਭਾਜਪਾ ਤੇ ਉਨ੍ਹਾਂ ਵਿਚਾਲੇ ਕੀ ਫਰਕ ਹੈ? ਸਾਨੂੰ ਉਨ੍ਹਾਂ ਨਾਲ ਕਿਉਂ ਰਹਿਣਾ ਚਾਹੀਦਾ ਹੈ?’ ਸਪਾ ਦੇ ਫ਼ੈਸਲੇ ਬਾਰੇ ਪੁੱਛੇ ਜਾਣ ’ਤੇ ਸੀਨੀਅਰ ਕਾਂਗਰਸ ਆਗੂ ਨਿਤਿਨ ਰਾਊਤ ਨੇ ਕਿਹਾ ਕਿ ਉਹ ਇਸ ਸਬੰਧੀ ਸਮਾਜਵਾਦੀ ਪਾਰਟੀ ਨਾਲ ਗੱਲ ਕਰਨਗੇ। -ਪੀਟੀਆਈ
ਪਾਰਟੀ ਦਾ ਸਟੈਂਡ ਹਮੇਸ਼ਾ ਤੋਂ ਸਪੱਸ਼ਟ: ਸ਼ਿਵ ਸੈਨਾ (ਯੂਬੀਟੀ)
ਸਮਾਜਵਾਦੀ ਪਾਰਟੀ ਨੂੰ ਜਵਾਬ ਦਿੰਦਿਆਂ ਸ਼ਿਵ ਸੈਨਾ (ਯੂਬੀਟੀ) ਦੇ ਆਗੂ ਭਾਸਕਰ ਜਾਧਵ ਨੇ ਕਿਹਾ ਕਿ ਬਾਬਰੀ ਮਸਜਿਦ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦਾ ਸਟੈਂਡ 1992 ਤੋਂ ਹੀ ਇੱਕੋ ਜਿਹਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸਮਾਜਵਾਦੀ ਪਾਰਟੀ ਨੂੰ 31 ਸਾਲ ਬਾਅਦ ਸ਼ਿਵ ਸੈਨਾ (ਯੂਬੀਟੀ) ਦੇ ਸਟੈਂਡ ਬਾਰੇ ਪਤਾ ਲੱਗਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਪਾ ਹਾਕਮ ਗੱਠਜੋੜ ਵੱਲ ਝੁਕ ਰਹੀ ਹੈ।