ਨਾਰੀ ਸ਼ਕਤੀ ਨੂੰ ਸਲਾਮ
ਜਰਨੈਲ ਸਿੰਘ
ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਹਰ ਘਰ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਬੇਟੀ ਪਰਾਇਆ ਧਨ ਹੈ ਭਾਵ ਵਿਆਹ ਤੋਂ ਬਾਅਦ ਉਹ ਪਰਾਏ ਘਰ ਚਲੀ ਜਾਵੇਗੀ। ਇਸੇ ਤਰ੍ਹਾਂ ਸਹੁਰੇ ਘਰ ਵਿੱਚ ਜਾ ਕੇ ਇਹ ਸੁਣਨ ਨੂੰ ਮਿਲਦਾ ਹੈ ਕਿ ਇਹ ਪਰਾਏ ਘਰ ਤੋਂ ਆਈ ਹੈ। ਬਹੁਤੀ ਵਾਰ ਸਹੁਰੇ ਘਰ ਵਿੱਚ ਉਸ ਦੀ ਹੋਂਦ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਜਾਂਦਾ ਅਤੇ ਉਸ ਦਾ ਆਪਣੇ ਘਰ ਦਾ ਸੁਪਨਾ ਅਕਸਰ ਅਧੂਰਾ ਹੀ ਰਹਿ ਜਾਂਦਾ ਹੈ। ਸਾਲਾਂ ਦੇ ਸਾਲ ਲੰਘ ਗਏ, ਸਦੀਆਂ ਬੀਤ ਗਈਆਂ ਪਰ ਸਾਡੇ ਸਮਾਜ ਵਿੱਚ ‘ਪਰਾਏ ਧਨ’ ਵਾਲੀ ਸੋਚ ਨਹੀਂ ਬਦਲੀ।
ਭਾਰਤ ਗੁਰੂਆਂ ਪੀਰਾਂ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ। ਇਸ ਦੇ ਬਾਵਜੂਦ ਅੱਜ ਵੀ ਘਰ ਪਰਿਵਾਰਾਂ ਵਿੱਚ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਹਨ। ਕੰਮਕਾਜ ਵਾਲੀਆਂ ਔਰਤਾਂ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਨਾਂ ਵਿੱਚ ਕਾਨੂੰਨੀ ਕਵਚ ਦੇ ਬਾਵਜੂਦ ਕਈ ਤਰ੍ਹਾਂ ਦੀ ਵਿਤਕਰੇਬਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਪਰ ਅੱਜ ਵੀ ਇਸਤਰੀ ਜਾਤੀ ਦੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਦਾ ਵਾਪਰਨਾ ਸਾਰੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਤਕਰੀਬਨ 500 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕਰਦਿਆਂ ਆਪਣੀ ਬਾਣੀ ਵਿੱਚ ਸਪੱਸ਼ਟ ਸੰਦੇਸ਼ ਦਿੱਤਾ ਸੀ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’’ ਇਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਇਸਤਰੀ ਦੇ ਗੁਣਾਂ ਦਾ ਵਰਣਨ ਕਰਦਿਆਂ ਉਚਾਰਣ ਕੀਤਾ “ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ।।” ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਬਾਬਾ ਨਾਨਕ ਜੀ ਦੀ ਕਥਨੀ ਨੂੰ ਅਸੀਂ ਆਪਣੀ ਕਰਨੀ ਵਿੱਚ ਬਦਲ ਸਕੇ ਹਾਂ? ਇਸ ਦਾ ਜਵਾਬ ਇਹੀ ਮਿਲਦਾ ਹੈ ਕਿ ਸ਼ਾਇਦ ਨਹੀਂ। ਹਰ ਇਨਸਾਨ ਨੂੰ ਇਸ ਮਹਾਨ ਸ਼ੰਦੇਸ਼ ਅਨੁਸਾਰ ਆਪਣੇ ਅੰਦਰ ਝਾਤੀ ਮਾਰ ਕੇ ਨਿੱਜੀ ਪੜਚੋਲ ਕਰਨ ਦੀ ਜ਼ਰੂਰਤ ਹੈ।
ਇਸਤਰੀ ਦੇ ਹਰ ਖੇਤਰ ਵਿੱਚ ਰੋਲ ਦਾ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਸਮਾਜ ਦੀ ਬਣਤਰ ਵਿੱਚ ਇਸਤਰੀ ਦੀ ਬਹੁਪੱਖੀ ਦੇਣ ਪੁਰਸ਼ਾਂ ਨਾਲੋਂ ਕਿਤੇ ਜ਼ਿਆਦਾ ਹੈ। ਪਰਿਵਾਰ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨ ਵਿੱਚ ਔਰਤ ਦੀ ਪ੍ਰਮੁੱਖ ਭੂਮਿਕਾ ਹੈ। ਬੱਚੇ ਨੂੰ ਜਨਮ ਦੇਣ ਤੇ ਬਾਅਦ ਵਿੱਚ ਉਸ ਦੇ ਪਾਲਣ ਪੋਸ਼ਣ ਲਈ ਵੀ ਇਸਤਰੀ ਨੂੰ ਪੁਰਸ਼ ਨਾਲੋਂ ਜ਼ਿਆਦਾ ਜੱਦੋਜਹਿਦ ਕਰਨੀ ਪੈਂਦੀ ਹੈ। ਉਸ ਨੂੰ ਚੰਗੇ ਸੰਸਕਾਰ ਦੇਣ ਅਤੇ ਪੜ੍ਹਾਈ ਲਿਖਾਈ ਕਰਾ ਕੇ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਵੀ ਮਾਂ ਦਾ ਹੀ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ। ਇਸ ਤੋਂ ਇਲਾਵਾ ਸਾਂਝੇ ਪਰਿਵਾਰਾਂ ਵਿੱਚ ਮਾਪਿਆਂ ਦੀ ਦੇਖਭਾਲ, ਪਰਿਵਾਰ ਵਿੱਚ ਵਿਆਹ ਸ਼ਾਦੀਆਂ ਅਤੇ ਰਿਸ਼ਤੇਦਾਰੀਆਂ ਵਿੱਚ ਦੁੱਖ-ਸੁੱਖ ਵੰਡਾਉਣ ਦਾ ਕਾਰਜ ਵੀ ਇਸਤਰੀ ਦੇ ਹਿੱਸੇ ਹੀ ਆਉਂਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਔਰਤ ਨੂੰ ਘਰਾਂ ਅਤੇ ਸਮਾਜ ਵਿੱਚ ਅਸੀਂ ਉਹ ਸਤਿਕਾਰਤ ਰੁਤਬਾ ਨਹੀਂ ਦਿੰਦੇ ਜਿਸ ਦੀ ਉਹ ਹੱਕਦਾਰ ਹੈ।
ਅੱਜਕੱਲ੍ਹ ਵਿਸ਼ਵ ਪੱਧਰ ’ਤੇ ਤਰੱਕੀ ਅਤੇ ਖੁਸ਼ਹਾਲੀ ਦਾ ਦੌਰ ਸਿਖਰ ’ਤੇ ਹੈ। ਖੁੱਲ੍ਹੇ ਦਿਮਾਗ਼ ਨਾਲ ਪਰਖ ਕੀਤਿਆਂ ਵੇਖਣ ਨੂੰ ਮਿਲਦਾ ਹੈ ਕਿ ਹਰ ਖੇਤਰ ਵਿੱਚ ਇਸਤਰੀਆਂ ਮਰਦਾਂ ਨਾਲੋਂ ਵਧੇਰੇ ਕਾਬਲ ਸਾਬਤ ਹੋਈਆਂ ਹਨ। ਕੰਮਕਾਜ ਪ੍ਰਤੀ ਨਿਸ਼ਠਾ, ਇਮਾਨਦਾਰੀ, ਸੰਸਥਾ ਪ੍ਰਤੀ ਵਫ਼ਾਦਾਰੀ ਵਿੱਚ ਉਹ ਵਧੀਆ ਕਾਰਗੁਜ਼ਾਰੀ ਦਿਖਾਉਂਦੀਆਂ ਹਨ। ਘਰੇਲੂ ਕਾਰਜਾਂ ਤੋਂ ਇਲਾਵਾ ਪ੍ਰਸ਼ਾਸਨਿਕ ਖੇਤਰ ਤੋਂ ਲੈ ਕੇ ਪੁਲਾੜ ਦੀ ਯਾਤਰਾ ਤੱਕ ਉਨ੍ਹਾਂ ਨੇ ਨਾਮਣਾ ਖੱਟਿਆ ਹੈ ਭਾਵ ਵਿਕਾਸ ਦੇ ਹਰ ਖੇਤਰ ਵਿੱਚ ਉਨ੍ਹਾਂ ਦੀਆਂ ਸਫਲਤਾਵਾਂ ਦੇ ਕਿੱਸੇ ਹਰ ਰੋਜ਼ ਅਖ਼ਬਾਰਾਂ ਤੇ ਮੀਡੀਆ ਵਿੱਚ ਸੁਰਖ਼ੀਆਂ ਬਣਦੇ ਹਨ।
ਪੁਰਾਤਨ ਸਮੇਂ ਤੋਂ ਹੀ ਸਮਾਜ ਵਿੱਚ ਇਸਤਰੀ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੈ। ਸਿੱਖ ਇਤਿਹਾਸ ਵਿੱਚ ਮਾਤਾ ਗੁਜਰ ਕੌਰ ਜੀ, ਬੀਬੀ ਭਾਨੀ ਜੀ, ਮਾਈ ਭਾਗੋ ਜੀ ਆਦਿ ਸ਼ਖ਼ਸੀਅਤਾਂ ਦੀ ਕੁਰਬਾਨੀ ਨੂੰ ਕੌਣ ਭੁਲਾ ਸਕਦਾ ਹੈ। ਇਸੇ ਤਰ੍ਹਾਂ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਅਤੇ ਕੁਰਬਾਨੀ ਕਰਨ ਵਾਲੀਆਂ ਹੋਰ ਅਣਗਿਣਤ ਔਰਤਾਂ ਨੇ ਆਪਣੇ ਬਹਾਦਰੀ ਭਰੇ ਕਾਰਨਾਮਿਆਂ ਰਾਹੀਂ ਇਤਿਹਾਸ ਦੇ ਪੰਨਿਆਂ ’ਤੇ ਡੂੰਘੀ ਛਾਪ ਛੱਡੀ ਹੈ। ਆਜ਼ਾਦ ਭਾਰਤ ਵਿੱਚ ਵੀ ਸਿਆਸੀ ਅਤੇ ਸਮਾਜਿਕ ਖੇਤਰ ਵਿੱਚ ਔਰਤ ਦੀ ਹਮੇਸ਼ਾ ਉਸਾਰੂ ਭੂਮਿਕਾ ਰਹੀ ਹੈ। ਭਾਰਤ ਨੂੰ ਆਜ਼ਾਦੀ ਮਿਲਣ ਮਗਰੋਂ ਸੰਵਿਧਾਨ ਰਾਹੀਂ ਵੀ ਸਭ ਨੂੰ ਬਰਾਬਰੀ ਦਾ ਹੱਕ ਦਿੱਤਾ ਗਿਆ ਹੈ। ਸਮੇਂ ਸਮੇਂ ਦੀਆਂ ਸਰਕਾਰਾਂ ਵੀ ਨਾਰੀ ਸ਼ਕਤੀਕਰਣ ਦਾ ਹੋਕਾ ਦਿੰਦੀਆਂ ਰਹੀਆਂ ਹਨ। ਇਸ ਮੰਤਵ ਦੀ ਪੂਰਤੀ ਲਈ ਬਹੁਤ ਸਾਰੀਆਂ ਭਲਾਈ ਯੋਜਨਾਵਾਂ ਵੀ ਬਣਾਈਆਂ ਗਈਆਂ ਹਨ। ਯੂਨੀਵਰਸਿਟੀਆਂ ਵੱਲੋਂ ਔਰਤਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਖੋਜ ਪ੍ਰੋਜੈਕਟ ਵੀ ਚਲਾਏ ਗਏ ਹਨ। ਇਸ ਵਿਸ਼ੇ ’ਤੇ ਸੈਮੀਨਾਰ ਅਤੇ ਸਿਖਲਾਈ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ। ਇਸ ਸਭ ਦੇ ਬਾਵਜੂਦ ਸਮਾਜ ਉਨ੍ਹਾਂ ਨੂੰ ਬਣਦਾ ਸਨਮਾਣ ਨਹੀਂ ਦੇ ਸਕਿਆ। ਅੱਜ ਵੀ ਅਕਸਰ ਪਰਿਵਾਰਕ ਨਿੱਜੀ ਜਾਣ ਪਛਾਣ ਸਮੇਂ ਇਸਤਰੀ ਨੂੰ ਘਰੇਲੂ ਔਰਤ ਹੀ ਕਿਹਾ ਜਾਂਦਾ ਹੈ ਜਦੋਂਕਿ ਉਨ੍ਹਾਂ ਦੇ ਯੋਗਦਾਨ ਬਿਨਾਂ ਮਰਦ ਘਰੇਲੂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋ ਕੇ ਪੇਸ਼ੇਵਰ ਤੇ ਨਿੱਜੀ ਜੀਵਨ ਵਿੱਚ ਸਮਤੋਲ ਨਹੀਂ ਬਿਠਾ ਸਕਦਾ।
ਔਰਤਾਂ ਲਈ ਸਮਾਜ ਵਿੱਚ ਬਰਾਬਰ ਦਾ ਰੁਤਬਾ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨਾ ਜ਼ਰੂਰੀ ਹੈ। ਇਸ ਦੀ ਸ਼ੁਰੂਆਤ ਆਪੋ ਆਪਣੇ ਘਰਾਂ ਤੋਂ ਹੀ ਹੋਣੀ ਚਾਹੀਦੀ ਹੈ। ਅਜੋਕੇ ਯੁੱਗ ਵਿੱਚ ਬਹੁਤ ਸਾਰੀਆਂ ਧੀਆਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਕੇ ਘਰ ਦੀ ਕਮਾਈ ਦੇ ਸਾਧਨਾਂ ਵਿੱਚ ਚੋਖਾ ਵਾਧਾ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਅਜੇ ਵੀ ਪੂਰੀ ਤਰ੍ਹਾਂ ਆਰਥਿਕ ਆਜ਼ਾਦੀ ਹਾਸਲ ਨਹੀਂ। ਘਰ ਦੇ ਆਰਥਿਕ ਮਸਲਿਆਂ ਨੂੰ ਨਜਿੱਠਣ ਲਈ ਵੀ ਨਾਰੀ ਦਾ ਮਹੱਤਵਪੂਰਣ ਰੋਲ ਹੋਣਾ ਜ਼ਰੂਰੀ ਹੈ। ਇਸ ਨਾਲ ਜਿੱਥੇ ਉਸ ਦਾ ਮਾਣ ਸਤਿਕਾਰ ਵਧੇਗਾ ਉੱਥੇ ਘਰੇਲੂ ਬੱਚਤ ਸਾਧਨਾਂ ਵਿੱਚ ਵੀ ਸੁਧਾਰ ਹੋਵੇਗਾ। ਇਸ ਲਈ ਸਮੇਂ ਦੀ ਲੋੜ ਹੈ ਕਿ ਸਭ ਇਨਸਾਨ ਆਪਣੇ ਅੰਦਰ ਝਾਤੀ ਮਾਰਨ ਅਤੇ ਔਰਤ ਨੂੰ ਘਰਾਂ ਵਿੱਚ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਤੇ ਪੂਰਾ ਮਾਣ ਸਤਿਕਾਰ ਦੇਣ ਦਾ ਪ੍ਰਣ ਕਰਕੇ ਇਸ ਉੱਤੇ ਅਮਲ ਯਕੀਨੀ ਬਣਾਉਣ।
* ਸਾਬਕਾ ਐਡੀਸ਼ਨਲ ਡਾਇਰੈਕਟਰ, ਲੋਕ ਸੰਪਰਕ ਵਿਭਾਗ, ਪੰਜਾਬ।
ਸੰਪਰਕ: 98551-80688