ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗੇ ਸਲਮਾਨ ਖ਼ਾਨ: ਟਿਕੈਤ

07:45 AM Oct 28, 2024 IST
ਕਿਸਾਨ ਮਜ਼ਦੂਰ ਮਹਾਪੰਚਾਇਤ ਨੂੰ ਸੰਬੋਧਨ ਕਰਦੇ ਹੋਏ ਰਾਕੇਸ਼ ਟਿਕੈਤ। -ਫੋਟੋ: ਪੀਟੀਆਈ

ਪ੍ਰਯਾਗਰਾਜ, 27 ਅਕਤੂਬਰ
ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਗਰੋਹ ਤੋਂ ਮਿਲ ਰਹੀਆਂ ਧਮਕੀਆਂ ਦੀਆਂ ਰਿਪੋਰਟਾਂ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਅਦਾਕਾਰ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਜੇ ਮੁਆਫ਼ੀ ਮੰਗਣ ਨਾਲ ਮਾਮਲੇ ਦਾ ਨਿਬੇੜਾ ਹੁੰਦਾ ਹੈ ਤਾਂ ਫਿਰ ਇਸ ’ਚ ਕੁਝ ਵੀ ਗਲਤ ਨਹੀਂ ਹੈ। ਇਥੇ ਕਿਸਾਨ ਮਹਾਪੰਚਾਇਤ ’ਚ ਹਿੱਸਾ ਲੈਣ ਲਈ ਪੁੱਜੇ ਟਿਕੈਤ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਜੇ ਜਾਣੇ-ਅਣਜਾਣੇ ’ਚ ਕੋਈ ਗਲਤੀ ਹੋਈ ਹੈ ਤਾਂ ਸਲਮਾਨ ਦਾ ਮੁਆਫ਼ੀ ਮੰਗਣ ਨਾਲ ਕੁਝ ਨਹੀਂ ਵਿਗੜੇਗਾ।
ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ, ਜਿਸ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਨੇ ਉਨ੍ਹਾਂ ਦੇ ਖੇਤਾਂ ’ਚ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਮੀਟਰਾਂ ਤੋਂ ਮੁਫ਼ਤ ਬਿਜਲੀ ਕਿਵੇਂ ਮਿਲੇਗੀ। ਜੇ ਮੀਟਰ ਲਗਾਉਣੇ ਹਨ ਤਾਂ ਫਿਰ ਭਾਜਪਾ ਨੂੰ 2027 ਦੀਆਂ ਯੂਪੀ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ’ਚ ਇਸ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਨਹੀਂ ਤਾਂ ਖੇਤਾਂ ’ਚ ਬਿਜਲੀ ਮੀਟਰ ਨਹੀਂ ਲੱਗਣ ਦੇਵਾਂਗੇ।’’ ਝੋਨੇ ਦੇ ਮੁੱਲ ਬਾਰੇ ਉਨ੍ਹਾਂ ਕਿਹਾ ਕਿ ਪੂਰਵਾਂਚਲ ਦੇ ਜੌਨਪੁਰ, ਮਿਰਜ਼ਾਪੁਰ ਅਤੇ ਬਲੀਆ ’ਚ ਕਿਸਾਨਾਂ ਨੂੰ ਫ਼ਸਲ 1200 ਰੁਪਏ ਪ੍ਰਤੀ ਕੁਇੰਟਲ ਦੇ ਮੁੱਲ ’ਤੇ ਵੇਚਣੀ ਪੈ ਰਹੀ ਹੈ। ਟਿਕੈਤ ਨੇ ਕਿਹਾ ਕਿ ਇਸੇ ਤਰ੍ਹਾਂ ਬਿਹਾਰ ’ਚ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਇਕ ਲੱਖ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ ਅਤੇ ਇਹੋ ਹਾਲ ਹੋਰ ਸੂਬਿਆਂ ਦਾ ਵੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਰਕਾਰ ਦਾ ਬੰਧੂਆ ਮਜ਼ਦੂਰ ਬਣਾਉਣ ਲਈ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ। ਅਗਨੀਵੀਰ ਯੋਜਨਾ ਬਾਰੇ ਟਿਕੈਤ ਨੇ ਦਾਅਵਾ ਕੀਤਾ ਕਿ ਜਿਹੜੇ ਨੌਜਵਾਨ ਇਸ ਯੋਜਨਾ ਤਹਿਤ ਭਰਤੀ ਹੋਣਗੇ, ਉਨ੍ਹਾਂ ਨੂੰ ਆਉਂਦੇ ਸਮੇਂ ’ਚ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਪਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਕ ਖਾਸ ਕਾਰੋਬਾਰੀ ਗਰੁੱਪ ਨੂੰ 25 ਹਜ਼ਾਰ ਸੁਰੱਖਿਆ ਗਾਰਡਾਂ ਦੀ ਲੋੜ ਹੈ ਅਤੇ ਅਗਨੀਵੀਰ ਯੋਜਨਾ ਉਸ ਕੰਪਨੀ ਲਈ ਹੀ ਸ਼ੁਰੂ ਕੀਤੀ ਗਈ ਹੈ। -ਪੀਟੀਆਈ

Advertisement

Advertisement