ਸਾਕਸ਼ੀ ਮਲਿਕ ਤੇ ਮੀਰਾਬਾਈ ਚਾਨੂੰ ਨੂੰ ਨਹੀਂ ਮਿਲੇਗਾ ਅਰਜੁਨ ਪੁਰਸਕਾਰ
ਨਵੀਂ ਦਿੱਲੀ, 21 ਅਗਸਤ
ਖੇਡ ਮੰਤਰਾਲੇ ਨੇ ਬੀਤੇ ਵਿੱਚ ਖੇਡ ਰਤਨ ਪੁਰਸਕਾਰ ਹਾਸਲ ਕਰਨ ਵਾਲੀ ਸਾਕਸ਼ੀ ਮਲਿਕ ਤੇ ਮੀਰਾਬਾਈ ਚਾਨੂੰ ਨੂੰ ਅਰਜੁਨ ਪੁਰਸਕਾਰ ਨਾ ਦੇਣ ਦਾ ਫੈਸਲਾ ਕੀਤਾ ਹੈ। ਲਿਹਾਜ਼ਾ ਇਸ ਸਾਲ ਇਹ ਪੁਰਸਕਾਰ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ ਘੱਟ ਕੇ 27 ਰਹਿ ਗਈ ਹੈ। ਖੇਡ ਮੰਤਰਾਲੇ ਨੇ ਹਾਲਾਂਕਿ ਦੇਸ਼ ਦੇ ਸਿਖਰਲੇ ਖੇਡ ਪੁਰਸਕਾਰ ‘ਖੇਲ ਰਤਨ’ ਲਈ ਸਿਫਾਰਿਸ਼ ਕੀਤੇ ਪੰਜ ਖਿਡਾਰੀਆਂ ਦੇ ਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪਿਛਲੇ ਹਫ਼ਤੇ ਜਸਟਿਸ ਸੇਵਾ ਮੁਕਤ ਮੁਕੁੰਦਕਮ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅਰਜੁਨ ਪੁਰਸਕਾਰ ਲਈ 29 ਖਿਡਾਰੀਆਂ ਨੇ ਨਾਮ ਖੇਡ ਮੰਤਰਾਲੇ ਨੂੰ ਭੇਜੇ ਸੀ। ਇਸ ਸੂਚੀ ਵਿੱਚ ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ 2017 ਦੀ ਵਿਸ਼ਵ ਵੇਟਲਿਫਟਿੰਗ ਚੈਂਪੀਅਨ ਮੀਰਾਬਾਈ ਚਾਨੂੰ ਦਾ ਨਾਮ ਵੀ ਸ਼ਾਮਲ ਸੀ, ਪਰ ਇਨ੍ਹਾਂ ਦੋਵਾਂ ਨੂੰ ਇਸ ਮਾਣਮੱਤੇ ਖੇਡ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਆਖਰੀ ਫੈਸਲਾ ਖੇਡ ਮੰਤਰੀ ਕਿਰਨ ਰਿਜੀਜੂ ਉੱਤੇ ਛੱਡ ਦਿੱਤਾ ਗਿਆ ਸੀ।
ਅਸਲ ਵਿੱਚ ਇਨ੍ਹਾਂ ਦੋਵਾਂ ਖਿਡਾਰਨਾਂ ਨੂੰ ਪਹਿਲਾਂ ਹੀ ਦੇਸ਼ ਦਾ ਸਿਖਰਲਾ ਖੇਡ ਪੁਰਸਕਾਰ ਮਿਲ ਚੁੱਕਾ ਹੈ। ਇਨ੍ਹਾਂ ਦੋਵਾਂ ਦਾ ਨਾਮ ਸੂਚੀ ਵਿੱਚ ਸ਼ਾਮਲ ਕਰਨ ਦੀ ਆਲੋਚਨਾ ਹੋਈ ਸੀ। ਇਸ ਸਾਲ ਖੇਡ ਰਤਨ ਹਾਸਲ ਕਰਨ ਵਾਲੇ ਪੰਜ ਖਿਡਾਰੀਆਂ ’ਚ ਕ੍ਰਿਕਟਰ ਰੋਹਿਤ ਸ਼ਰਮਾ, ਪਹਿਲਵਾਨ ਵਿਨੇਸ਼ ਫੋਗਾਟ, ਪੈਰਾਲੰਪਿਕ ਸੋਨ ਤਗਮਾ ਜੇਤੂ ਮਰੀਅੱਪਨ ਥੰਗਵੇਲੂ, ਟੇਬਲ ਟੈਨਿਸ ਖਿਡਾਰੀ ਮਾਨਿਕਾ ਬੱਤਰਾ ਤੇ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਸ਼ਾਮਲ ਹਨ। ਕਰੋਨਾ ਮਹਾਮਾਰੀ ਕਰਕੇ ਪਹਿਲੀ ਵਾਰ 29 ਅਗਸਤ ਨੂੰ ਕੌਮੀ ਖੇਡ ਦਿਹਾੜੇ ਮੌਕੇ ਵਰਚੁਅਲ ਸਮਾਗਮ ਦੌਰਾਨ ਪੁਰਸਕਾਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿੱਚ ਪੁਰਸਕਾਰਾਂ ਦੀ ਵੰਡ ਕੀਤੀ ਜਾਂਦੀ ਰਹੀ ਹੈ। -ਪੀਟੀਆਈ