For the best experience, open
https://m.punjabitribuneonline.com
on your mobile browser.
Advertisement

ਨਾਰਾਜ਼ ਵਿੱਜ ਨੂੰ ਮਨਾਉਣ ਲਈ ਪਹੁੰਚੇ ਸੈਣੀ

11:39 AM Mar 23, 2024 IST
ਨਾਰਾਜ਼ ਵਿੱਜ ਨੂੰ ਮਨਾਉਣ ਲਈ ਪਹੁੰਚੇ ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕਰਦੇ ਹੋਏ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ।
Advertisement

ਰਤਨ ਸਿੰਘ ਢਿੱਲੋਂ
ਅੰਬਾਲਾ, 22 ਮਾਰਚ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮਿਲਣ ਤੇ ਮਨਾਉਣ ਲਈ ਅੱਜ ਉਨ੍ਹਾਂ ਦੀ ਅੰਬਾਲਾ ਕੈਂਟ ਸਥਿਤ ਰਿਹਾਇਸ਼ ਵਿਖੇ ਪਹੁੰਚੇ। ਇਸ ਦੌਰਾਨ ਸ੍ਰੀ ਵਿੱਜ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਸਨਮਾਨ ਵਜੋਂ ਇਕ ਸ਼ਾਲ ਵੀ ਸ੍ਰੀ ਸੈਣੀ ਨੂੰ ਪਹਿਨਾਇਆ। ਉਸ ਤੋਂ ਬਾਅਦ ਮੁੱਖ ਮੰਤਰੀ ਸੈਣੀ ਨੇ ਸੀਨੀਅਰ ਭਾਜਪਾ ਆਗੂ ਦੇ ਪੈਰ ਛੂਹੇ।
ਜ਼ਿਕਰਯੋਗ ਹੈ ਕਿ ਕੱਲ੍ਹ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਸੀ ਕਿ ਉਹ ਅਨਿਲ ਵਿੱਜ ਦੇ ਘਰ ਜਾਣਗੇ ਅਤੇ ਚਾਹ ਪੀਣ ਦੇ ਨਾਲ-ਨਾਲ ਉਨ੍ਹਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕਰਨਗੇ। ਇਸ ਦੌਰਾਨ ਦੋਹਾਂ ਆਗੂਆਂ ਵਿਚਾਲੇ ਕਰੀਬ 40 ਮਿੰਟ ਗੱਲਬਾਤ ਹੋਈ। ਮੁੱਖ ਮੰਤਰੀ ਨੇ ਕਿਹਾ, ‘‘ਅਨਿਲ ਵਿੱਜ ਸਾਡੇ ਸੀਨੀਅਰ ਮੰਤਰੀ ਰਹੇ ਹਨ। ਜਦੋਂ ਮੈਂ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਸੀ ਉਦੋਂ ਤੋਂ ਵਿੱਜ ਸਾਹਿਬ ਦੀ ਅਗਵਾਈ ਲੈਂਦਾ ਆ ਰਿਹਾ ਹਾਂ। ਫਿਰ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਬਣਿਆ ਤਾਂ ਵੀ ਆਸ਼ੀਰਵਾਦ ਮਿਲਿਆ। ਹੁਣ ਪਾਰਟੀ ਨੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਹੈ ਤਾਂ ਵੀ ਅੱਜ ਆਸ਼ੀਰਵਾਦ ਲੈਣ ਆਇਆ ਹਾਂ। ਹੁਣ ਵਿੱਜ ਸਾਹਿਬ ਦੀ ਅਗਵਾਈ ਵਿੱਚ ਹਰਿਆਣਾ ਦੀਆਂ 10 ਦੀਆਂ 10 ਸੀਟਾਂ ਜਿੱਤਣੀਆਂ ਹਨ।’’
ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹੱਸਦੇ ਹੋਏ ਕਿਹਾ, ‘‘ਮੁਲਾਕਾਤ ਹੋਈ, ਕੁਛ ਬਾਤ ਹੋਈ।’’ ਨਰਾਜ਼ਗੀ ਦੀ ਗੱਲ ਉਨ੍ਹਾਂ ਨੇ ਫਿਰ ਨਕਾਰ ਦਿੱਤੀ ਅਤੇ ਕਿਹਾ, ‘‘ਮੈਂ ਭਾਜਪਾ ਦਾ ਪੱਕਾ ਭਗਤ ਹਾਂ ਅਤੇ ਕਦੇ ਨਾਰਾਜ਼ ਨਹੀਂ ਹੁੰਦਾ। ਅਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ, ਮੈਂ ਦਿਲ ’ਤੇ ਨਹੀਂ ਲਾਉਂਦਾ।’’ ਦੱਸਣਾ ਬਣਦਾ ਹੈ ਕਿ 12 ਮਾਰਚ ਨੂੰ ਭਾਜਪਾ-ਜਜਪਾ ਗੱਠਜੋੜ ਟੁੱਟਣ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਸੇ ਦਿਨ ਮੰਤਰੀ ਮੰਡਲ ਸਮੇਤ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਨਵਾਂ ਮੁੱਖ ਮੰਤਰੀ ਚੁਣਨ ਲਈ ਵਿਧਾਇਕ ਦਲ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਦਿੱਲੀ ਤੋਂ ਕੇਂਦਰੀ ਮੰਤਰੀ ਅਰਜੁਨ ਮੁੰਡਾ ਅਤੇ ਤਰੁਨ ਚੁੱਘ ਵੀ ਮੌਜੂਦ ਸਨ। ਇਸ ਦੌਰਾਨ ਅਨਿਲ ਵਿੱਜ ਅਚਾਨਕ ਇਸ ਮੀਟਿੰਗ ਵਿੱਚੋਂ ਉੱਠ ਕੇ ਆ ਗਏ ਸਨ।

Advertisement

Advertisement
Author Image

sukhwinder singh

View all posts

Advertisement
Advertisement
×