ਸੈਫ ਹਮਲਾ ਮਾਮਲਾ: ਗ੍ਰਿਫ਼ਤਾਰ ਕੀਤੇ ਬੰਗਲਾਦੇਸ਼ੀ ਵਿਅਕਤੀ ਖ਼ਿਲਾਫ਼ ਮੁੰਬਈ ਪੁਲੀਸ ਕੋਲ ਠੋਸ ਸਬੂਤ
ਮੁੰਬਈ, 28 ਜਨਵਰੀ
ਬੌਲੀਵੁਡ ਅਦਾਕਾਰ ਸੈਫ ਅਲੀ ਖਾਨ ’ਤੇ ਹਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲੀਸ ਨੇ ਅੱਜ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਵਿਅਕਤੀ ਖ਼ਿਲਾਫ਼ ਉਨ੍ਹਾਂ ਕੋਲ ਠੋਸ ਸਬੂਤ ਹਨ।
ਇੱਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਵਧੀਕ ਪੁਲੀਸ ਕਮਿਸ਼ਨਰ (ਪੱਛਮੀ ਖੇਤਰ) ਪਰਮਜੀਤ ਦਹੀਆ ਨੇ ਜਾਂਚ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਡੀਸੀਪੀ ਜ਼ੋਨ 9 ਦੀ ਟੀਮ ਵੱਲੋਂ ਅਪਰਾਧ ਸ਼ਾਖਾ ਦੇ ਨਾਲ ਮਿਲ ਕੇ ਕੀਤੀ ਗਈ ਇਹ ਇਕ ਸ਼ਾਨਦਾਰ ਸਬੂਤ ਆਧਾਰਿਤ ਜਾਂਚ ਹੈ। ਉਨ੍ਹਾਂ ਕਿਹਾ, ‘‘ਮੁੰਬਈ ਪੁਲੀਸ ਕੋਲ ਮੁਲਜ਼ਮ ਖ਼ਿਲਾਫ਼ ਦਸਤਾਵੇਜ਼ੀ, ਫਿਜ਼ੀਕਲ ਤੇ ਤਕਨੀਕੀ ਸਣੇ ਕਾਫੀ ਤੇ ਠੋਸ ਸਬੂਤ ਹਨ।’’ ਉਨ੍ਹਾਂ ਕਿਹਾ, ‘‘ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਸਬੂਤ ਇਕੱਤਰ ਕਰਨ ਤਹਿਤ ਮੁਲਜ਼ਮ ਦੀ ਪਛਾਣ ਯਕੀਨੀ ਬਣਾਉਣ ਲਈ ਪੁਲੀਸ ਕੋਲ ਚਿਹਰੇ ਦਾ ਮੇਲ ਕਰਵਾਉਣ ਦਾ ਰਾਹ ਵੀ ਹੈ ਅਤੇ ਅਸੀਂ ਇਹ ਕਰਵਾਵਾਂਗੇ।’’
ਦਹੀਆ ਨੇ ਕਿਹਾ, ‘‘ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੂੰ ਘਟਨਾ ਵਿੱਚ ਉਸ ਦੇ ਨਾਲ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਕੋਈ ਸੰਕੇਤ ਨਹੀਂ ਮਿਲਿਆ।’’ ਉਨ੍ਹਾਂ ਦੱਸਿਆ ਕਿ ਪੁਲੀਸ ਉਨ੍ਹਾਂ ਲੋਕਾਂ ਕੋਲੋਂ ਪੁੱਛ ਪੜਤਾਲ ਕਰ ਰਹੀ ਹੈ, ਜਿਨ੍ਹਾਂ ਦੇ ਉਹ ਸੰਪਰਕ ਵਿੱਚ ਸੀ। ਦਹੀਆ ਨੇ ਕਿਹਾ, ‘‘ਅਸੀਂ ਉਂਗਲਾਂ ਦੇ ਨਿਸ਼ਾਨ ਦੇ ਨਮੂਨੇ ਸੀਆਈਡੀ ਨੂੰ ਭੇਜ ਦਿੱਤੇ ਹਨ। ਫਿਲਹਾਲ ਸਾਨੂੰ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਬਾਰੇ ਕੋਈ ਅਧਿਕਾਰਤ ਰਿਪੋਰਟ ਨਹੀਂ ਮਿਲੀ ਹੈ।’’ -ਪੀਟੀਆਈ