Delhi Elections ਭਾਜਪਾ ਨੂੰ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦੇਖਣੀ ਪਏਗੀ: ਕੇਜਰੀਵਾਲ
ਨਵੀਂ ਦਿੱਲੀ, 3 ਫਰਵਰੀ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਨੂੰ ਦਿੱਲੀ ਅਸੈਂਬਲੀ ਚੋਣਾਂ ਵਿੱਚ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਚੋਣਾਂ ਨੂੰ ਅਸਰਅੰਦਾਜ਼ ਕਰਨ ਲਈ ਆਪਣੇ ‘ਗੁੰਡਿਆਂ’ ਅਤੇ ਦਿੱਲੀ ਪੁਲੀਸ ਦੀ ਵਰਤੋਂ ਕਰੇਗੀ।
ਦਿੱਲੀ ਅਸੈਂਬਲੀ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਇੱਕ ਵੀਡੀਓ ਸੰਦੇਸ਼ ਵਿੱਚ, ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਪਹਿਲਾਂ ਹੀ ‘ਵੱਡੀ ਹਾਰ’ ਦੇ ਮੱਦੇਨਜ਼ਰ ਗਲਤ ਜੁਗਤਾਂ ਦਾ ਸਹਾਰਾ ਲੈ ਰਹੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਅਜਿਹੀਆਂ ਜੁਗਤਾਂ ਦੇ ਬਾਵਜੂਦ ‘ਆਪ’ ਇਤਿਹਾਸਕ ਜਿੱਤ ਵੱਲ ਵਧ ਰਹੀ ਹੈ ਅਤੇ ਭਾਜਪਾ ਲਈ ਪਾਰਟੀ ਦੇ ਹੋਂਦ ਵਿਚ ਆਉਣ ਮਗਰੋਂ ਇਹ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਹੋਵੇਗੀ।
ਕੇਜਰੀਵਾਲ ਨੇ ਦਾਅਵਾ ਕੀਤਾ, ‘‘ਭਾਜਪਾ ਚੋਣਾਂ ਜਿੱਤਣ ਲਈ ਆਪਣੇ ਗੁੰਡਿਆਂ ਅਤੇ ਦਿੱਲੀ ਪੁਲੀਸ ਦੀ ਵੱਡੇ ਪੱਧਰ ’ਤੇ ਵਰਤੋਂ ਕਰੇਗੀ। ਉਹ ਵੋਟਰਾਂ, ਖਾਸ ਕਰਕੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਰਹਿਣ ਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨਗੇ।’’
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਵਰਕਰ ਝੁੱਗੀ-ਝੌਂਪੜੀ ਵਾਲਿਆਂ ਨੂੰ 3,000-5,000 ਰੁਪਏ ਦੀ ਪੇਸ਼ਕਸ਼ ਕਰਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨਗੇ ਅਤੇ ਚੋਣਾਂ ਵਾਲੇ ਦਿਨ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਣ ਲਈ ਉਨ੍ਹਾਂ ਦੀਆਂ ਉਂਗਲਾਂ ’ਤੇ ਕਾਲੀ ਸਿਆਹੀ ਨਾਲ ਨਿਸ਼ਾਨ ਲਗਾਉਣਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ, ‘‘ਉਨ੍ਹਾਂ ਦੇ ਪੈਸੇ ਲੈ ਲਓ, ਪਰ ਉਨ੍ਹਾਂ ਨੂੰ ਆਪਣੀ ਉਂਗਲੀ ’ਤੇ ਸਿਆਹੀ ਨਾ ਲਗਾਉਣ ਦਿਓ।’’
ਕੇਜਰੀਵਾਲ ਨੇ ਕਿਹਾ ਕਿ ਅਜਿਹੀਆਂ ਜੁਗਤਾਂ ਦੇ ਟਾਕਰੇ ਲਈ ‘ਆਪ’ ਨੇ ‘ਫੌਰੀ ਐਕਸ਼ਨ ਟੀਮਾਂ’ ਬਣਾਈਆਂ ਹਨ ਅਤੇ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਜਾਸੂਸੀ ਕੈਮਰੇ ਅਤੇ ਬਾਡੀ ਕੈਮਰੇ ਵੰਡੇ ਹਨ। ਉਨ੍ਹਾਂ ਕਿਹਾ, ‘‘ਅਸੀਂ ਕਿਸੇ ਵੀ ਗਲਤ ਕੰਮ ਵਿੱਚ ਸ਼ਾਮਲ ਭਾਜਪਾ ਦੇ ਗੁੰਡਿਆਂ ਨੂੰ ਫੜਨ ਲਈ ਕੈਮਰੇ ਬੀੜੇ ਹਨ।’’
ਕੇਜਰੀਵਾਲ ਨੇ ਵੋਟਰਾਂ ਨੂੰ ਭਾਜਪਾ ਦੀਆਂ ਕਥਿਤ ਜੁਗਤਾਂ ਖਿਲਾਫ਼ ਚੌਕਸ ਕਰਦੇ ਹੋਏ ਦਾਅਵਾ ਕੀਤਾ ਕਿ ਜੇ ਉਹ (ਭਾਜਪਾ) ਸੱਤਾ ਵਿੱਚ ਆਉਂਦੀ ਹੈ ਤਾਂ ਉਹ ਝੁੱਗੀਆਂ ਢਾਹ ਦੇਣਗੇ। ਉਨ੍ਹਾਂ ਕਿਹਾ, ‘‘ਆਪਣੀਆਂ ਵੋਟਾਂ ਵੇਚਣਾ ਤੁਹਾਡੇ ਆਪਣੇ ਮੌਤ ਦੇ ਵਾਰੰਟ ’ਤੇ ਦਸਤਖ਼ਤ ਕਰਨ ਵਾਂਗ ਹੋਵੇਗਾ।’’ -ਪੀਟੀਆਈ