ਸਾਹਨੀ ਵੱਲੋਂ ਪੰਜਾਬੀ ’ਵਰਸਿਟੀ ਨੂੰ 2.25 ਕਰੋੜ ਦੀ ਗਰਾਂਟ ਦੇਣ ਦਾ ਐਲਾਨ
ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਫਰਵਰੀ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬੀ ਯੂਨੀਵਰਸਿਟੀ ਨੂੰ 2.25 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਅੱਜ ਇੱਥੇ 37ਵੇਂ ਨੌਰਥ ਜ਼ੋਨ ਕੌਮਾਂਤਰੀ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰੀ ਸਾਹਨੀ ਨੇ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਇੱਕ ਹੋਰ ਰੀਡਿੰਗ ਹਾਲ ਬਣਾਉਣ ਲਈ ਦੋ ਕਰੋੜ ਰੁਪਏ ਤੇ ਗੁਰੂ ਤੇਗ ਬਹਾਦਰ ਆਡੀਟੋਰੀਅਮ ਵਾਸਤੇ 25 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਗੁਰੂ ਤੇਗ ਬਹਾਦਰ ਆਡੀਟੋਰੀਅਮ ਉੱਤਰੀ ਜ਼ੋਨ ਦਾ ਸਭ ਤੋਂ ਸ਼ਾਨਦਾਰ ਐਡੀਟੋਰੀਅਮ ਹੋਵੇ ਅਤੇ ਇੱਥੇ ਵਿਦਿਆਰਥੀਆਂ ਦੀਆਂ ਵੱਧ ਤੋਂ ਵੱਧ ਗਤੀਵਿਧੀਆਂ ਹੋਣ। ਵਿਦਿਆਰਥੀ ਵਜੋਂ ਯੂਨੀਵਰਸਿਟੀ ਵਿੱਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਉਹ ਭਾਵੁਕ ਹੋ ਗਏ।
ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਜੇਤੂਆਂ ਨੂੰ ਵਧਾਈ। ਉਨ੍ਹਾਂ ਅਜਿਹੇ ਮੇਲਿਆਂ ਦਾ ਪਸਾਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਮੇਲੇ ਵਿਦਿਆਰਥੀਆਂ ਦੇ ਵਿਕਾਸ ਲਈ ਜ਼ਰੂਰੀ ਹਨ। ਇਸ ਮੌਕੇ ਏਆਈਯੂ ਦੇ ਆਬਜ਼ਰਬਰ ਡਾ. ਐੱਸ.ਕੇ ਸ਼ਰਮਾ ਨੇ ਵੀ ਵਿਚਾਰ ਰੱਖੇ। ਇਸ ਤੋਂ ਪਹਿਲਾਂ ਵਿਚਾਰ-ਚਰਚਾ ਦੌਰਾਨ ਸੰਸਦ ਮੈਂਬਰ ਸ੍ਰੀ ਸਾਹਨੀ ਨੇ ਉਪ-ਕੁਲਪਤੀ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ। ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਦੇ ਆਰਥਿਕ ਹਾਲਾਤ ਸੁਧਾਰਨ ਲਈ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 30 ਕਰੋੜ ਰੁਪਏ ਮਹੀਨਾ ਗਰਾਂਟ ਕਰ ਦਿੱਤੀ ਗਈ ਹੈ।