For the best experience, open
https://m.punjabitribuneonline.com
on your mobile browser.
Advertisement

ਸਾਹਿਤ ਮੇਲਾ: ਜਦੋਂ ਸਾਹਿਤ ਵਸਤ ਬਣ ਜਾਵੇ

07:12 AM Feb 11, 2024 IST
ਸਾਹਿਤ ਮੇਲਾ  ਜਦੋਂ ਸਾਹਿਤ ਵਸਤ ਬਣ ਜਾਵੇ
Advertisement

Advertisement

ਕ੍ਰਿਸ਼ਨ ਕੁਮਾਰ ਰੱਤੂ

ਇਨ੍ਹੀਂ ਦਿਨੀਂ ਪੂਰੀ ਦੁਨੀਆ ਵਿੱਚ ਸਾਹਿਤ ਤੇ ਹੋਰ ਮੇਲਿਆਂ ਦੀ ਭਰਮਾਰ ਹੈ। ਅਰਬੀ ਭਾਸ਼ਾ ਦੇ ਸਾਹਿਤਕਾਰ, ਚਿੰਤਕ ਅਨਵਰ ਜ਼ੈਦੀ ਨੇ ਇੱਕ ਟਿੱਪਣੀ ਵਿੱਚ ਠੀਕ ਹੀ ਕਿਹਾ ਹੈ ਕਿ ‘‘ਬਾਜ਼ਾਰ ਅੱਜ ਦੇ ਮਨੁੱਖ ਦੀ ਜ਼ਿੰਦਗੀ ਦਾ ਹਿੱਸਾ ਹੈ ਤੇ ਹੁਣ ਸਾਹਿਤ ਬਾਜ਼ਾਰ ਵਿੱਚ ਬਦਲ ਗਿਆ ਹੈ।’’ ਇਹ ਤਲਖ਼ ਟਿੱਪਣੀ ਉਸ ਨੇ ਸ਼ਾਰਜਾ ਵਿੱਚ ਹੋਏ ਕੌਮਾਂਤਰੀ ਪੁਸਤਕ ਮੇਲੇ ਦੇ ਉਦਘਾਟਨੀ ਸਮਾਗਮ ਵਿੱਚ ਕੀਤੀ ਸੀ, ਪਰ ਇਨ੍ਹੀਂ ਦਿਨੀਂ ਸਾਹਿਤ ਦੀ ਹਕੀਕਤ ਇਸ ਤੋਂ ਵੀ ਕਿਤੇ ਤਲਖ਼ ਹੈ।
ਇੱਕ ਫਰਵਰੀ ਤੋਂ 5 ਫਰਵਰੀ ਤੱਕ ਜੈਪੁਰ ਵਿੱਚ ਕੌਮਾਂਤਰੀ ਸਾਹਿਤ ਮੇਲਾ ਜਿਸ ਨੂੰ ਜੈਪੁਰ ਲਿਟਰੇਚਰ ਫੈਸਟੀਵਲ ਕਿਹਾ ਜਾਂਦਾ ਹੈ, ਸੰਪੰਨ ਹੋ ਗਿਆ। 2006 ਵਿੱਚ ਸ਼ੁਰੂ ਹੋਇਆ ਇਹ ਮੇਲਾ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਸਮੇਂ ’ਤੇ ਹੁੰਦਾ ਹੈ। ਇਸ ਸਾਹਿਤ ਮੇਲੇ ਵਿੱਚ ਦੁਨੀਆ ਭਰ ਦੇ ਸਾਹਿਤਕਾਰਾਂ ਅਤੇ ਹੋਰ ਲੋਕਾਂ ਨੂੰ ਬੁਲਾਇਆ ਜਾਂਦਾ ਹੈ। ਪਛਾਣ ਅਤੇ ਸੱਦਾ ਦੇਣ ਦਾ ਇਹ ਸਿਲਸਿਲਾ ਅਦਭੁੱਤ ਹੈ।
ਪਿਛਲੇ ਸਾਲ ਤੋਂ ਇਹ ਮੇਲਾ ਸੁਰਖ਼ੀਆਂ ਵਿੱਚ ਰਿਹਾ ਅਤੇ ਕਈ ਵਾਰ ਸਰਕਾਰ ਨੂੰ ਦਖ਼ਲ ਦੇਣਾ ਪਿਆ ਸੀ। ਹੁਣ ਇਹ ਮੇਲਾ ਜੈਪੁਰ ਦੇ ਜੇ.ਐੱਲ.ਐੱਨ. ਮਾਰਗ ਦੇ ਮੁੱਖ ਰਸਤੇ ’ਤੇ ਹੋਟਲ ਕਲਾਰਕਸ ਆਮੇਰ ਵਿੱਚ ਕੀਤਾ ਜਾਂਦਾ ਹੈ। ਇਸ ਵਿੱਚ ਦੁਨੀਆ ਭਰ ਦੇ ਲੋਕ ਸ਼ਾਮਿਲ ਹੁੰਦੇ ਹਨ।
ਇਸ ਸਾਹਿਤ ਮੇਲੇ ਦੇ ਪ੍ਰਬੰਧਕਾਂ ਅਨੁਸਾਰ ਇਸ ਵਾਰ ਇਸ ਵਿੱਚ 555 ਤੋਂ ਜ਼ਿਆਦਾ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ਨੇ ਦੁਨੀਆ ਵਿੱਚ ਵੱਖ ਵੱਖ ਖੇਤਰਾਂ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ ਪਰ ਇਹ ਸਭ ਕੁਝ ਸਾਹਿਤ ਦੇ ਨਾਮ ’ਤੇ ਵਿਕਦਾ ਹੈ। ਸਾਹਿਤ ਅੱਜ ਉਹ ਉਤਪਾਦ ਹੋ ਗਿਆ ਹੈ ਜਿਸ ਨੂੰ ਜਾਤੀ, ਧਰਮ, ਸਿਆਸਤ ਅਤੇ ਬਾਜ਼ਾਰ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ। ਸੰਜੋਗ ਇਹ ਵੀ ਹੈ ਕਿ ਇਸ ਮੇਲੇ ਦਾ ਸਥਾਨ ਮੇਰੇ ਘਰ ਤੋਂ ਪੰਜ ਮਿੰਟ ਦਾ ਰਸਤਾ ਹੈ ਤੇ ਇਸ ਸਾਹਿਤ ਮੇਲੇ ਵਿੱਚ ਵਿਚਰਦਿਆਂ ਇਹ ਗੱਲ ਮਨ ਵਿੱਚ ਵਾਰ-ਵਾਰ ਆਉਂਦੀ ਰਹੀ ਕਿ ਇਹ ਮੇਲਾ ਸਾਹਿਤ ਦਾ ਹੈ ਜਾਂ ਦੂਸਰੇ ਉਤਪਾਦ ਵੇਚਣ ਵਾਲਿਆਂ ਦਾ! ਮਿਸਾਲ ਵਜੋਂ, ਸਾਹਿਤ ਦੇ ਇਸ ਮੇਲੇ ਵਿੱਚ ਕੁਝ ਕੁ ਉੱਘੇ ਲੇਖਕ ਨਾਵਾਂ ਤੋਂ ਬਿਨਾਂ ਜ਼ਿਆਦਾਤਰ ਅੰਗਰੇਜ਼ੀ ਅਤੇ ਦੂਜੀਆਂ ਭਾਸ਼ਾਵਾਂ ਦੇ ਲੋਕ ਸ਼ਾਮਿਲ ਸਨ ਜਿਨ੍ਹਾਂ ਵਿੱਚ ਪੁਸਤਕ ਵਿਕਰੇਤਾ ਤੋਂ ਲੈ ਕੇ ਲਾਈਫ ਕੋਚ, ਜ਼ਿੰਦਗੀ ਦੀਆਂ ਸਹੂਲਤਾਂ ਦੀਆਂ ਚੀਜ਼ਾਂ ਦੇ ਬਾਜ਼ਾਰ ਤੇ ਜੋਤਿਸ਼ ਤੋਂ ਲੈ ਕੇ ਯੋਗ ਤੱਕ ਅਤੇ ਅੱਖਾਂ ਦੀ ਖ਼ੂਬਸੂਰਤੀ ਬਣਾਉਣ ਤੋਂ ਲੈ ਕੇ ਸਰੀਰਕ ਪ੍ਰਤਿਕਿਰਿਆਵਾਂ ਦੀਆਂ ਦੁਕਾਨਾਂ ਵੀ ਇੱਥੇ ਦਿਸੀਆਂ। ਇਸ ਵਾਰ ਪਹਿਲੀ ਵਾਰ ਪ੍ਰਤੀ ਵਿਦਿਆਰਥੀ ਟਿਕਟ ਦੇ 100 ਰੁਪਏ ਵਸੂਲੇ ਗਏ। ਇਹ ਟਿਕਟ ਇਸ ਵਾਰੀ 56 ਹਜ਼ਾਰ ਤੋਂ ਜ਼ਿਆਦਾ ਤੱਕ ਮਹਿੰਗੀ ਵੀ ਦੇਖੀ ਗਈ।
ਸਾਹਿਤ ਮੇਲੇ ਦੀ ਸ਼ਾਮ ਨੂੰ ਫਿਊਜ਼ਨ ਜੈਜ਼ ਸੰਗੀਤ ਅਤੇ ਦੂਸਰੀ ਤਰ੍ਹਾਂ ਦੇ ਸੰਗੀਤ ਦਾ ਰੇਲਾ ਵੀ ਦੇਖਿਆ ਗਿਆ ਜਿਹਦੇ ਵਿੱਚ ਸਥਾਨਕ ਲੋਕ ਸਾਜ਼ ਨਗਾਰਿਆਂ ਦੀ ਧੁਨ ਨੂੰ ਜੈਜ਼ ਮਿਊਜ਼ਿਕ ਦੇ ਇਲੈਕਟਰੋਨਿਕਸ ਸਾਜ਼ਾਂ ਦੇ ਨਾਲ ਵਿਗਾੜ ਕੇ ਪੇਸ਼ਕਾਰੀ ਕੀਤੀ ਗਈ ਅਤੇ ਲੋਕ ਨੱਚਦੇ ਰਹੇ। ਜੇ ਇਹ ਸਾਹਿਤ ਦਾ ਬਾਜ਼ਾਰ ਹੈ ਤਾਂ ਫਿਰ ਸੱਚਮੁੱਚ ਸਾਹਿਤ ਹੁਣ ਇਸ ਸਮਾਜ ਦਾ ਹਿੱਸਾ ਨਹੀਂ ਰਿਹਾ। ਹੁਣ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤੋਂ ਕਰੋੜਾਂ ਰੁਪਏ ਹਰ ਸਾਲ ਕਮਾਏ ਜਾਂਦੇ ਹਨ ਅਤੇ ਦੁਨੀਆ ਭਰ ਦੀਆਂ ਸੰਸਥਾਵਾਂ ਅਤੇ ਵਪਾਰਕ ਕੰਪਨੀਆਂ ਰਾਹੀਂ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਇਹ ਫਾਈਵ ਸਟਾਰ ਸਾਹਿਤ ਦਾ ਤਮਾਸ਼ਾ ਕੁਝ ਲੋਕਾਂ ਵਾਸਤੇ ਰੋਜ਼ੀ ਰੋਟੀ ਅਤੇ ਕੁਝ ਵਾਸਤੇ ਵਣਜ ਵਪਾਰ ਹੋ ਗਿਆ ਹੈ ਜਿੱਥੇ ਸਾਹਿਤ ਦੀਆਂ ਦੁਕਾਨਾਂ ਲੱਗਦੀਆਂ ਹਨ ਤੇ ਅੰਗਰੇਜ਼ੀ ਕਿਤਾਬਾਂ ’ਤੇ ਬਹਿਸ ਹੁੰਦੀ ਹੈ। ਉਹ ਕਿਤਾਬਾਂ ਕਦੋਂ ਛਪਦੀਆਂ, ਕਿੱਥੇ ਵਿਕਦੀਆਂ ਹਨ ਅਤੇ ਕੌਣ ਪੜ੍ਹਦਾ ਹੈ? ਇਹ ਰਹੱਸਮਈ ਸੰਸਾਰ ਹੈ ਅਤੇ ਇਸੇ ਸੰਸਾਰ ਵਿੱਚ ਕੁਝ ਲੇਖਕਾਂ ਦਾ ਸਨਮਾਨ ਅਤੇ ਵਾਹ ਵਾਹ ਹੁੰਦੀ ਹੈ ਜਦੋਂਕਿ ਆਮ ਲੇਖਕਾਂ ਤੇ ਆਮ ਲੋਕਾਂ ਦਾ ਇਸ ਸਭ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਹੁਣ ਇਹ ਸਾਡੇ ਸਮਾਜ ਦਾ ਇੱਕ ਅਫ਼ਸੋਸਨਾਕ ਪਹਿਲੂ ਬਣਦਾ ਜਾ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਲੱਗਣ ਵਾਲੇ ਅਜਿਹੇ ਸਾਹਿਤਕ ਮੇਲੇ ਵੀ ਧੜੇਬੰਦੀ, ਸਿਆਸਤ ਅਤੇ ਸ਼ਬਦੀ ਜੰਗ ਵਿੱਚ ਉਲਝ ਗਏ ਹਨ। ਮਿਸਾਲ ਵਜੋਂ, ਇਸ ਵਾਰ ਜੇ.ਐੱਲ.ਐੱਫ ਵਿੱਚ ਮੁਗ਼ਲ ਟੈਂਟ ਨਹੀਂ ਲਗਾਇਆ ਗਿਆ ਕਿਉਂਕਿ ਪਿਛਲੀ ਵਾਰ ਉਸ ਉਪਰ ਭਾਜਪਾ ਨੇ ਵਿਰੋਧ ਪ੍ਰਗਟਾਇਆ ਸੀ। ਇਸੇ ਤਰ੍ਹਾਂ ਹੋਰ ਵੀ ਬਹੁਤ ਚੀਜ਼ਾਂ ਨੂੰ ਮਨਫ਼ੀ ਕਰ ਕੇ ਇਸ ਨੂੰ ਸਿੱਧਾ ਸਿੱਧਾ ਬਿਨਾਂ ਕਿਸੇ ਵਿਰੋਧ ਦੇ ਕਰਵਾਇਆ ਹੈ। ਇਸ ਵਿੱਚ ਦੁਨੀਆ ਭਰ ਦੇ ਖੇਡ ਸਿਤਾਰਿਆਂ, ਕ੍ਰਿਕਟ ਦੀਆਂ ਸ਼ਖ਼ਸੀਅਤਾਂ ਤੋਂ ਲੈ ਕੇ ਬੈਂਕਿੰਗ ਖੇਤਰ ਅਤੇ ਫਿਲਮੀ ਦੁਨੀਆ ਦਾ ਜਲਵਾ ਦਿਖਾਈ ਦਿੱਤਾ। ਕੁਝ ਨਾਵਾਂ ਲਈ ਤਾਂ ਹਰ ਸਾਲ ਇਹ ਮੇਲਾ ਫੈਸ਼ਨ ਅਤੇ ਫਾਈਵ ਸਟਾਰ ਜੈਪੁਰ ਦਾ ਦੌਰਾ ਕਰਨ ਵਾਲੀ ਗੱਲ ਬਣ ਗਿਆ ਹੈ।
ਇਸ ਮੇਲੇ ਵਿੱਚ ਸਾਹਿਤ ਬਾਰੇ ਨਿਗੂਣਾ ਪੱਖ ਪੇਸ਼ ਕੀਤਾ ਗਿਆ ਜਦੋਂਕਿ ਆਰ.ਐੱਸ.ਐੱਸ. ਦੇ ਜਾਇੰਟ ਜਨਰਲ ਸਕੱਤਰ ਮਨਮੋਹਨ ਵੈਦਿਆ ਨੇ ਇੰਡੀਆ ਦੀ ਬਜਾਏ ਭਾਰਤ ’ਤੇ ਬਹਿਸ ਕੀਤੀ। ਦਰਬਾਰ ਹਾਲ ਤੇ ਹੋਰਨਾਂ ਥਾਵਾਂ ’ਤੇ ਕਿਤਾਬਾਂ ਤੇ ਨੁਮਾਇਸ਼ੀ ਪੁਰਸਕਾਰਾਂ ਦੀ ਵੰਡ ਹੋਈ ਜਿਨ੍ਹਾਂ ਨੂੰ ਭਾਰਤ ਦੇ ਵੱਡੇ ਅਖ਼ਬਾਰਾਂ ਤੇ ਘਰਾਣਿਆਂ ਨੇ ਸਪਾਂਸਰ ਕੀਤਾ।
ਇੱਥੇ ਅੰਗਰੇਜ਼ੀ ਦੇ ਉਹ ਲੇਖਕ ਵੀ ਦੇਖੇ ਜਿਨ੍ਹਾਂ ਦੇ ਨਾਮ ਭਾਰਤੀ ਲੇਖਕਾਂ ਨੇ ਸ਼ਾਇਦ ਹੀ ਸੁਣੇ ਹੋਣ। ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੋਈ ਕਿ ਦੇਸ਼ ਦੀ ਦਫ਼ਤਰੀ ਭਾਸ਼ਾ ਹਿੰਦੀ ਬਾਰੇ ਸਭ ਤੋਂ ਘੱਟ ਪ੍ਰੋਗਰਾਮ ਤੇ ਬਹਿਸ ਹੋਈ। ਅੱਸੀ ਫ਼ੀਸਦੀ ਪ੍ਰੋਗਰਾਮ ਅੰਗਰੇਜ਼ੀ ਵਿੱਚ ਸਨ। ਭਾਰਤ ਦੀਆਂ ਖੇਤਰੀ ਭਾਸ਼ਾਵਾਂ ਨੂੰ ਦੋ ਫ਼ੀਸਦੀ ਸਮਾਂ ਹੀ ਮਿਲਿਆ ਜਿਨ੍ਹਾਂ ਵਿੱਚ ਰਾਜਸਥਾਨੀ ਇੱਕ ਅਹਿਮ ਭਾਸ਼ਾ ਸੀ। ਉਂਜ, ਉੱਥੇ ਕੀਤੀ ਜਾਂਦੀ ਲੇਖਕਾਂ ਦੀ ਚੋਣ ਇੱਕ ਵੱਖਰਾ ਸਵਾਲ ਹੈ। ਭਾਸ਼ਾਵਾਂ ਦੇ ਨੁਮਾਇੰਦਿਆਂ ਵਜੋਂ ਅਜਿਹੇ ਮੇਲਿਆਂ ਵਿੱਚ ਬੁਲਾਏ ਜਾਂਦੇ ਲੇਖਕ ਵੀ ਉਸੇ ਲੜੀ ਦਾ ਹਿੱਸਾ ਬਣ ਜਾਂਦੇ ਹਨ ਜਿਨ੍ਹਾਂ ਭਾਸ਼ਾਵਾਂ ਦੀ ਪੇਸ਼ਕਾਰੀ ਸਭ ਤੋਂ ਗ਼ੈਰ-ਮਿਆਰੀ ਸੀ।
ਇਸ ਮੇਲੇ ਵਿੱਚ 24 ਭਾਸ਼ਾਵਾਂ ਵਿੱਚ ਸੈਸ਼ਨ ਰੱਖੇ ਗਏ ਜਿਨ੍ਹਾਂ ਵਿੱਚੋਂ 16 ਭਾਰਤੀ ਤੇ ਅੱਠ ਕੌਮਾਂਤਰੀ ਭਾਸ਼ਾਵਾਂ ਸਨ। ਇਸ ਵਾਰ ਫਿਲਮੀ ਜਗਤ ਦੀ ਉੱਘੀ ਹਸਤੀ ਗੁਲਜ਼ਾਰ ਤੋਂ ਲੈ ਕੇ ਸਿਆਸਤਦਾਨ ਸ਼ਸ਼ੀ ਥਰੂਰ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਧੀ ਸ਼ਰਮਿਸ਼ਠਾ ਮੁਖਰਜੀ ‘ਪ੍ਰਣਬ: ਮਾਇ ਫਾਦਰ’ ਕਿਤਾਬ ਲੈ ਕੇ ਹਾਜ਼ਰ ਹੋਈ। ਸ਼ਿਵਾਨੀ ਸਿੱਬਲ ਤੋਂ ਲੈ ਕੇ ਰਘੂਰਾਮ ਰਾਜਨ ਤੱਕ ਉਹ ਲੋਕ ਵੀ ਸ਼ਾਮਿਲ ਹੋਏ ਜਿਨ੍ਹਾਂ ਨੂੰ ਸ਼ਾਇਦ ਹੀ ਕਦੇ ਸਾਹਿਤ ਦੀ ਦੁਨੀਆ ਵਿੱਚ ਦੇਖਿਆ ਜਾਂਦਾ ਹੈ। ਸਾਹਿਤ ਤੋਂ ਇਲਾਵਾ ਹੋਰ ਖੇਤਰਾਂ ਦੀਆਂ ਉੱਘੀਆਂ ਸ਼ਖ਼ਸੀਅਤਾਂ, ਫਿਲਮੀ ਗੀਤਕਾਰ, ਸੰਗੀਤਕਾਰ ਆਦਿ ਇਨ੍ਹਾਂ ਮੇਲਿਆਂ ਵਿੱਚ ਇਉਂ ਸ਼ਾਮਿਲ ਹੁੰਦੀਆਂ ਹਨ ਜਿਨ੍ਹਾਂ ਦੁਆਲੇ ਇਨ੍ਹਾਂ ਮੇਲਿਆਂ ਦੀ ਸਾਰਥਿਕਤਾ ਘੁੰਮਦੀ ਜਾਪਦੀ ਹੈ। ਨਵੀਂ ਪੀੜ੍ਹੀ ਲਈ ਇਹ ਫਿਲਮੀ ਹਸਤੀਆਂ ਨੂੰ ਦੇਖਣ ਦਾ ਰੋਮਾਂਚ ਭਰਿਆ ਮੌਕਾ ਤਾਂ ਹੈ ਪਰ ਇਸ ਨਾਲ ਸਾਹਿਤ ਦੀ ਗੰਭੀਰਤਾ ਅਤੇ ਵਿਰਾਸਤੀ ਸੱਭਿਆਚਾਰ ਦਾ ਨਮੂਨਾ ਬਿਲਕੁਲ ਅਲੋਪ ਹੋ ਕੇ ਰਹਿ ਗਿਆ ਹੈ।
ਸਾਹਿਤ ਮੇਲਿਆਂ ਦੇ ਸੰਦਰਭ ਵਿੱਚ ਪੰਜਾਬੀ ਭਾਸ਼ਾ ਦੇ ਸਾਹਿਤ ਦੀ ਗੱਲ ਕਰਨੀ ਬਣਦੀ ਹੈ। ਇੱਕ ਸਰਵੇਖਣ ਮੁਤਾਬਿਕ ਦੁਨੀਆ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਪੰਜਾਬੀ ਦਸਵੇਂ ਸਥਾਨ ਹੈ। ਪਰ ਪੰਜਾਬ ਵਿੱਚ ਹੁੰਦੇ ਸਾਹਿਤ ਮੇਲਿਆਂ ਦੌਰਾਨ ਪ੍ਰਬੰਧਕ ਅਤੇ ਵੱਖ ਵੱਖ ਧੜਿਆਂ ਤੇ ਸੰਸਥਾਵਾਂ ਵਿੱਚ ਵੰਡੇ ਸਾਹਿਤਕਾਰ ਵਪਾਰਕ ਮੁਲਾਹਜ਼ੇਦਾਰੀਆਂ ਹੀ ਨਿਭਾਉਣਗੇ ਤਾਂ ਫਿਰ ਸਾਹਿਤ ਨੂੰ ਬਾਜ਼ਾਰ ਵਿੱਚ ਵਿਕਦੀ ਸ਼ੈਅ ’ਚ ਬਦਲਣਾ ਕਿੰਨਾ ਕੁ ਔਖਾ ਹੋਵੇਗਾ?
ਪਿਛਲੇ ਕੁਝ ਸਾਲਾਂ ਤੋਂ ਦੇਸ਼-ਵਿਦੇਸ਼ ਵਿੱਚ ਲੱਗਦੇ ਸਾਹਿਤ ਮੇਲਿਆਂ ਦੇ ਮੱਦੇਨਜ਼ਰ ਮੈਂ ਇਹ ਕਹਿ ਸਕਦਾ ਹਾਂ ਕਿ ਨਿੱਤ ਬਦਲ ਰਹੀ ਦੁਨੀਆ ਵਿੱਚ ਸਾਹਿਤ ਇੱਕ ਵਸਤ ਹੈ ਤੇ ਲੇਖਕ ਸਾਹਿਤ ਦਾ ਵਣਜ ਕਰਨ ਵਾਲਾ ਵਿਅਕਤੀ ਜਿਸ ਨੂੰ ਪੁਰਸਕਾਰ ਵੀ ਚਾਹੀਦੇ ਹਨ ਤੇ ਸਨਮਾਨ ਵੀ; ਇਹ ਮੇਲੇ ਉਸ ਲਈ ਇੱਕ ਵੱਖਰਾ ਆਧਾਰ ਬਣ ਸਕਦੇ ਹਨ।
ਸਾਹਿਤ ਮੇਲਿਆਂ ਵਿੱਚ ਬਹੁਤ ਸਾਰੇ ਗ਼ੈਰ-ਅਦਬੀ ਸ਼ਖ਼ਸਾਂ ਦੀਆਂ ਕਿਤਾਬਾਂ ਦਾ ਪ੍ਰਚਾਰ ਦੁਨੀਆ ਭਰ ਵਿੱਚੋਂ ਗ਼ੈਰ-ਸਾਹਿਤਕ, ਪਰ ਉੱਘੀਆਂ ਸ਼ਖ਼ਸੀਅਤਾਂ ਰਾਹੀਂ ਕਰਵਾਇਆ ਜਾਂਦਾ ਹੈ। ਇਹ ਅਸਲੀ ਸਾਹਿਤ ਦੇ ਲੇਖਕਾਂ ਅਤੇ ਸਮਾਜ ਨੂੰ ਬਦਲਣ ਦੀ ਸਮਰੱਥਾ ਰੱਖਦੇ ਨਿਰੋਲ ਸਾਹਿਤ ਲਈ ਵੱਡੀ ਚੁਣੌਤੀ ਹੈ। ਸਮਰਪਿਤ ਲੇਖਕ ਤੇ ਵਧੀਆ ਸਾਹਿਤ ਹੀ ਸਮਾਜ ਨੂੰ ਨਵੀਂ ਸੇਧ ਦੇ ਸਕਦਾ ਹੈ।
ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿਉਂਕਿ ਅਸੀਂ ਅਜਿਹੇ ਮਾਹੌਲ ਵਿੱਚ ਕੀ ਇਨ੍ਹਾਂ ਸਾਹਿਤਕ ਮੇਲਿਆਂ ਤੋਂ ਕਿਸੇ ਸਾਹਿਤਕ ਪ੍ਰਾਪਤੀ ਦੀ ਆਸ ਰੱਖ ਸਕਦੇ ਹਾਂ? ਕਿਉਂਕਿ ਕਿਤਾਬਾਂ ਵੀ ਸਪਾਂਸਰਸ਼ਿਪ ਅਤੇ ਉਪਭੋਗਤਾ ਬਾਜ਼ਾਰ ਨਾਲ ਜੁੜ ਗਈਆਂ ਹਨ। ਇਸ ਲਈ ਚੇਤੇ ਰਹੇ ਕਿ ਜਦੋਂ ਤੁਹਾਡਾ ਸਾਹਿਤ, ਤੁਹਾਡੀਆਂ ਕਿਤਾਬਾਂ ਮਹਿਜ਼ ਵਸਤ ਬਣ ਜਾਣ ਤਾਂ ਫਿਰ ਉਨ੍ਹਾਂ ਨੂੰ ਕੌਣ ਪੜ੍ਹੇਗਾ, ਕੌਣ ਖਰੀਦੇਗਾ?
* ਲੇਖਕ ਉੱਘਾ ਬ੍ਰਾਡਕਾਸਟਰ ਅਤੇ ਦੂਰਦਰਸ਼ਨ ਦਾ ਸਾਬਕਾ ਉਪ ਮਹਾਂ-ਨਿਰਦੇਸ਼ਕ ਹੈ।
ਸੰਪਰਕ: 94787-30156

Advertisement
Author Image

Advertisement
Advertisement
×