ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਮਿਲੇ: ਅਸ਼ੋਕ ਮਹਿਤਾ
ਪੱਤਰ ਪ੍ਰੇਰਕ
ਯਮੁਨਾਨਗਰ, 12 ਜੂਨ
ਰਾਸ਼ਟਰੀ ਪੰਜਾਬੀ ਮਹਾਸਭਾ ਦੇ ਜ਼ਿਲ੍ਹਾ ਯਮੁਨਾਨਗਰ ਦੇ ਦਫ਼ਤਰੀ ਉਦਘਾਟਨ ਸਮਾਗਮ ਵਿੱਚ ਸਭਾ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਦੇ ਨਾਲ ਕੌਮੀ ਸਲਾਹਕਾਰ ਰਮੇਸ਼ ਮਦਾਨ, ਕੌਮੀ ਮੈਂਬਰ ਦਵਿੰਦਰ ਚਾਵਲਾ ਅਤੇ ਕੌਮੀ ਖਜ਼ਾਨਚੀ ਅਮਨਪ੍ਰੀਤ ਸਿੰਘ ਵਿਸ਼ੇਸ਼ ਮਹਿਮਾਨਾਂ ਦੇ ਤੌਰ ‘ਤੇ ਸ਼ਾਮਿਲ ਹੋਏ। ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜੱਗੀ ਅਤੇ ਜ਼ਿਲ੍ਹਾ ਮਹਿਲਾ ਪ੍ਰਧਾਨ ਵਿਜੈ ਬੱਬਰ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਸਮਾਗਮ ਦੌਰਾਨ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਭਾਈਚਾਰਾ ਮਾਰਸ਼ਲ ਕੌਮ ਹੈ। ਪਾਕਿਸਤਾਨ ਦੀ ਵੰਡ ਵੇਲੇ ਪੰਜਾਬੀ ਪਰਿਵਾਰਾਂ ਦੇ ਹਜ਼ਾਰਾਂ ਲੋਕਾਂ ਨੇ ਆਪਣੀ ਸ਼ਹਾਦਤ ਦਿੱਤੀ। ਉਸ ਸਮੇਂ ਸਾਡੇ ਪਰਿਵਾਰਾਂ ਨੂੰ ਆਪਣੀ ਸਾਰੀ ਜ਼ਮੀਨ-ਜਾਇਦਾਦ ਛੱਡ ਕੇ ਇੱਥੇ ਤੰਬੂਆਂ ਵਿੱਚ ਰਹਿਣਾ ਪਿਆ ਅਤੇ ਆਪਣਾ ਜੀਵਨ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਆਪਣੀ ਮਿਹਨਤ ਦੇ ਬਲਬੂਤੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਅੱਗੇ ਤੋਰਿਆ ਹੈ ਪਰ ਅੱਜ ਵੀ ਪੰਜਾਬੀਆਂ ਦੀ ਸਿਆਸੀ ਸ਼ਮੂਲੀਅਤ ਉਨੀ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਇਹ ਮਾਣ ਦੀ ਗੱਲ ਹੈ ਕਿ ਉਹ ਵੀ ਸਿੱਖੀ ਦਾ ਅਨਿੱਖੜਵਾਂ ਅੰਗ ਹਨ, ਇਸ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਸਹਿਜਧਾਰੀਆਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਇਸ ਮੌਕੇ ਪੰਜਾਬੀ ਮਹਾਸਭਾ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਆਨੰਦ, ਮਹਿੰਦਰਪਾਲ ਸਿੰਘ, ਚੰਦਰਮੋਹਨ, ਮੋਹਿਨੀ ਗੁਪਤਾ, ਮਧੁਰ ਵੀਨਾ, ਪ੍ਰਵੀਨ ਮਹਿਤਾ, ਜਗਜੀਤ ਸਿੰਘ, ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।