ਮੁੱਖ ਮੰਤਰੀ ਵਿਆਹ ਸ਼ਗਨ ਸਕੀਮ ਦੀ ਰਾਸ਼ੀ ਵਧਾਈ ਜਾਵੇਗੀ: ਸੈਣੀ
ਮਹਾਂਵੀਰ ਮਿੱਤਲ
ਜੀਂਦ, 24 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾ ਦੀ ਰਾਸ਼ੀ ਵਿੱਚ ਛੇਤੀ ਹੀ ਵਾਧਾ ਕੀਤਾ ਜਾ ਰਿਹਾ ਹੈ ਜਦੋਂ ਕਿ ਫਿਲਹਾਲ ਇਸ ਯੋਜਨਾ ਦੇ ਤਹਿਤ ਆਮ ਵਰਗ ਨੂੰ 71 ਹਜ਼ਾਰ ਰੁਪਏ ਦਾ ਲਾਭ ਮਿਲ ਰਿਹਾ ਹੈ। ਅੱਜ ਜੀਂਦ ਦੇ ਏਕਲੱਵਿਆ ਸਟੇਡੀਅਮ ਵਿੱਚ ਵਾਲਮੀਕਿ ਜੈਅੰਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਕੁਝ ਲੋਕਾਂ ਨੂੰ ਅਜੇ ਵੀ ਰਾਖਵਾਂਕਰਨ ਦਾ ਲਾਭ ਨਹੀਂ ਮਿਲ ਰਿਹਾ। ਭਾਜਪਾ ਨੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਵਿਧਾਨ ਸਭਾ ਚੋਣਾਂ ਦੌਰਾਨ ਸੰਕਲਪ ਲਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਇਸ ਵਾਅਦੇ ਨੂੰ ਪੂਰਾ ਕਰਨ ਲਈ ਵਰਗੀਕਰਨ ਨੂੰ ਅਮਲੀ ਜਾਮਾ ਪਹਿਨਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 50 ਫ਼ੀਸਦ ਸਫਾਈ ਠੇਕੇ ਸਫਾਈ ਮਿੱਤਰਾਂ ਅਤੇ ਉਨ੍ਹਾਂ ਦੇ ਸਮੂਹਾਂ ਨੂੰ ਹੀ ਦਿੱਤੇ ਜਾਣਗੇ। ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਹਰਿਆਣਾ ਰਾਜ ਸਫਾਈ ਕਰਮਚਾਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਸਫਾਈ ਕਾਮਿਆਂ ਦੀ ਤਨਖ਼ਾਹ 16 ਤੋਂ ਵਧਾ ਕੇ 26 ਤੋਂ 27 ਹਜ਼ਾਰ ਤੱਕ ਕਰ ਦਿੱਤੀ ਗਈ ਹੈ। ਇੰਜਨੀਅਰ ਦੀ ਪੜ੍ਹਾਈ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਸਰਕਾਰ ਵਜ਼ੀਫਾ ਦੇਵੇਗੀ, ਬੀਪੀਐੱਲ ਪਰਿਵਾਰਾਂ ਨੂੰ ਗੈਸ ਦਾ ਸਿਲੰਡਰ 500 ਰੁਪਏ ਵਿੱਚ ਮਿਲ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਖੇਤੀ ਮੰਤਰੀ ਸ਼ਾਮ ਸਿੰਘ ਰਾਣਾ, ਡਿਪਟੀ ਸਪੀਕਰ ਡਾ. ਕ੍ਰਿਸ਼ਨ ਲਾਲ ਮਿੱਢਾ, ਉਚਾਨਾ ਦੇ ਵਿਧਾਇਕ ਦੇਵਿੰਦਰ ਅੱਤਰੀ, ਡਾ. ਰਾਜ ਸੈਣੀ, ਅਮਰਪਾਲ ਰਾਣਾ ਹਾਜ਼ਰ ਸਨ।