ਗਾਗਰ ਵਿੱਚ ਸਾਗਰ
ਤੇਜਾ ਸਿੰਘ ਤਿਲਕ
ਪੁਸਤਕ ਚਰਚਾ
ਤੀਹ ਪੁਸਤਕਾਂ ਲਿਖ ਚੁੱਕਿਆ ਹਰਜੀਤ ਅਟਵਾਲ ਯੂ.ਕੇ. ਰਹਿੰਦਾ ਪੰਜਾਬੀ ਦਾ ਜਾਣਿਆ ਪਛਾਣਿਆ ਲੇਖਕ ਹੈ। ਉਸ ਦੀਆਂ ਰਚਨਾਵਾਂ ਵਧੇਰੇ ਕਰਕੇ ਯੂਰਪੀ ਵਾਤਾਵਰਣ ਦੀ ਬਾਤ ਪਾਉਂਦੀਆਂ ਹਨ। ਹੱਥਲੀ ਪੁਸਤਕ ‘ਅੰਤਰੰਗ’ (ਕੀਮਤ: 500 ਰੁਪਏ; ਆਰਸੀ ਪਬਲਸ਼ਿਰਜ਼, ਨਵੀਂ ਦਿੱਲੀ) ਉਸ ਦੇ ਚਾਲੀ ਨਬਿੰਧਾਂ ਦੀ ਪੁਸਤਕ ਹੈ। ਨਬਿੰਧ ਚਾਰ ਤੋਂ ਛੇ ਸਫ਼ਿਆਂ ਦੇ ਆਕਾਰ ਦੇ ਹਨ। ਸਾਰੇ ਨਬਿੰਧ ਰੌਚਿਕ ਅਤੇ ਵਿਸ਼ਵ-ਵਿਆਪੀ ਜਾਣਕਾਰੀ ਭਰਪੂਰ ਹਨ। ਭਾਵੇਂ ਕਿ ਉਨ੍ਹਾਂ ’ਤੇ ਵਧੇਰੇ ਪ੍ਰਛਾਵਾਂ ਇੰਗਲੈਂਡ ਅਤੇ ਬਾਕੀ ਯੂਰਪੀਅਨ ਦੇਸ਼ਾਂ ਦਾ ਹੈ।
ਇਨ੍ਹਾਂ ਨਬਿੰਧਾਂ ਵਿੱਚ ਸ਼ੇਕਸਪੀਅਰ ਦੀ ਜੰਮਣ ਭੋਇੰ ਸਟ੍ਰੈਟਫਰਡ, ਹਾਈਡ ਪਾਰਕ ਦਾ ਸਪੀਕਰਜ਼ ਕਾਰਨਰ, ਲੰਡਨ ਦੇ ਜਿਪਸੀ, ਲੰਡਨ ਆਈ, ਟਾਵਰ ਬ੍ਰਿਜ, ਸਾਊਥਹਾਲ, ਸੱਪਾਂ ਦੀ ਹੋਂਦ, ਐਡਨਬਰਾ ਸ਼ਹਿਰ ਦਾ ਬੁੱਤ-ਵਿਧਾਨ, ਮਹਾਰਾਜਾ ਦਲੀਪ ਸਿੰਘ, ਬਰਾਈਟਨ ਛਤਰੀ ਆਦਿ ਨਾਲ ਜੁੜੇ ਗਿਆਨਵਰਧਕ ਲੇਖ ਹਨ। ਜਾਪਦਾ ਹੈ ਜਿਵੇਂ ਉੱਥੇ ਘੁੰਮ ਆਏ ਹੋਈਏ। ਲੇਖਕ ਨਿਰਾਸ਼ ਨਹੀਂ ਕਰਦਾ ਤੇ ਦਿਲਚਸਪੀ ਵੀ ਘਟਣ ਨਹੀਂ ਦਿੰਦਾ। ਵਾਕ ਛੋਟੇ ਪਰ ਸੁੰਦਰ ਲਿਖਦਾ ਹੈ। ਹਰਜੀਤ ਅਟਵਾਲ ਦੇ ਲੇਖ ਗਾਗਰ ਵਿੱਚ ਸਾਗਰ ਹਨ। ਵਿਸ਼ਵ ਦੀ ਜਾਣਕਾਰੀ ਲੈਣ ਲਈ ਤੇ ਘੁਮੱਕੜ ਲੋਕਾਂ ਲਈ ਇਹ ਲੇਖ ਸੌਗਾਤ ਹਨ।
ਸੰਪਰਕ: 98766-36159