ਸਫ਼ਰ-ਏ-ਸ਼ਹਾਦਤ: ਸ੍ਰੀ ਫ਼ਤਿਹਗੜ੍ਹ ਸਾਹਿਬ ਲਈ ਨਗਰ ਕੀਰਤਨ ਸਜਾਇਆ
ਸੰਜੀਵ ਤੇਜਪਾਲ
ਮੋਰਿੰਡਾ, 24 ਦਸੰਬਰ
ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਸਫ਼ਰ-ਏ-ਸ਼ਹਾਦਤ ਕਾਫ਼ਲਾ ਪੈਦਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਇਆ ਗਿਆ। ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਨੇ ਦੱਸਿਆ ਕਿ ਮੁਗਲ ਹਕੂਮਤ ਵੱਲੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਮੋਰਿੰਡਾ ਦੀ ਕੋਤਵਾਲੀ ਵਿੱਚ ਇੱਕ ਰਾਤ ਲਈ ਕੈਦ ਰੱਖਣ ਉਪਰੰਤ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਜਿਸ ਰਸਤੇ ਲਿਜਾਇਆ ਗਿਆ ਸੀ, ਉਸ ’ਤੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਤੋਂ ਹਰ ਸਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਪੈਦਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸੇ ਲੜੀ ਵਿੱਚ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਤੇ ਸਾਬਕਾ ਮੈਂਬਰ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਤੇ ਕਾਰਜਕਾਰੀ ਪ੍ਰਧਾਨ ਭਾਈ ਸਵਰਨ ਸਿੰਘ ਬਿੱਟੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ। ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸੇ ਦੌਰਾਨ ਸਫ਼ਰ-ਏ-ਸ਼ਹਾਦਤ ਕਾਫ਼ਲੇ ਦੇ ਤੀਜੇ ਪੜਾਅ ਤਹਿਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੇ ਉਦਮ ਸਦਕਾ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਭਾਈ ਈਸ਼ਵਰ ਸਿੰਘ, ਬਾਬਾ ਸੁੱਚਾ ਸਿੰਘ ਸੰਗੀਤ ਅਕੈਡਮੀ, ਭਾਈ ਸੁਰਿੰਦਰ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਖਾਲਸਾ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਸੁਰਿੰਦਰ ਸਿੰਘ ਅਤੇ ਹੋਰ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ। ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਸ਼ਹੀਦਾਂ ਨੂੰ ਸਿਜਦਾ ਕੀਤਾ।
ਖਮਾਣੋਂ (ਜਗਜੀਤ ਕੁਮਾਰ): ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਅਤੇ ਵਾਰਡਾਂ ਵਿੱਚੋਂ ਹੁੰਦਾ ਵਾਪਸ ਸਕੂਲ ਪਹੁੰਚਿਆ। ਨਗਰ ਕੀਰਤਨ ਦਾ ਸ਼ਹਿਰ ਵਿੱਚ ਵੱਖ ਵੱਖ ਥਾਈਂ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣੂ ਕਰਵਾਇਆ ਗਿਆ। ਨਗਰ ਕੀਰਤਨ ਵਿੱਚ ਤੀਜੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਸਮੂਹ ਸਟਾਫ਼ ਅਤੇ ਮਾਪਿਆਂ ਨੇ ਭਾਗ ਲਿਆ।
ਸੁਖਮਨੀ ਸਾਹਿਬ ਦੇ ਪਾਠ ਅੱਜ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇੱਥੋਂ ਦੇ ਪਿੰਡ ਰਾਏਪੁਰ ਕਲਾਂ ਵਿੱਚ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਸ਼ਹੀਦੀ ਨੂੰ ਸਮਰਪਿਤ 25 ਦਸੰਬਰ ਨੂੰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ। ਉਸ ਤੋਂ ਬਾਅਦ ਲੰਗਰ ਲਗਾਇਆ ਜਾਵੇਗਾ। ਇਸੇ ਤਰ੍ਹਾਂ 26 ਦਸੰਬਰ ਨੂੰ ਵੀ ਚਾਹ-ਬਿਸਕੁੱਟ ਦਾ ਲੰਗਰ ਲਗਾਇਆ ਜਾਵੇਗਾ। ਇਸ ਤੋਂ ਬਾਅਦ 27 ਦਸੰਬਰ ਨੂੰ ਪਿੰਡ ਰਾਏਪੁਰ ਕਲਾਂ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਰਵਾਨਾ ਕੀਤੀ ਜਾਵੇਗੀ।
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮੁਹਾਲੀ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ 28 ਦਸੰਬਰ ਨੂੰ ਸਵੇਰੇ 9 ਵਜੇ ਸਜਾਇਆ ਜਾਵੇਗਾ।
ਖ਼ੂਨਦਾਨ ਕੈਂਪ ਲਗਾਇਆ
ਫਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ ਦੇ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਖੂਨਦਨ ਕੈਂਪ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਸ਼ਿਰਕਤ ਕੀਤੀ। ਇਸ ਮੌਕੇ ਜਤਿੰਦਰ ਸਿੰਘ ਕੋਹਲੀ ਸਰਹਿੰਦ, ਪੰਕਜ ਕੁਮਾਰ ਸ਼ਰਮਾ ਸਰਹਿੰਦ, ਮਨਪ੍ਰੀਤ ਸਿੰਘ ਸ਼ਾਹਪੁਰ ਅਤੇ ਅਸ਼ੋਕ ਕੁਮਾਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਸ਼ਹੀਦੀ ਸਭਾ: ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ’ਚ ਸ਼ਰਧਾਲੂ ਪਹੁੰਚਣੇ ਸ਼ੁਰੂ
ਫਤਿਹਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਸਲਾਨਾ ਸ਼ਹੀਦੀ ਜੋੜ ਮੇਲ ’ਤੇ ਧਾਰਮਿਕ ਦੀਵਾਨ ਸੁਰੂ ਹੋ ਗਏ। ਚੇਅਰਮੈਨ ਨਿਰਮਲ ਸਿੰਘ ਐਸਐਸ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਸਕੱਤਰ ਗੁਰਮੀਤ ਸਿੰਘ, ਜੈ ਕ੍ਰਿਸ਼ਨ ਕਸਿਅਪ ਅਤੇ ਵਿੱਤ ਸਕੱਤਰ ਜਸਪਾਲ ਸਿੰਘ ਕਲੌਦੀ ਨੇ ਦੱਸਿਆ ਕਿ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਟਰੱਸਟ ਨੇ ਅੱਜ ਤੋਂ ਹੀ ਧਾਰਮਿਕ ਦੀਵਾਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਧਾਰਮਿਕ ਦੀਵਾਨਾਂ ਵਿੱਚ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਹਰਦੀਪ ਸਿੰਘ ਹੈੱਡ ਗ੍ਰੰਥੀ, ਗੁਰਮੀਤ ਸਿੰਘ ਝਾਮਪੁਰ ਕਵੀਸ਼ਰੀ ਜਥਾ, ਭਾਈ ਖਜ਼ਾਨ ਸਿੰਘ ਕਵੀਸ਼ਰੀ ਜਥਾ ਅਤੇ ਸੰਤ ਗੁਰਜੰਟ ਸਿੰਘ ਤਪਾਦਰਾਜ ਵਾਲਿਆਂ ਨੇ ਸੰਗਤ ਨੂੰ ਗੁਰਇਤਿਹਾਸ ਨਾਲ ਜੋੜਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਨਾਭਾ, ਮੈਨੇਜਰ ਨਵਜੋਤ ਸਿੰਘ, ਪਰਮਜੀਤ ਸਿੰਘ ਖੰਨਾ, ਰਾਜ ਕੁਮਾਰ ਪਾਤੜਾਂ, ਬਸੰਤ ਸਿੰਘ ਮੋਗਾ, ਅਮੀ ਚੰਦ ਮਾਛੀਵਾੜਾ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ, ਗੁਰਚਰਨ ਸਿੰਘ ਧਨੋਲਾ, ਬਲਦੇਵ ਸਿੰਘ ਲੁਹਾਰਾ, ਮਹਿੰਦਰ ਸਿੰਘ ਮੋਰਿੰਡਾ, ਕੁਲਦੀਪ ਸਿੰਘ ਜੰਮੂ, ਸੰਤੋਖ ਸਿੰਘ, ਜੋਗਿੰਦਰਪਾਲ ਸਿੰਘ ਅਤੇ ਬੀਰ ਦਵਿੰਦਰ ਸਿੰਘ ਮੋਰਿੰਡਾ ਹਾਜ਼ਰ ਸਨ।
ਸਾਹਿਤ ਸਭਾ ਵੱਲੋਂ ਸ਼ਹੀਦੀ ਜੋੜ ਮੇਲ ਮੌਕੇ ਪੁਸਤਕ ਪ੍ਰਦਰਸ਼ਨੀ
ਚਮਕੌਰ ਸਾਹਿਬ (ਸੰਜੀਵ ਬੱਬੀ): ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਤਿੰਨ ਦਿਨ ‘ਡਾ. ਰਾਜਪਾਲ ਸਿੰਘ ਦੇ ਚੌਧਰੀ ਕਲੀਨਿਕ’ ਸਾਹਮਣੇ ਇੱਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਸਭਾ ਦੇ ਮੈਂਬਰ ਡਾ. ਰਾਜਪਾਲ ਸਿੰਘ ਚੌਧਰੀ, ਸੁਰਿੰਦਰ ਸਿੰਘ ਰਸੂਲਪੁਰ, ਰਘਬੀਰ ਸਿੰਘ ਮਹਿਰਮ, ਪ੍ਰਿੰਸੀਪਲ ਮੋਹਣ ਲਾਲ ਰਾਹੀਂ, ਹਰਨਾਮ ਸਿੰਘ ਡੱਲਾ ਤੇ ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਹਾਜ਼ਰੀ ਭਰੀ। ਸਭਾ ਦੇ ਸਹਿਯੋਗ ਲਈ ਰਾਬਿੰਦਰ ਸਿੰਘ ਰੱਬੀ, ਰਾਜਬੀਰ ਸਿੰਘ ਚੌਂਤਾ, ਨਿਰਵੈਰ ਕੌਰ ਖਰੜ, ਜਸਵਿੰਦਰ ਸਿੰਘ ਸਮਰਾਲਾ ਦਾ ਧੰਨਵਾਦ ਕੀਤਾ ਗਿਆ। ਪਾਠਕਾਂ ਨੇ ਕਿਤਾਬ ਦੀ ਅੱਧੀ ਕੀਮਤ ਸਕਿਉਰਿਟੀ ਵਜੋਂ ਅਦਾ ਕਰਕੇ ਕਿਤਾਬਾਂ ਲਈਆਂ ਅਤੇ ਪਾਠਕਾਂ ਵੱਲੋਂ ਕਿਤਾਬਾਂ ਵਾਪਸ ਕਰਦੇ ਸਮੇਂ ਦਿੱਤੀ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਹਿਤ ਸਭਾ ਬਹਿਰਾਮਪੁਰ ਬੇਟ ਆਪਣੀ ਲਾਇਬ੍ਰੇਰੀ ਵਿੱਚੋਂ ਪੁਸਤਕਾਂ ਲਿਜਾ ਕੇ ਪਿੰਡਾਂ ਦੇ ਸਕੂਲਾਂ ਅਤੇ ਮੇਲਿਆਂ ਮੁਜ਼ਾਹਰਿਆਂ ਸਮੇਂ ਲੋਕਾਂ ਵਿੱਚ ਪ੍ਰਦਰਸ਼ਨੀਆਂ ਲਗਾਉਂਦੀ ਚਲੀ ਆ ਰਹੀ ਹੈ, ਜਿਸ ਦੀ ਪਾਠਕਾਂ ਵਲੋਂ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਸਭਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸ਼ਬਦ ਨਾਲ ਜੋੜਨ ਲਈ ਸਭਾ ਦੀ ਟੀਮ ਵੱਡੇ ਉਪਰਾਲੇ ਕਰ ਰਹੀ ਹੈ ਜਿਸ ਨਾਲ ਪਾਠਕਾਂ ਖਾਸਕਰ ਬੱਚਿਆਂ ਵਿੱਚ ਪੁਸਤਕਾਂ ਪੜ੍ਹਨ ਦਾ ਰੁਝਾਨ ਪੈਦਾ ਹੋ ਰਿਹਾ ਹੈ। ਬੈਂਕ ਰੋਡ ’ਤੇ ਲਗਾਈ ਇਸ ਪ੍ਰਦਰਸ਼ਨੀ ਤੋਂ ਕਿਤਾਬਾਂ ਲੈਣ ਲਈ ਪਾਠਕਾਂ ਵਿੱਚ ਦਿਲਚਸਪੀ ਦੇਖੀ ਗਈ ਹੈ।