ਸਫ਼ਰ-ਏ-ਸ਼ਹਾਦਤ: ਗੁਰਦੁਆਰਾ ਸ੍ਰੀ ਮੰਜੀ (ਬਾਉਲੀ) ਸਾਹਿਬ ਵਿਖੇ ਸਮਾਗਮ
ਰਤਨ ਸਿੰਘ ਢਿੱਲੋਂ
ਅੰਬਾਲਾ, 23 ਦਸੰਬਰ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਲੜੀ ਤਹਿਤ ਅੱਜ ਗੁਰਦੁਆਰਾ ਸ੍ਰੀ ਮੰਜੀ (ਬਾਉਲੀ) ਸਾਹਿਬ ਅੰਬਾਲਾ ਸ਼ਹਿਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ, ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਰੰਗੀਲਾ ਨੇ ਵਕੀਰਤਨ ਕਰ ਕੇ ਅਤੇ ਭਾਈ ਲਖਵਿੰਦਰ ਸਿੰਘ ਪਾਰਸ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਧੰਨਤੋੜੀ ਤੋਂ ਕਾਕਾ ਹਰਮਿਲਾਪ ਸਿੰਘ ਅਤੇ ਉਸ ਦੀ ਭੈਣ ਅੰਸ਼ਪ੍ਰੀਤ ਕੌਰ ਨੇ ਕਾਵਿ ਰਚਨਾ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਹਰਿਆਣਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦੇਸ਼, ਕੌਮ ਅਤੇ ਧਰਮ ਲਈ ਕੁਰਬਾਨੀ ਕਰਨ ਵਾਲਾ ਹੋਰ ਕੋਈ ਨਹੀਂ। ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਸਿੰਘ ਸਹਿਗਲ ਨੇ ਵੀ ਸੰਬੋਧਨ ਕੀਤਾ।
ਗੁਰਦਆਰਾ ਅੱਟਕਸਰ ਸਾਹਿਬ ਵਿਖੇ ਸਮਾਗਮ
ਮੋਰਿੰਡਾ (ਸੰਜੀਵ ਤੇਜਪਾਲ): ਗੁਰੂ ਗੋਬਿੰਦ ਸਿੰਘ ਦੇ ਸਰਸਾ ਨਦੀ ’ਤੇ ਪਰਿਵਾਰ ਵਿਛੋੜੇ ਉਪਰੰਤ ਮਾਤਾ ਗੁਜਰੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਾਲ ਜਿਹੜੇ ਜਿਹੜੇ ਅਸਥਾਨਾਂ ’ਤੇ ਠਹਿਰਾਓ ਕੀਤਾ ਗਿਆ ਸੀ ਉਨ੍ਹਾਂ ਅਸਥਾਨਾਂ ’ਤੇ ਸਫ਼ਰ-ਏ-ਸ਼ਹਾਦਤ ਕਾਫਲੇ ਵੱਲੋਂ ਧਾਰਮਿਕ ਸਮਾਗਮਾਂ ਦੀ ਲੜੀ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਪੱਤਣ ਚਕ ਢੇਰਾਂ ਦੀ ਆਰੰਭਤਾ ਕਰਦਿਆਂ ਸਫ਼ਰ-ਏ-ਸ਼ਹਾਦਤ ਦਾ ਦੂਜਾ ਪੜਾਅ ਪਿੰਡ ਸਹੇੜੀ ਵਿਖੇ ਗੰਗੂ ਬ੍ਰਾਹਮਣ ਦੇ ਘਰ ਗੁਰਦਆਰਾ ਅੱਟਕਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਵਿੱਚ ਭਾਈ ਮਹਾਂਵੀਰ ਸਿੰਘ, ਭਾਈ ਗੁਰਪ੍ਰੀਤ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ , ਭਾਈ ਕਰਨੈਲ ਸਿੰਘ ਅਤੇ ਭਾਈ ਨਛੱਤਰ ਸਿੰਘ ਕੀਰਤਨੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ।