ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਖਿਆਰੀ

06:17 AM Nov 09, 2024 IST

ਜਤਿੰਦਰ ਸਿੰਘ ਪਮਾਲ

Advertisement

ਸਾਲ 2002 ਵਿੱਚ ਮੇਰੀ ਬਦਲੀ ਫਰੀਦਕੋਟ ਤੋਂ ਕਪੂਰਥਲੇ ਹੋ ਗਈ। ਵਧੀਆ ਸਮਾਂ ਗੁਜ਼ਰ ਰਿਹਾ ਸੀ। 1975 ਤੋਂ ਲੈ ਕੇ 1992 ਤੱਕ ਬਤੌਰ ਤਹਿਸੀਲ ਪਬਲੀਸਿਟੀ ਔਰਗੇਨਾਈਜ਼ਰ ਅਤੇ ਸਹਾਇਕ ਲੋਕ ਸੰਪਰਕ ਅਫਸਰ ਵਜੋਂ ਲਗਭਗ 17 ਸਾਲ ਕਪੂਰਥਲਾ ਜਿ਼ਲ੍ਹੇ ਵਿੱਚ ਨੌਕਰੀ ਕੀਤੀ ਹੋਈ ਸੀ। ਆਪਣਾ ਪਰਿਵਾਰ ਵੀ ਕਪੂਰਥਲੇ ਲੈ ਆਂਦਾ ਸੀ। ਪੁੱਤਰ ਦੀ ਮਾਈਗਰੇਸ਼ਨ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਵਾ ਲਈ ਸੀ।
2002 ਵਿੱਚ ਹੀ ਅਚਾਨਕ ਮੇਰੀ ਬਦਲੀ ਚੰਡੀਗੜ੍ਹ ਮੁੱਖ ਦਫਤਰ ਬਤੌਰ ਸੂਚਨਾ ਅਤੇ ਲੋਕ ਸੰਪਰਕ ਅਫਸਰ ਕਰ ਦਿੱਤੀ ਗਈ ਜਿੱਥੇ ਮੈਂ 2007 ਤੱਕ ਸੇਵਾ ਮੁਕਤ ਹੋਣ ਤੱਕ ਰਿਹਾ। ਸੈਕਟਰੀਏਟ ਵਿੱਚ ਨੌਕਰੀ ਕਰਦੇ ਮੁਲਾਜ਼ਮਾਂ ਨੂੰ ਸੈਕਟਰੀਏਟ ਸਵੇਰੇ ਲਿਜਾਣ ਅਤੇ ਸ਼ਾਮ ਨੂੰ ਵਾਪਸ ਛੱਡਣ ਲਈ ਨਿਸ਼ਚਿਤ ਥਾਵਾਂ ’ਤੇ ਬੱਸਾਂ ਦਾ ਪ੍ਰਬੰਧ ਸੀ।
ਗੱਲ 2005 ਦੀ ਹੈ, ਸ਼ਾਮ ਨੂੰ ਵਾਪਸੀ ਵੇਲੇ ਕਈ ਦਿਨਾਂ ਤੋਂ ਇੱਕ ਔਰਤ ਨੂੰ ਆਪਣੀ ਗੋਦ ਵਿੱਚ 2 ਕੁ ਸਾਲ ਦੇ ਬੱਚੇ ਨਾਲ ਰੋਜ਼ਾਨਾ ਸੜਕ ’ਤੇ ਭੀਖ ਮੰਗਦੀ ਦੇਖ ਰਿਹਾ ਸੀ। ਇੱਕ ਦਿਨ ਇਸ ਔਰਤ ਦੀ ਦੁੱਖਾਂ ਭਰੀ ਕਹਾਣੀ ਜਾਨਣ ਦਾ ਮਨ ਬਣਾ ਲਿਆ। ਸ਼ਾਮ ਨੂੰ ਜਦੋਂ ਬੱਸ ਉਤਰ ਕੇ ਆਪਣੀ ਰਿਹਾਇਸ਼ ਵੱਲ ਜਾ ਰਿਹਾ ਸੀ ਤਾਂ ਉਹ ਭਿਖਾਰਨ ਸੜਕ ’ਤੇ ਬੈਠੀ ਦਿਸੀ। ਉਸ ਦਾ ਬੱਚਾ ਜੋ ਹੱਡੀਆਂ ਦਾ ਮੁੱਠ ਬਣ ਚੁੱਕਾ ਸੀ, ਉਸ ਦੀ ਗੋਦੀ ਵਿੱਚ ਕੁਰਲਾ ਰਿਹਾ ਸੀ। ਹਰ ਕੋਈ ਉਸ ਦੇ ਲੀਰੋ-ਲੀਰ ਹੋਏ ਲੀੜਿਆਂ ਅਤੇ ਅੱਧਨੰਗੇ ਅੰਗ ਸ਼ਰਾਰਤੀ ਨਜ਼ਰਾਂ ਨਾਲ ਦੇਖਦਾ ਜਾ ਰਿਹਾ ਸੀ। ਮੈਂ ਹੌਸਲਾ ਕਰ ਕੇ ਜਕਦਿਆਂ-ਜਕਦਿਆਂ ਉਸ ਨਾਲ ਗੱਲ ਕੀਤੀ। ਉਸ ਨੇ ਦੱਸਿਆ, “ਬੱਚਾ ਕਈ ਦਿਨ ਤੋਂ ਬਿਮਾਰ ਹੈ, ਦਵਾਈ ਲੈ ਕੇ ਦੇਣੀ ਐ। 3 ਦਿਨ ਤੋਂ ਰੋਟੀ ਨਸੀਬ ਨਹੀਂ ਹੋਈ। ਕੁਝ ਪੈਸੇ ਦੇ ਦਿਉ... ਬੱਚੇ ਲਈ ਦਵਾਈ ਲੈਣੀ।”
ਉਸ ਦੁਖੀ ਜਿੰਦ ਦੀਆਂ ਮਜਬੂਰੀਆਂ ਸੁਣ ਕੇ ਅੱਖਾਂ ’ਚੋਂ ਬਦੋ-ਬਦੀ ਹੰਝੂ ਵਗ ਤੁਰੇ ਅਤੇ ਮਨ ਕਹਿ ਉੱਠਿਆ ਕਿ ਗਰੀਬ ਦੀਆਂ ਸਧਰਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਉਸ ਨੂੰ ਪੁੱਛਿਆ, “ਤੈਨੂੰ ਕਿਸ ਦੁੱਖ ਨੇ ਇਹ ਮਜਬੂਰੀਆਂ ਝੱਲਣ ਲਈ ਮਜਬੂਰ ਕੀਤੈ।” ਉਹਨੇ ਮਸਾਂ ਹੰਝੂ ਰੋਕ ਕੇ ਹੌਲੀ-ਹੌਲੀ ਬੋਲਦਿਆਂ ਆਪਣੇ ਬੱਚੇ ਵੱਲ ਇਸ਼ਾਰਾ ਕਰ ਕੇ ਦੱਸਿਆ, “ਇੱਕ ਦਿਨ ਇਸ ਦਾ ਪਿਤਾ ਜਲੂਸ ਵਿੱਚ ਸ਼ਾਮਲ ਹੋ ਕੇ ਸਰਕਾਰ ਕੋਲੋਂ ਰੋਟੀਆਂ ਮੰਗਣ ਲਈ ਗਿਆ ਸੀ ਤਾਂ ਸਰਕਾਰ ਦੀ ਪੁਲੀਸ ਨੇ ਰੋਟੀਆਂ ਮੰਗਣ ਦੇ ਇਵਜ਼ ’ਚ ਡਾਂਗਾਂ ਮਾਰ-ਮਾਰ ਉਸ ਦੀਆਂ ਪਸਲੀਆਂ ਤੋੜ ਦਿੱਤੀਆਂ। ਸਾਡੀ ਮਾੜੀ ਕਿਸਮਤ ਨੂੰ ਉਹ ਡਾਂਗਾਂ ਦੀਆਂ ਸੱਟਾਂ ਨਾ ਸਹਿ ਸਕਿਆ ਅਤੇ ਸਦਾ ਦੀ ਨੀਂਦ ਸੌਂ ਗਿਆ।” ਥੋੜ੍ਹਾ ਰੁਕ ਕੇ ਅਤੇ ਹੰਝੂ ਪੂੰਝ ਕੇ ਉਹ ਫਿਰ ਬੋਲੀ, “ਇਸ ਦਾ ਪਿਤਾ ਅਤੇ ਉਹ ਦਿਨ ਜਦੋਂ ਕਦੇ ਯਾਦ ਆਉਂਦੇ ਹਨ ਤਾਂ ਅੱਖਾਂ ਵਿਚਾਰੀਆਂ ਬਹਿ ਕੇ ਰੋ ਲੈਂਦੀਆਂ ਹਨ ਅਤੇ ਇਹ ਗੋਦੜੀ ਦਾ ਲਾਲ ਬਸ ਮੇਰੀ ਇਕੋ-ਇਕ ਜਾਇਦਾਦ ਹੈ। ਇਸੇ ਲਈ ਭੁੱਖੀ ਰਹਿ-ਰਹਿ ਕੇ ਵੀ ਰਾਤਾਂ ਗੁਜ਼ਾਰ ਰਹੀ ਹਾਂ। ਸਭ ਪਾਸਿਓਂ ਬੇਆਸ ਹੋ ਕੇ ਰੱਬ ’ਤੇ ਆਸ ਰੱਖੀ ਸੀ ਪਰ ਹੁਣ ਉਹਦੇ ਦਰੋਂ ਵੀ ਦੁਰਕਾਰੀ ਗਈ ਆਂ।”
ਉਸ ਦੀ ਇਹ ਦਰਦ ਕਹਾਣੀ ਸੁਣ ਕੇ ਮਨ ਕੁਰਲਾ ਉਠਿਆ। ਮੈਂ ਆਪਣੇ ਹੰਝੂ ਪੂੰਝੇ, ਜੇਬ ਵਿੱਚੋਂ 100 ਦਾ ਨੋਟ ਕੱਢ ਕੇ ਉਸ ਨੂੰ ਦਿੱਤਾ ਅਤੇ ਆਪਣੀ ਰਿਹਾਇਸ਼ ਵੱਲ ਤੁਰ ਪਿਆ।
ਸੰਪਰਕ: 98156-73477

Advertisement
Advertisement