ਸਾਦ-ਮੁਰਾਦਾ ਡਾਕਟਰ
ਨਿਰਮਲ ਸਿੰਘ ਦਿਉਲ
ਉਸ ਦਾ ਪੂਰਾ ਨਾਮ ਤਾਂ ਬਖਸ਼ੀਸ਼ ਸਿੰਘ ਸੀ ਪਰ ਪਿੰਡ ਵਾਲੇ ਅਤੇ ਆਮ ਲੋਕ ਉਸ ਨੂੰ ਬਖਸ਼ੀ ਡਾਕਟਰ ਕਰਕੇ ਹੀ ਜਾਣਦੇ ਅਤੇ ਬੁਲਾਉਂਦੇ ਸਨ। ਪੰਜ ਛੇ ਦਹਾਕੇ ਪਹਿਲਾਂ ਪਿੰਡਾਂ ਵਿੱਚ ਆਮ ਸੁਖ ਵਾਲੀਆਂ ਅਤੇ ਸਿਹਤ ਸਹੂਲਤਾਂ ਬਹੁਤ ਹੀ ਘੱਟ ਸਨ। ਉਹ ਉਨ੍ਹਾਂ ਸਮਿਆਂ ਵਿੱਚ ਮੇਰੇ ਨਾਨਕੇ ਪਿੰਡ ਛੱਤੇਆਣੇ ਡਾਕਟਰੀ ਕਰਿਆ ਕਰਦਾ ਸੀ। ਸਾਧਾਰਨ ਕਿਰਤੀ ਪਰਿਵਾਰ ਵਿੱਚ ਜੰਮਿਆ ਹੋਣ ਕਾਰਨ ਵੀ ਉਹ ਬਹੁਪੱਖੀ ਗੁਣਾਂ ਵਾਲੀ ਸ਼ਖ਼ਸੀਅਤ ਦਾ ਮਾਲਕ ਸੀ। ਉਹ ਦਸ ਬਾਰਾਂ ਏਕੜ ਜ਼ਮੀਨ ਦਾ ਮਾਲਕ ਸੀ ਤੇ ਖੇਤੀ ਵੀ ਬੜੇ ਸ਼ੌਕ ਅਤੇ ਲਾਹੇਵੰਦ ਤਰੀਕੇ ਨਾਲ ਕਰਵਾਉਂਦਾ ਸੀ। ਪਿੰਡ ਦੇ ਐਨ ਵਿਚਕਾਰ ਉਨ੍ਹਾਂ ਸਮਿਆਂ ਵਿੱਚ ਉਸਦਾ ਬਹੁਤ ਸੋਹਣਾ ਦੋ ਗਲੀਆਂ ’ਤੇ ਲੱਗਦਾ ਅੱਧਾ ਕੱਚਾ ਪੱਕਾ ਮਕਾਨ ਸੀ। ਘਰ ਦੇ ਖੱਬੇ ਹੱਥ ਗਲੀ ਵਾਲੇ ਪਾਸੇ ਕੱਚੀ ਬੈਠਕ ਵਿੱਚ ਉਸ ਦਾ ਪੂਰਾ ਹਸਪਤਾਲ ਸੀ। ਉਸ ਦੇ ਆਪਣੇ ਲਈ ਛੋਟਾ ਜਿਹਾ ਮੇਜ਼ ਤੇ ਕੁਰਸੀ ਸਨ ਜਦਕਿ ਬੈਠਕ ਦੇ ਇੱਕ ਪਾਸੇ ਡਾਹਿਆ ਮੰਜਾ ਮਰੀਜ਼ਾਂ ਦੇ ਟੀਕਾ ਲਾਉਣ ਸਮੇਂ ਲੇਟਣ ਜਾਂ ਬਾਅਦ ਵਿੱਚ ਆਰਾਮ ਕਰਨ ਲਈ ਪਿਆ ਰਹਿੰਦਾ ਸੀ।
ਬਹੁਤ ਜ਼ਿਆਦਾ ਸੋਹਣੇ ਨੈਣ ਨਕਸ਼ਾਂ ਵਾਲਾ ਨਾ ਹੋ ਕੇ ਵੀ ਬਖਸ਼ੀ ਡਾਕਟਰ ਆਪਣੀ ਮਿੱਠੀ ਤੇ ਅਸਰਦਾਰ ਬੋਲਬਾਣੀ, ਸਲੀਕੇਦਾਰ ਵਰਤਾਅ ਅਤੇ ਹਰ ਵੱਡੇ ਛੋਟੇ ਨਾਲ ਪਿਆਰ ਸਤਿਕਾਰ ਨਾਲ ਪੇਸ਼ ਆਉਣ ਵਾਲੇ ਗੁਣਾਂ ਕਾਰਨ ਇੱਕ ਵੱਖਰੀ ਹੀ ਖਿੱਚ ਭਰਪੂਰ ਸਤਿਕਾਰਤ ਸ਼ਖ਼ਸੀਅਤ ਦਾ ਮਾਲਕ ਸੀ। ਉਨ੍ਹਾਂ ਸਮਿਆਂ ਵਿੱਚ ਕੁੜਤਾ ਪਜਾਮਾ ਅਤੇ ਸਰਦੀ ਵਿੱਚ ਉਤੋਂ ਦੀ ਕਾਲੀ ਜੈਕਟ ਪਾ ਕੇ ਰੱਖਿਆ ਕਰਦਾ ਸੀ। ਸਿਰ ’ਤੇ ਆਮ ਨਾਲੋਂ ਛੋਟੀ ਅਤੇ ਪੋਚਵੀਂ ਅਤੇ ਘੋਟਵੀਂ ਬੱਧੀ ਪੱਗ ਉਸ ਦੀ ਦਿੱਖ ਨੂੰ ਹੋਰ ਵੀ ਵਧੀਆ ਬਣਾਉਂਦੀ ਸੀ। ਗਰਮੀ ਸਰਦੀ ਪੈਰਾਂ ਵਿੱਚ ਲਿਸ਼ਕਵੀ ਜੁੱਤੀ ਜਾਂ ਬੂਟ ਉਸ ਦੀ ਹਰ ਵਕਤ ਸਜੇ ਸੰਵਰੇ ਰਹਿਣ ਵਾਲੀ ਜ਼ਿੰਦਗੀ ਦਾ ਹਿੱਸਾ ਹੁੰਦੇ ਸਨ। ਸਿਹਤ ਨਾਲ ਜੁੜੀ ਸੇਵਾ ਦੇ ਰੁਝੇਵੇਂ ਹੋਣ ਕਾਰਨ ਹਰ ਵਕਤ ਪਿੰਡ ਵਿੱਚ ਸਾਈਕਲ ’ਤੇ ਰਹਿਣਾ ਹੀ ਡਾਕਟਰ ਬਖਸ਼ੀ ਦੀ ਵੱਖਰੀ ਪਛਾਣ ਸੀ ਜਿਸ ਦੀ ਮਗਰਲੀ ਕਾਠੀ ਟੰਗਿਆ ਵੱਡਾ ਬਕਸਾ ਅਤੇ ਟੋਕਰੀ ਵਿੱਚ ਛੋਟਾ ਜਿਹਾ ਬੈਗ ਉਸ ਦੀ ਚੌਵੀ ਘੰਟੇ ਤਿਆਰੀ ਦਾ ਹਿੱਸਾ ਹੁੰਦੇ ਸਨ। ਘਰ ਦੀ ਬੈਠਕ ਦੀ ਕੱਚੀ ਅਲਮਾਰੀ ਵਿੱਚ ਪਈਆਂ ਅਨੇਕਾਂ ਦਵਾਈਆਂ ਅਤੇ ਸਾਈਕਲ ’ਤੇ ਟੰਗੇ ਡੱਬੇ ਜਾਣੀ ਡਾਕਟਰ ਬਖਸ਼ੀ ਦਾ ਪੂਰਾ ਹਸਪਤਾਲ ਅਤੇ ਸਿਹਤ ਸੰਸਾਰ ਹੁੰਦੇ ਸਨ। ਸ਼ਹਿਰਾਂ ਅਤੇ ਕਸਬਿਆਂ ਵਿੱਚ ਹੁਣ ਵਾਂਗ ਵੱਡੇ ਹਸਪਤਾਲਾਂ ਦੀ ਭਰਮਾਰ ਨਹੀਂ ਹੁੰਦੀ ਸੀ। ਛੋਟੇ ਸ਼ਹਿਰਾਂ ਵਿੱਚ ਉਦੋਂ ਵੀ ਇੱਕ ਦੋ ਡਾਕਟਰ ਹੀ ਹੁੰਦੇ ਸਨ ਅਤੇ ਉਨ੍ਹਾਂ ਸਮਿਆਂ ਵਿੱਚ ਡਾਕਟਰ ਬਖਸ਼ੀ ਦੀਆਂ ਸਿਹਤ ਸੇਵਾਵਾਂ ਵੱਡੇ ਹਸਪਤਾਲਾਂ ਨੂੰ ਮਾਤ ਪਾਉਂਦੀਆਂ ਸਨ।
ਅਕਸਰ ਹੀ ਦਸ ਵੀਹ ਦਿਨਾਂ ਬਾਅਦ ਮੇਰੀ ਬਿਰਧ ਨਾਨੀ ਨੇ ਕਹਿਣਾ, ‘‘ਮੇਰਾ ਦਿਲ ਡੁੱਬਦਾ ਹੈ, ਅੱਜ ਨਹੀਂ ਬਚਦੀ’’ ਤਾਂ ਨਾਨਕੇ ਰਹਿੰਦਾ ਹੋਣ ਕਾਰਨ ਘਰਦਿਆਂ ਨੇ ਮੈਨੂੰ ਬਖਸ਼ੀ ਡਾਕਟਰ ਵੱਲ ਭਜਾ ਦੇਣਾ ਅਤੇ ਉਹ ਮਰੀਜ਼ ਵਿੱਚੇ ਛੱਡ ਕੇ ਸਾਡੇ ਘਰ ਵੱਲ ਨੂੰ ਸਾਈਕਲ ਤੋਰ ਲੈਂਦਾ। ਉਹ ਆਉਂਦਿਆਂ ਹੀ ਹੱਸਦਾ ਹੋਇਆ ਕਹਿੰਦਾ, ‘‘ਬੇਬੇ, ਤੈਨੂੰ ਇਸ ਤਰ੍ਹਾਂ ਨਹੀਂ ਮਰਨ ਦਿੰਦਾ’’। ਦਵਾਈ ਦੇ ਕੇ ਜਾਂ ਟੀਕਾ ਲਾ ਕੇ ਬਖਸ਼ੀ ਡਾਕਟਰ ਓਨਾ ਚਿਰ ਬੈਠਾ ਰਹਿੰਦਾ ਸੀ ਜਿੰਨਾ ਚਿਰ ਨਾਨੀ ਨੇ ਆਪ ਨਾ ਕਹਿਣਾ ਕਿ ਮੈਂ ਠੀਕ ਹਾਂ। ਰਾਤ ਬਰਾਤੇ ਢਿੱਲ-ਮੱਠ ਹੋਣ ’ਤੇ ਉਹ ਇੱਕ ਆਵਾਜ਼ ’ਤੇ ਹਾਜ਼ਰ ਹੋ ਜਾਂਂਦਾ ਸੀ। ਪਿੰਡ ਵਿੱਚ ਰਿਸ਼ਤਿਆਂ ਦੇ ਤੌਰ ’ਤੇ ਉਹ ਛੋਟੇ ਥਾਂ ਲੱਗਦਾ ਸੀ ਅਤੇ ਉਸ ਦੇ ਹਾਣੀ ਚਾਚੇ ਚਾਚੀਆਂ ਲੱਗਦੇ ਸਨ। ਇਸ ਤਰ੍ਹਾਂ ਉਹ ਬਾਬਾ, ਬੇਬੇ, ਚਾਚੇ, ਚਾਚੀਆਂ, ਤਾਏ ਤਾਈਆਂ ਕਹਿ ਕੇ ਹੀ ਬੁਲਾਉਂਦਾ ਸੀ।
ਖੇਤੀ ਧੰਦੇ ਨਾਲ ਵੀ ਉਸ ਨੂੰ ਬਹੁਤ ਲਗਨ ਸੀ ਅਤੇ ਛੱਤੇਆਣੇ ਪਿੰਡ ਵਿੱਚ ਨਹਿਰੀ ਪਾਣੀ ਦੀ ਘਾਟ ਹੋਣ ਕਾਰਨ ਪਿੰਡ ਸ਼ੇਖ ਵਾਲੇ ਪਾਸੇ ਆਪਣੇ ਖੇਤਾਂ ਵਿੱਚ ਪਹਿਲਾ ਟਿਊਬਵੈੱਲ ਵੀ ਡਾਕਟਰ ਬਖਸ਼ੀ ਨੇ ਹੀ ਲਗਵਾਇਆ ਸੀ। ਉਸ ਨੂੰ ਸਾਂਝੇ ਮਸਲਿਆਂ ਅਤੇ ਲੋਕਾਂ ਦੀਆਂ ਖ਼ੁਸ਼ੀਆਂ ਗ਼ਮੀਆਂ, ਮਜਬੂਰੀਆਂ, ਲੋੜਾਂ, ਥੁੜਾਂ ਦਾ ਹਿੱਸਾ ਬਣ ਕੇ ਖ਼ੁਸ਼ੀ ਮਿਲਦੀ ਸੀ। ਉਸ ਨੇ ਇੱਕ ਵਾਰ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਐਮ.ਐਲ.ਏ. ਦੀ ਚੋਣ ਵੀ ਲੜੀ। ਅਸੀਂ ਵੇਖਦੇ ਹੁੰਦੇ ਸੀ ਕਿ ਉਹ ਆਪਣੇ ਕਾਮਰੇਡ ਸਾਥੀਆਂ ਨਾਲ ਟਰੈਕਟਰ ’ਤੇ ਪ੍ਰਚਾਰ ਕਰਨ ਜਾਂਦਾ। ਉਨ੍ਹਾਂ ਸਮਿਆਂ ਵਿੱਚ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਰੇਡੀਓ ਤੋਂ ਡਾਕਟਰ ਬਖਸ਼ੀ ਦਾ ਨਾਮ ਬੋਲਣਾ ਪਿੰਡ ਵਾਸੀਆਂ ਲਈ ਅਚੰਭੇ ਵਾਲੀ ਗੱਲ ਸੀ। ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਉਸ ਨੂੰ ਸੱਥ ਅਤੇ ਪੰਚਾਇਤ ਵਿੱਚ ਬੈਠਣ ਦਾ ਸ਼ੌਕ ਵੀ ਸੀ। ਲੋਕਾਂ ਦੀਆਂ ਗੱਲਾਂ ਨੂੰ ਗਹੁ ਨਾਲ ਸੁਣਨ ਅਤੇ ਦਲੀਲ ਨਾਲ ਜਵਾਬੀ ਗੱਲ ਕਰਨ ਦਾ ਹੁਨਰ ਵੀ ਬਖਸ਼ੀ ਡਾਕਟਰ ਨੂੰ ਸੀ।
ਪਿੰਡ ਵਾਸੀਆਂ ਦੀ ਸਿਹਤ ਪ੍ਰਤੀ ਸਾਰੀ ਉਮਰ ਸਮਰਪਿਤ ਰਹਿਣ ਵਾਲਾ ਡਾਕਟਰ ਬਖਸ਼ੀ ਆਪਣੀ ਸਿਹਤ ਪ੍ਰਤੀ ਵੀ ਜਾਗਰੂਕ ਰਿਹਾ। ਪੰਜ ਚਾਰ ਵਰ੍ਹੇ ਪਹਿਲਾਂ ਉਹ ਪੂਰੀ ਇੱਕ ਸਦੀ ਲੰਮੀ ਉਮਰ ਭੋਗ ਕੇ ਇਸ ਸੰਸਾਰ ਤੋਂ ਵਿਦਾ ਹੋਇਆ। ਆਖ਼ਰੀ ਸਮੇਂ ਤੱਕ ਉਹ ਪਿੰਡ ਦੀ ਸੱਥ ਅਤੇ ਸਿਆਣੇ ਬੰਦਿਆਂ ਵਿੱਚ ਬੈਠਦਾ ਰਿਹਾ ਰਿਹਾ ਤੇ ਆਖ਼ਰੀ ਸਮੇਂ ਤੱਕ ਉਸ ਨੇ ਸਾਈਕਲ ਚਲਾਉਣਾ ਵੀ ਜਾਰੀ ਰੱਖਿਆ।
ਪਿੰਡ ਵਿੱਚ ਆਮ ਲੋਕਾਂ ਤੋਂ ਬਹੁਤ ਮਾਣ ਸਤਿਕਾਰ, ਇੱਜ਼ਤ, ਮੁਹੱਬਤ ਲੈ ਕੇ ਜਾਣ ਵਾਲੀ ਮਾਣਮੱਤੀ ਸ਼ਖ਼ਸੀਅਤ ਡਾਕਟਰ ਬਖਸ਼ੀ ਦਾ ਨਾਮ ਅੱਜ ਵੀ ਲੋਕਾਂ ਦੇ ਦਿਲਾਂ ਤੇ ਚੇਤਿਆਂ ਵਿੱਚ ਜਿਊਂਦਾ ਹੈ। ਸਾਦ ਮੁਰਾਦੀ, ਸਾਵੀਂ ਸੁਖਾਵੀਂ, ਲੋਕ ਹਿਤਾਂ ਨੂੰ ਸਮਰਪਿਤ ਜ਼ਿੰਦਗੀ ਜਿਊਣ ਵਾਲੇ ਡਾਕਟਰ ਬਖਸ਼ੀ ਵਰਗੇ ਲੋਕ ਜਹਾਨ ਤੋਂ ਜਾਣ ਬਾਅਦ ਵੀ ਕਿਤੇ ਨਹੀਂ ਜਾਂਦੇ, ਉਨ੍ਹਾਂ ਦੀਆਂ ਯਾਦਾਂ ਦਾ ਜ਼ਿਕਰ ਪਿੰਡ ਦੀਆਂ ਹੱਟੀਆਂ ਭੱਠੀਆਂ, ਸੱਥਾਂ, ਮੋੜਾਂ, ਪਰ੍ਹੇ ਪੰਚਾਇਤਾਂ ਵਿੱਚ ਸਾਲਾਂਬੱਧੀ ਹੁੰਦਾ ਰਹਿੰਦਾ ਹੈ।
ਸੰਪਰਕ: 94171-04961 (ਵੱਟਸਐਪ)