ਸਾਬ੍ਹ ਮੀਟਿੰਗ ’ਤੇ ਗਏ ਨੇ...
ਚਰਾਗ਼
ਵਾਹਵਾ ਪੁਰਾਣੇ ਵਕਤ ਦੀ ਗੱਲ ਏ। ਸ਼ਾਇਦ 1940ਵਿਆਂ ਦੇ ਦਹਾਕੇ ਦੀ। ਦੀਵਾਲੀ ’ਤੇ ਅਸੀਂ ਘਰੇ ਬਣਾਈ ਨੁਗਦੀ ਦੀਆਂ ਥਾਲੀਆਂ ਆਂਢ-ਗੁਆਂਢ ਦੇ ਘਰੀਂ ਘੱਲਦੇ ਤੇ ਮੋੜਵੀਂ ਮੁਬਾਰਕ ਵਿੱਚ ਸਾਨੂੰ ਕਿਸੇ ਘਰੋਂ ਮੇਸੂ, ਕਿਤੋਂ ਬੂੰਦੀ ਦੇ ਲੱਡੂ, ਜਲੇਬੀਆਂ, ਬਦਾਨਾ, ਬਾਲੂਸ਼ਾਹੀ ਜਾਂ ਸ਼ੱਕਰਪਾਰੇ ਆ ਜਾਂਦੇ। ਘਰ ਬਣੀ ਇੱਕ ਮਿਠਾਈ ਦੇ ਨਾਲ ਹੋਰ ਕਿੰਨੀਆਂ ਵੰਨਗੀਆਂ ਆ ਰਲਦੀਆਂ। ਕਿੰਨੇ ਚੰਗੇ ਲੋਕ ਤੇ ਭਾਈਚਾਰਾ ਸੀ, ਇੱਕ ਦੂਜੇ ਦੇ ਮੂੰਹ ਦੀਆਂ ਬੁਰਕੀਆਂ ਵਟਾਉਣ ਦਾ...।
ਹੁਣ 2000ਵੇਂ ਸਾਲ ਦਾ ਦੂਜਾ ਦਹਾਕਾ ਚੱਲ ਰਿਹਾ ਏ। ਹਰਨਾਮ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ, ‘‘ਦੀਵਾਲੀ ਏ, ਆਪਾਂ ਕੁੜੀ ਦੇ ਘਰ ਘੱਲਣ ਲਈ ਬਜ਼ਾਰੋਂ ਕੁਝ ਲੈ ਆਈਏ।’’ ‘‘...ਕੋਈ ਲੋੜ ਨਹੀਂ ਸਰਦਾਰ ਜੀ,’’ ਅੱਗੋਂ ਬਲਵੰਤ ਕੌਰ ਨੇ ਕਿਹਾ, ‘‘ਜੋ ਆਪਣੇ ਕੁੜਮ ਸਾਡੀਆਂ ਨੂੰਹਾਂ ਨੂੰ ਦੇ ਜਾਣਗੇ, ਉਸੇ ਵਿੱਚੋਂ ਕੁੜੀ ਨੂੰ ਘੱਲ ਦਿਆਂਗੇ। ਮੈਂ ਤਾਂ ਦੋਵਾਂ ਕੁੜਮਣੀਆਂ ਨੂੰ ਸੁਣਾ ਦਿੱਤਾ ਏ ਕਿ ਤੁਹਾਡੀਆਂ ਧੀਆਂ ਦੇ ਨਿਆਣੇ ਹੁਣ ਪਟਾਕੇ ਵੀ ਚਲਾਉਣ ਲੱਗ ਪਏ ਨੇ ਤੇ ਮੰਗਦੇ ਨੇ।’’ ‘‘ਪਰ ਮੈਂ ਆਪਣੀ ਨੌਕਰੀ ਵਿੱਚ ਤਾਂ ਲੈਣ-ਦੇਣ ਕਰਨਾ ਈ ਏ,’’ ਹਰਨਾਮ ਸਿੰਘ ਨੇ ਵਿੱਚੋਂ ਕਿਹਾ। ‘‘ਠੀਕ ਹੈ। ਜਿੱਥੇ ਮਜਬੂਰੀ ਏ ਉਹ ਤੁਹਾਡੀ ਤੁਸੀਂ ਜਾਣੋਂ। ਜਿੱਥੋਂ ਮਿਲਦਾ ਏ ਲੈ ਲਵੋ, ਜਿੱਥੇ ਦੇਣਾ ਏ ਦੇ ਆਉ।’’
ਨਿਹਾਲ ਸਿੰਘ ਨੂੰ ਆਬਕਾਰੀ ਦੇ ਦਫ਼ਤਰ ਕੰਮ ਸੀ ਤੇ ਉਹ ਉਸ ਦਫ਼ਤਰ ਵਿੱਚ ਜਾ ਪਹੁੰਚਿਆ। ਕੋਈ ਚਪੜਾਸੀ ਨਾ ਦਿਸਿਆ ਤਾਂ ਇੱਕ ਦਫ਼ਤਰੀ ਬਾਬੂ ਤੋਂ ਜਾ ਪੁੱਛਿਆ ਤਾਂ ਉਸ ਦੱਸਿਆ, ‘‘ਸਾਬ੍ਹ ਚੰਡੀਗੜ੍ਹ ਮੀਟਿੰਗ ’ਤੇ ਗਏ ਨੇ ਤੇ ਚਪੜਾਸੀ ਬਜ਼ਾਰਾਂ ਵਿੱਚ...। ਵਿਕਰੀ ਟੈਕਸ ਦੇ ਦਫ਼ਤਰ, ਮਹਿਕਮਾ ਨਹਿਰ, ਲੋਕ ਨਿਰਮਾਣ, ਸਿਹਤ ਸੇਵਾਵਾਂ, ਪੁਲੀਸ, ਸਿਵਲ ਸਪਲਾਈ, ਸੀਵਰ ਬੋਰਡ... ਸਾਰੇ ਦਫ਼ਤਰ ਖੁੱਲ੍ਹੇ ਹਨ ਪਰ ਹਾਕਮ ਚੰਡੀਗੜ੍ਹ ਮੀਟਿੰਗ ’ਤੇ।’’ ਸਾਰਾ ਪੰਜਾਬ, ਹਿਮਾਚਲ, ਹਰਿਆਣਾ... ਹਰੇਕ ਰਾਜ ਦੇ ਹਾਕਮ ਤੇ ਕਰਮਚਾਰੀ ਭਵਿੱਖ ਦੀਆਂ ਯੋਜਨਾਵਾਂ ਬਣਾਉਣ ਦੀਆਂ ਮੀਟਿੰਗਾਂ ਲਈ ਆਪੋ ਆਪਣੇ ਵਿਭਾਗਾਂ ਦੇ ਮੁੱਖ ਦਫ਼ਤਰਾਂ ਵਿੱਚ ਪਹੁੰਚੇ ਹੋਏ ਸਨ। ਕਿੰਨੇ ਚੰਗੇ ਤੇ ਪ੍ਰਯਤਨਸ਼ੀਲ ਨੇ ਸਾਡੇ ਹਾਕਮ। ਕਿਵੇਂ ਆਪਣੇ ਪਰਿਵਾਰਾਂ ਨੂੰ ਇਕੱਲੇ ਘਰੀਂ ਛੱਡ ਕੇ ਸਾਡੇ ਲੋਕ ਹਿਤ ਦੇ ਕੰਮਾਂ ਲਈ ਤਿਉਹਾਰਾਂ ਦੇ ਦਿਨਾਂ ਵਿੱਚ ਵੀ ਚੰਡੀਗੜ੍ਹ, ਦਿੱਲੀ ਵੱਲ ਨੂੰ ਕਾਰਾਂ ਦੀਆਂ ਡਿੱਗੀਆਂ ’ਚ ਗੁਪਤ ਫਾਈਲਾਂ ਦੇ ਬੰਡਲ ਲੱਦ ਕੇ ਤੇਜ਼ ਰਫ਼ਤਾਰੀ ਚਲੇ ਜਾ ਰਹੇ ਹਨ... ਧੰਨ ਏ ਸਾਡਾ ਨਿਜ਼ਾਮ।
ਅਖ਼ਬਾਰੀ ਖ਼ਬਰ ਏ... ਸੱਚੀ ਹੈ ਜਾਂ ਝੂਠੀ... ਮੈਂ ਨਹੀਂ ਜਾਣਦਾ, ਅਖ਼ਬਾਰ ਜਾਂ ਉੱਪਰਵਾਲਾ ਜਾਣੇ... ਕਿ ਬੱਦੀ-ਨਾਲਾਗੜ੍ਹ ਦੀਆਂ ਦਵਾਈਆਂ ਬਣਾਉਣ ਦੀਆਂ ਫੈਕਟਰੀਆਂ ਦਾ ਦੀਵਾਲੀ ਤੋਂ ਪਹਿਲਾਂ ਨਿਰੀਖਣ ਕਰਨ ਲਈ ਆਏ ਪ੍ਰਦੇਸ਼ ਦੇ ਵਿਭਾਗੀ ਮੁਖੀ ਦੀ ਕਾਰ ’ਚੋਂ ਚੌਕਸੀ ਵਿਭਾਗ ਨੇ ਛਾਪਾ ਮਾਰ ਕੇ ਛੇ ਲੱਖ ਨਕਦੀ ਤੇ ਹੋਰ ਕਈ ਕੁਝ ਬਰਾਮਦ ਕਰ ਲਿਆ। ਮੁਖੀ ਸਾਹਿਬ ਕੰਮ ਵਿੱਚ ਚੁਸਤੀ ਲਿਆਉਣ ਦਾ ਹੁਕਮ ਜਾਰੀ ਕਰਦਿਆਂ ਸੱਤ ਦਿਨਾਂ ਦਾ ਦੌਰਾ ਮੁਕਾ ਚੰਡੀਗੜ੍ਹ ਨੂੰ ਵਾਪਸੀ ਦੀ ਤਿਆਰੀ ਵਿੱਚ ਸਨ। ਹਾਕਮ ਨੂ ਫ਼ਿਕਰ ਸੀ ਕਾਰ ਦੀ ਡਿੱਗੀ ਦਾ। ਰਾਤ ਨੂੰ ਕਾਰ ਤਾਂ ਰੈਸਟ ਹਾਊਸ ਦੇ ਬਾਹਰ ਖੜ੍ਹੀ ਹੋਵੇਗੀ ਤੇ ਉਸ ਦੀ ਡਿੱਗੀ ਵਿੱਚ ਗੁਪਤ-ਸੰਗੀਨ ਜ਼ਰੂਰੀ ਫਾਈਲਾਂ ਹਨ, ਨਾ ਜਾਣੀਏ ਕੋਈ ਡਿੱਗੀ ਖੋਲ੍ਹ ਲਵੇ। ਬੇਸ਼ੱਕ, ਦਿਨ ਡੁੱਬ ਚੱਲਿਆ ਸੀ ਹਾਕਮ ਨੇ ਚੰਡੀਗੜ੍ਹ ਵਾਪਸ ਮੁੜਨ ਦੀ ਸੋਚੀ ਤੇ ਵਿਚਾਰਿਆ ਕਿ ਰਾਤ ਦਾ ਹਨੇਰਾ ਉਨ੍ਹਾਂ ਦੀ ਗੁਪਤਤਾ ਵਿੱਚ ਹੋਰ ਸਹਾਈ ਹੋਵੇਗਾ... ਅੰਦਰੋ ਅੰਦਰ ਮੁਲਾਜ਼ਮਾਂ ਨੇ ਸ਼ੁਕਰ ਮਨਾਇਆ ਕਿ ਰਾਤ ਦੇ ਹੋਰ ਖਰਚੇ ਤੋਂ ਬਚੇ...।
ਝੋਨੇ ਦੀ ਕਟਾਈ ਜ਼ੋਰਾਂ ’ਤੇ ਸੀ। ਕਿਸਾਨ ਖਾਲੀ ਹੋਏ ਖੇਤਾਂ ਵਿੱਚ ਕਣਕ ਦੀ ਬਿਜਾਈ ਦੀ ਤਿਆਰੀ ਕਰਨ ਲਈ ਥਾਂ-ਥਾਂ ਪਰਾਲੀ ਨੂੰ ਸਾੜ ਰਹੇ ਸੀ। ਬੇਸ਼ੱਕ ਭਰਵੀਂ ਸਰਦੀ ਅਜੇ ਸ਼ੁਰੂ ਨਹੀਂ ਸੀ ਹੋਈ ਪਰ ਫਿਰ ਵੀ ਨਿੰਮੀ-ਨਿੰਮੀ ਧੁੰਦ ਤੇ ਧੂੰ ਰਲ ਕੇ ਸੜਕ ਉੱਤੇ ਪਤਲੇ ਬੱਦਲ ਜਿਹੇ ਛਾ ਰਹੇ ਸਨ। ਧੁੰਦ-ਧੂੰਏਂ ਦੇ ਗੁਬਾਰ ਨੂੰ ਪਾਰ ਕਰਦੇ ਵੇਲੇ ਪੁਲੀਸ ਨਾਕੇ ਲਈ ਸੜਕ ਵਿਚਕਾਰ ਰੱਖੇ ਇੱਕ ਵੱਡੇ ਪੱਥਰ ਨਾਲ ਟਕਰਾ ਬੇਕਾਬੂ ਹੋ ਕੇ ਕਾਰ ਇੱਕ ਵਾਰ ਉਲਟੀ ਫਿਰ ਸਿੱਧੀ ਹੋਈ, ਰਫ਼ਤਾਰ ਦੇ ਵੇਗ ਵਿੱਚ ਉਹ ਚਾਲੀ ਪੰਜਾਹ ਗਜ਼ ਇਸੇ ਤਰ੍ਹਾਂ ਮੂਧੀ-ਸਿੱਧੀ ਹੁੰਦੀ ਰਿੜ੍ਹਦੀ ਚਲੀ ਗਈ... ਬਾਰੀਆਂ ਟੁੱਟ ਗਈਆਂ, ਸੀਟਾਂ ਉੱਖੜ ਗਈਆਂ, ਹਾਕਮ ਕਿਤੇ ਬਾਹਰ ਡਿੱਗ ਪਿਆ ਸੀ... ਡਰਾਈਵਰ ਸੀਨਾ ਦੱਬਣ ਨਾਲ ਚਲ ਵਸਿਆ। ਡਿੱਗੀ ਟੁੱਟ ਕੇ ਉੱਖੜ ਗਈ ਸੀ ਤੇ ਉਸ ਵਿੱਚ ਰੱਖੇ ਦੋਵੇਂ ਸੂਟਕੇਸ ਵੀ ਪਾਟ ਕੇ ਖੁੱਲ੍ਹ ਗਏ ਤੇ ਕੋਈ ਤਿੰਨ-ਚਾਰ ਬਕਸੇ ਵੀ ਟੁੱਟ ਕੇ ਖਿਲਰ ਗਏ ਸਨ। ਉਨ੍ਹਾਂ ਵਿੱਚ ਬੰਦ ਸੋਮਰਸ ਬੋਤਲਾਂ ਟੁੱਟ ਕੇ ਰੁੜ੍ਹ ਗਿਆ ਸੀ... ਧੜੰਮ... ਧੜੰਮ ਦੀ ਜਦੋਂ ਤਿੰਨ ਚਾਰ ਧਮਾਕਿਆਂ ਵਰਗੀ ਆਵਾਜ਼ ਆਈ ਤਾਂ ਨਾਲ ਦੀ ਵਸੋਂ ਦੇ ਘਰਾਂ ’ਚੋਂ ਜਾਗ ਕੇ ਕਈ ਲੋਕ ਆ ਗਏ। ਰਾਤ ਦੇ ਹਨੇਰੇ ਵਿੱਚ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਪਰ ਉੱਥੋਂ ਸੋਮਰਸ ਦੀ ਬੂ ਬੜੀ ਆ ਰਹੀ ਸੀ। ਜਿਧਰੋਂ ਆਈ ਲੋਕ ਉਧਰ ਨੂੰ ਗਏ। ਉੱਥੇ ਹੀ ਉਸ ਕਾਰ ਦਾ ਸਾਬ੍ਹ ਬੇਜਾਨ ਪਿਆ ਸੀ। ਸ਼ਨਾਖ਼ਤ ਤੋਂ ਕੋਹਾਂ ਦੂਰ। ਟਰੈਕਟਰ ਲਿਆ ਕੇ ਰੌਸ਼ਨੀ ਕੀਤੀ ਗਈ। ਲੋਕਾਂ ਨੇ ਸੰਗੀਨ-ਗੁਪਤ ਫਾਈਲਾਂ ਦੇ ਖਿਲਰੇ ਕਾਗ਼ਜ਼ ਚੁੱਕਣੇ ਸ਼ੁਰੂ ਕੀਤੇ... ਕਿਸੇ ’ਤੇ ਲਿਖਿਆ ਸੀ ਇੱਕ ਸੌ, ਕਿਸੇ ’ਤੇ ਪੰਜ ਸੌ ਤੇ ਕਿਸੇ ’ਤੇ ਇੱਕ ਹਜ਼ਾਰ। ਕਈ ਲੋਕ ਇਨ੍ਹਾਂ ਕਾਗ਼ਜ਼ਾਂ ਨੂੰ ਇਕੱਠੇ ਕਰ ਘਰੋ-ਘਰੀ ਲੈ ਗਏ ਪਰ ਇੱਕ ਬਜ਼ੁਰਗ ਨੇ ਟਰੈਕਟਰ ਵਾਲੇ ਨੂੰ ਕਿਹਾ ਕਿ ਚੱਲ ਥਾਣੇ ਦੱਸ ਦੇਈਏ। ਹੁਣ ਪੁਲੀਸ ਆ ਗਈ ਸੀ ਤੇ ਬਾਕੀ ਫਾਈਲਾਂ ਦੇ ਕਾਗ਼ਜ਼ ਤੇ ਸੋਮਰਸ ਦੀਆਂ ਟੁੱਟੀਆਂ ਬੋਤਲਾਂ ਦੇ ਕੱਚ ਇਕੱਠੇ ਕਰ ਕੇ ਉਨ੍ਹਾਂ ਨੂੰ ਉਹ ਕੇਸ ਪ੍ਰਾਪਰਟੀ ਦੇ ਤੌਰ ਉੱਤੇ ਨਾਲ ਲੈ ਕੇ ਚਲੇ ਗਏ। ਇਸ ਹਾਕਮ ਦੀ ਮੌਤ ਦੇ ਹਾਦਸੇ ’ਚੋਂ ਗੁਪਤਤਾ ਦਾ ਭੇਤ ਖੁੱਲ੍ਹ ਜਾਣ ਦਾ ਭੈਅ ਤੇ ਇਸ ਵਿੱਚੋਂ ਪੈਦਾ ਹੋਏ ਸਬਕ ਨੂੰ ਮੁੱਖ ਰੱਖ ਕੇ ਰਾਜਾਂ ਦੇ ਸਾਰੇ ਅਹਿਲਕਾਰਾਂ ਨੇ ਫ਼ੈਸਲਾ ਲਿਆ ਕਿ ਅੱਗੇ ਤੋਂ ਸਾਬ੍ਹ ਦੌਰਿਆਂ ਉੱਤੇ ਨਹੀਂ ਜਾਣਗੇ ਸਗੋਂ ਫੀਲਡ ਹਾਕਮ ਸਾਰੇ ਗੁਪਤ ਕੀਮਤੀ ਕਾਗ਼ਜ਼ਾਤ ਨਾਲ ਲੈ ਕੇ ਮੁੱਖ ਦਫ਼ਤਰਾਂ ਵਿੱਚ ਮੀਟਿੰਗਜ਼ ’ਤੇ ਆ ਕੇ ਇੱਥੇ ਦੇਣਗੇ ਅਤੇ ਅੱਗੇ ਤੋਂ ਦੀਵਾਲੀ ਪੰਦਰਵਾੜੇ ਦੀਆਂ ਸਾਰੀਆਂ ਮੀਟਿੰਗਾਂ ਮੁੱਖ ਦਫ਼ਤਰਾਂ ਵਿੱਚ ਹੋਇਆ ਕਰਨਗੀਆਂ...।
ਸੰਪਰਕ: 98151-88810