ਕੈਨੇਡਾ ਵੱਲੋਂ ਰੂਸ ਦਾ ਮਾਲਵਾਹਕ ਜਹਾਜ਼ ਜ਼ਬਤ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 11 ਜੂਨ
ਕੈਨੇਡਾ ਸਰਕਾਰ ਨੇ ਡੇਢ ਸਾਲ ਤੋਂ ਟੋਰਾਂਟੋ ਹਵਾਈ ਅੱਡੇ ‘ਤੇ ਖੜ੍ਹੇ ਰੂਸ ਦੇ ਵੱਡੇ ਮਾਲਵਾਹਕ ਜਹਾਜ਼ ਐਂਟਨੋਵ-124 ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਫਰਵਰੀ 2022 ‘ਚ ਕੈਨੇਡਾ ਵੱਲੋਂ ਆਪਣੇ ਹਵਾਈ ਖੇਤਰ ‘ਚ ਰੂਸ ਦੇ ਜਹਾਜ਼ਾਂ ਉੱਤੇ ਲਾਈਆਂ ਪਾਬੰਦੀਆਂ ਦੌਰਾਨ ਇਹ ਜਹਾਜ਼ ਟੋਰਾਂਟੋ ਉਤਾਰਿਆ ਗਿਆ ਸੀ ਤੇ ਉਦੋਂ ਤੋਂ ਇੱਥੇ ਖੜ੍ਹਾ ਹੈ। ਸਰਕਾਰੀ ਬੁਲਾਰੇ ਅਨੁਸਾਰ ਇਹ ਕਾਰਵਾਈ ਯੂਕਰੇਨ ਦੀ ਮਦਦ ਅਤੇ ਰੂਸ ਦੇ ਵਿਰੋਧ ਦੇ ਪ੍ਰਗਟਾਵੇ ਵਜੋਂ ਕੀਤੀ ਗਈ ਹੈ ਅਤੇ ਰੂਸ ਉੱਤੇ ਦਬਾਅ ਬਣਾਉਣ ਦੇ ਯਤਨਾਂ ਦੀ ਕੜੀ ਹੈ। ਕੱਲ੍ਹ ਸ਼ਾਮ ਅਚਾਨਕ ਕੀਵ (ਯੂਕਰੇਨ) ਜਾਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਨੂੰ ਹਥਿਆਰ ਖਰੀਦਣ ਲਈ 50 ਕਰੋੜ ਡਾਲਰ ਮਦਦ ਵਜੋਂ ਦੇਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਯੂਕਰੇਨ ਵੱਲੋਂ ਰੂਸ ਦੇ ਦਬਾਅ ਮੂਹਰੇ ਨਾ ਝੁਕਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸਲ ‘ਚ ਯੂਕਰੇਨ ਦੁਨੀਆ ਦੇ ਭਵਿੱਖ ਦੀ ਲੜਾਈ ਲੜ ਰਿਹਾ ਹੈ ਅਤੇ ਸਾਰੇ ਦੇਸ਼ਾਂ ਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ। ਉੱਥੋਂ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਖਿੱਤੇ ‘ਚ ਸ਼ਾਂਤੀ ਹੋਵੇ, ਪਰ ਯੂਕਰੇਨ ਦੀਆਂ ਸ਼ਰਤਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ। ਟਰੂਡੋ ਦੇ 25 ਮਿੰਟ ਦੇ ਭਾਸ਼ਣ ਦੌਰਾਨ ਰਾਸ਼ਟਰਪਤੀ ਜੈਲੇਂਸਕੀ ਨੇ ਕਈ ਵਾਰ ਤਾੜੀਆਂ ਮਾਰੀਆਂ। ਜਸਟਿਨ ਟਰੂਡੋ ਦੇ ਸਵਾਗਤ ਵਜੋਂ ਉੱਥੋਂ ਦੇ ਕੁਝ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਕੈਨੇਡੀਅਨ ਝੰਡੇ ਸਨ, ਜਿਨ੍ਹਾਂ ਨੂੰ ਲਹਿਰਾ ਕੇ ਤਸੱਲੀ ਦਾ ਪ੍ਰਗਟਾਵਾ ਕਰ ਰਹੇ ਸਨ। ਟਰੂਡੋ ਨੇ ਯੂਕਰੇਨ ਸਰਕਾਰ ਨੂੰ ਭਰੋਸਾ ਦੁਆਇਆ ਕਿ ਕੈਨੇਡਾ ਸ਼ੁਰੂ ਤੋਂ ਯੂਕਰੇਨ ਨਾਲ ਖੜ੍ਹਦਾ ਆਇਆ ਹੈ ਤੇ ਅੱਗੇ ਵੀ ਜੰਗ ਚਾਹੇ ਕਿੰਨੀ ਲੰਬੀ ਕਿਉਂ ਨਾ ਹੋ ਜਾਏ, ਕੈਨੇਡਾ ਚੱਟਾਨ ਵਾਂਗ ਉਸ ਨਾਲ ਖੜ੍ਹਾ ਰਹੇਗਾ।