ਰੂਸ ਨੇ ਯੂਕਰੇਨ ਦੀ ਅਹਿਮ ਬੰਦਰਗਾਹ ਨੂੰ ਨਿਸ਼ਾਨਾ ਬਣਾਇਆ
ਕੀਵ, 18 ਜੁਲਾਈ
ਰੂਸ ਨੇ ਯੂਕਰੇਨ ਦੀ ਓਡੇਸਾ ਬੰਦਰਗਾਹ ਉਤੇ ਡਰੋਨਾਂ ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ। ਯੂਕਰੇਨ ਮੁਤਾਬਕ ਉਨ੍ਹਾਂ ਕਈ ਡਰੋਨਾਂ ਤੇ ਛੇ ਮਿਜ਼ਾਈਲਾਂ ਨੂੰ ਡੇਗਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਲੇ ਸਾਗਰ ਵਿਚ ਸਥਿਤ ਇਸ ਬੰਦਰਗਾਹ ਤੋਂ ਅਨਾਜ ਦੀ ਜ਼ਰੂਰੀ ਸਪਲਾਈ ਸਬੰਧੀ ਕੀਵ ਨਾਲ ਹੋਇਆ ਸਮਝੌਤਾ ਰੂਸ ਨੇ ਤੋੜ ਦਿੱਤਾ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਸਾਰੀਆਂ ਛੇ ਮਿਜ਼ਾਈਲਾਂ ਤੇ 25 ਡਰੋਨਾਂ ਨੂੰ ਡੇਗ ਲਿਆ ਹੈ। ਪਰ ਇਨ੍ਹਾਂ ਦੇ ਮਲਬੇ ਤੇ ਧਮਾਕਿਆਂ ਨਾਲ ਬੰਦਰਗਾਹ ਦੇ ਕੁੱਝ ਹਿੱਸਿਆਂ ਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਯੂਕਰੇਨੀ ਰਾਸ਼ਟਰਪਤੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਰਾਹੀਂ ਰੂਸ ਉਨ੍ਹਾਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿਚ ਪਾ ਰਿਹਾ ਹੈ ਜਨਿ੍ਹਾਂ ਨੂੰ ਯੂਕਰੇਨ ਦੇ ਅਨਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਫ਼ਰੀਕਾ, ਮੱਧ ਪੂਰਬ ਤੇ ਏਸ਼ੀਆ ਵਿਚ ਭੁੱਖਮਰੀ ਦਾ ਖ਼ਤਰਾ ਵਧ ਰਿਹਾ ਹੈ। ਅਨਾਜ ਦੀਆਂ ਉੱਚੀਆਂ ਕੀਮਤਾਂ ਹੋਰ ਲੋਕਾਂ ਨੂੰ ਗਰੀਬੀ ਵੱਲ ਧੱਕ ਰਹੀਆਂ ਹਨ।
ਸੰਯੁਕਤ ਰਾਸ਼ਟਰ ਤੇ ਯੂਕਰੇਨ ਦੇ ਪੱਛਮੀ ਸਾਥੀਆਂ ਨੇ ਬੰਦਰਗਾਹ ਤੋਂ ਹੁੰਦੀ ਸਪਲਾਈ ਵਿਚ ਅੜਿੱਕਾ ਪਾਉਣ ਲਈ ਮਾਸਕੋ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਈ ਜ਼ਿੰਦਗੀਆਂ ਖ਼ਤਰੇ ਵਿਚ ਪੈ ਸਕਦੀਆਂ ਹਨ। ਮਾਸਕੋ ਨੇ ਕਿਹਾ ਹੈ ਕਿ ਓਡੇਸਾ ਬੰਦਰਗਾਹ ਲਈ ਹੋਇਆ ਸਮਝੌਤਾ ਉਦੋਂ ਤੱਕ ਮੁਅੱਤਲ ਰਹੇਗਾ ਜਦ ਤੱਕ ਰੂਸ ਦੇ ਅਨਾਜ ਤੇ ਖਾਦ ਉਤੇ ਆਲਮੀ ਪੱਧਰ ’ਤੇ ਲਾਈਆਂ ਪਾਬੰਦੀਆਂ ਨਹੀਂ ਹਟਾਈਆਂ ਜਾਂਦੀਆਂ। ਇਸੇ ਦੌਰਾਨ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਕਰੀਮੀਆ ਉਤੇ ਯੂਕਰੇਨ ਵੱਲੋਂ ਕੀਤੇ ਡਰੋਨ ਹਮਲੇ ਨੂੰ ਨਾਕਾਮ ਕੀਤਾ ਹੈ। -ਏਪੀ