ਰੂਸ ਨੇ ਮੀਡੀਆ ਕਵਰੇਜ ’ਤੇ ਨਵੀਆਂ ਪਾਬੰਦੀਆਂ ਲਾਈਆਂ
ਮਾਸਕੋ, 14 ਨਵੰਬਰ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਮੀਡੀਆ ਕਵਰੇਜ ’ਤੇ ਨਵੀਂ ਪਾਬੰਦੀ ਲਾਉਂਦਿਆਂ ਰਾਸ਼ਟਰਪਤੀ ਚੋਣਾਂ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ’ਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਤਬਦੀਲੀ ਮਾਰਚ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੀਤੀ ਗਈ ਹੈ ਜਿਨ੍ਹਾਂ ਵਿੱਚ ਪਿਛਲੇ 24 ਸਾਲਾਂ ਤੋਂ ਰੂਸ ’ਤੇ ਰਾਜ ਕਰਨ ਵਾਲੇ ਪੂਤਿਨ ਵੱਲੋਂ ਛੇ ਹੋਰ ਸਾਲ ਲਈ ਕਾਰਜਕਾਲ ਮੰਗੇ ਜਾਣ ਦੀ ਉਮੀਦ ਹੈ।। 71 ਸਾਲਾ ਪੂਤਿਨ ਨੇ ਹਾਲਾਂਕਿ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਚੋਣ ਲੜਨਗੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਉਹ ਸੰਸਦ ਵੱਲੋਂ ਰਸਮੀ ਤੌਰ ’ਤੇ ਚੋਣਾਂ ਦੀ ਤਾਰੀਕ ਤੈਅ ਕੀਤੇ ਜਾਣ ਮਗਰੋਂ ਹੀ ਇਸ ਦਾ ਐਲਾਨ ਕਰਨਗੇ। ਨਵੇਂ ਹੁਕਮਾਂ ਅਨੁਸਾਰ ਸਿਰਫ਼ ਰਜਿਸਟਰਡ ਕੰਟਰੈਕਟ ਪੱਤਰਕਾਰਾਂ ਨੂੰ ਹੀ ਚੋਣ ਕਮਿਸ਼ਨ ਦੀਆਂ ਮੀਟਿੰਗਾਂ ਦੀ ਕਵਰੇਜ ਕਰਨ ਦੀ ਇਜਾਜ਼ਤ ਮਿਲੇਗੀ। -ਪੀਟੀਆਈ
ਰੂਸੀ ਅਦਾਲਤ ਵੱਲੋਂ ਗੂਗਲ ਨੂੰ ਜੁਰਮਾਨਾ
ਮਾਸਕੋ: ਰੂਸ ਦੀ ਇੱਕ ਅਦਾਲਤ ਨੇ ਰੂਸੀ ਵਰਤੋਂਕਾਰਾਂ ਲਈ ਨਿੱਜੀ ਡੇਟਾ ਭੰਡਾਰਨ ਕਰਨ ’ਚ ਨਾਕਾਮ ਰਹਿਣ ਕਾਰਨ ਅੱਜ ਗੂਗਲ ਨੂੰ ਜੁਰਮਾਨਾ ਲਾਇਆ ਹੈ। ਯੂਕਰੇਨ ਜੰਗ ਨੂੰ ਲੈ ਕੇ ਰੂਸ ਤੇ ਪੱਛਮੀ ਮੁਲਕਾਂ ਵਿਚਾਲੇ ਤਣਾਅ ਦੀ ਪਿੱਠਭੂਮੀ ਵਿੱਚ ਗੂਗਲ ’ਤੇ ਇਹ ਜੁਰਮਾਨਾ ਲਾਇਆ ਗਿਆ ਹੈ। ਮਾਸਕੋ ਦੀ ਤਾਗੰਸਕੀ ਜ਼ਿਲ੍ਹਾ ਅਦਾਲਤ ਦੇ ਮੈਜਿਸਟਰੇਟ ਨੇ ਗੂਗਲ ਨੂੰ 1.5 ਕਰੋੜ ਰੂਬਲ (ਤਕਰੀਬਨ 1,64,200 ਡਾਲਰ) ਦਾ ਜੁਰਮਾਨਾ ਕੀਤਾ ਹੈ। ਸੂਚਨਾ ਤਕਨੀਕ ਕੰਪਨੀ ਵੱਲੋਂ ਰੂਸ ’ਚ ਰੂਸੀ ਨਾਗਰਿਕਾਂ ਦੇ ਨਿੱਜੀ ਡੇਟਾ ਦਾ ਭੰਡਾਰਨ ਕਰਨ ਤੋਂ ਵਾਰ-ਵਾਰ ਇਨਕਾਰ ਕੀਤੇ ਜਾਣ ਮਗਰੋਂ ਅਦਾਲਤ ਵੱਲੋਂ ਇਹ ਹੁਕਮ ਦਿੱਤਾ ਗਿਆ ਹੈ। -ਪੀਟੀਆਈ