Russia and Ukraine: ਰੂਸ ਅਤੇ ਯੂਕਰੇਨ ਵੱਲੋਂ ਇਕ-ਦੂਜੇ ’ਤੇ ਈਸਟਰ ਜੰਗਬੰਦੀ ਤੋੜਨ ਦੇ ਦੋਸ਼
ਮਾਸਕੋ/ਕੀਵ, 20 ਅਪਰੈਲ
Russia and Ukraine accuse each other of breaking one-day Easter ceasefire: ਰੂਸ ਅਤੇ ਯੂਕਰੇਨ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਲੋਂ ਇੱਕ ਦਿਨ ਦੀ ਈਸਟਰ ਜੰਗਬੰਦੀ ਨੂੰ ਤੋੜਨ ਦੇ ਇੱਕ ਦੂਜੇ ’ਤੇ ਦੋਸ਼ ਲਾਏ ਹਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਈਸਟਰ ਜੰਗਬੰਦੀ ਦੀ ਪਾਲਣਾ ਕਰਨ ਦਾ ਦਿਖਾਵਾ ਕਰ ਰਿਹਾ ਹੈ ਪਰ ਅਸਲ ਵਿੱਚ ਰੂਸ ਨੇ ਸ਼ਨਿਚਰਵਾਰ ਰਾਤ ਨੂੰ ਹਮਲੇ ਜਾਰੀ ਰੱਖੇ। ਰੂਸ ਨੇ ਅੱਧੀ ਰਾਤ ਤੋਂ ਸ਼ਾਮ ਚਾਰ ਵਜੇ ਤੱਕ 46 ਵਾਰ ਹਮਲੇ ਕੀਤੇ। ਉਨ੍ਹਾਂ ਐਕਸ ’ਤੇ ਪੋਸਟ ਪਾ ਕੇ ਕਿਹਾ, ‘ਜਾਂ ਤਾਂ ਪੂਤਿਨ ਦਾ ਆਪਣੀ ਫੌਜ ’ਤੇ ਪੂਰਾ ਨਿਯੰਤਰਣ ਨਹੀਂ ਹੈ ਜਾਂ ਸਥਿਤੀ ਇਹ ਸਾਬਤ ਕਰਦੀ ਹੈ ਕਿ ਰੂਸ ਵਿੱਚ ਉਨ੍ਹਾਂ ਦਾ ਯੁੱਧ ਨੂੰ ਖਤਮ ਕਰਨ ਵੱਲ ਕੋਈ ਸੱਚਾ ਕਦਮ ਚੁੱਕਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਸਿਰਫ ਦਿਖਾਵਾ ਕਰ ਰਹੇ ਹਨ। ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨੇ 1,000 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਕੁਝ ਰੂਸੀ ਨਾਗਰਿਕਾਂ ਦੀ ਮੌਤ ਹੋਈ। ਇਸ ਤੋਂ ਪਹਿਲਾਂ ਕਰੈਮਲਿਨ ਨੇ ਸਾਂਝੀ ਕਰਦਿਆਂ ਦੱਸਿਆ ਸੀ ਇਹ ਜੰਗਬੰਦੀ ਮਾਸਕੋ ਦੇ ਸਮੇਂ ਅਨੁਸਾਰ ਸ਼ਨਿਚਰਵਾਰ ਸ਼ਾਮ ਛੇ ਵਜੇ ਤੇ ਭਾਰਤੀ ਸਮੇਂ ਅਨੁਸਾਰ ਰਾਤ ਸਾਢੇ ਅੱਠ ਵਜੇ ਤੋਂ ਸੰਡੇ ਈਸਟਰ ਤਕ ਰਾਤ ਵੇਲੇ ਤੇ ਭਾਰਤੀ ਸਮੇਂ ਅਨੁਸਾਰ ਅਗਲੇ ਦਿਨ ਢਾਈ ਵਜੇ ਤਕ ਲਾਗੂ ਰਹੇਗੀ। ਇਸ ਤੋਂ ਤੁਰੰਤ ਬਾਅਦ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਈਸਟਰ ਜੰਗਬੰਦੀ ਦੇ ਐਲਾਨ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੀਵ 30 ਦਿਨਾਂ ਦੀ ਜੰਗਬੰਦੀ ਦੀ ਪਾਲਣਾ ਕਰਨ ਦੇ ਆਪਣੇ ਮੂਲ ਸਮਝੌਤੇ ’ਤੇ ਅੱਜ ਵੀ ਕਾਇਮ ਹੈ।