ਪੇਂਡੂ ਓਲੰਪਿਕਸ: ਵਿਰਾਸਤੀ ਪੰਡਾਲ ਨੇ ਰਵਾਇਤੀ ਜੀਵਨਸ਼ੈਲੀ ਨੂੰ ਸੁਰਜੀਤ ਕਰਕੇ ਵਾਹ-ਵਾਹ ਖੱਟੀ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 12 ਫਰਵਰੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਹਿਲੀ ਬਾਰ ਮਨਾਏ ਜਾ ਰਹੇ ਰੂਰਲ ਓਲੰਪਿਕਸ ਦੇ ਖੇਡ ਮੈਦਾਨਾਂ ਦੇ ਨਾਲ ਲੱਗਦੇ ਪੰਜਾਬੀ ਸੱਭਿਆਚਰਕ ਵਿਰਸੇ ਵਾਲੇ ਪੰਡਾਲ ਵਿੱਚ ਲਗਾਈਆਂ ਗਈਆਂ ਸਟਾਲਾਂ ਨੇ ਰਵਾਇਤੀ ਪੇਂਡੂ ਵਸਤਾਂ ਤੇ ਕੰਮ ਕਾਰਜਾਂ ਨੂੰ ਮੁੜ ਸੁਰਜੀਤ ਕਰ ਕੇ ਪਹਿਲੇ ਦਿਨ ਹੀ ਲੋਕਾਂ ਦੀ ਵਾਹ-ਵਾਹ ਖੱਟ ਲਈ। ਮਾਨਸਾ ਦੇ ਪ੍ਰਸਿੱਧ ਕਲਾ ਪ੍ਰੇਮੀ ਭੋਲਾ ਕਲੈਹਰੀ ਦੀ ਅਗਵਾਈ ਹੇਠ ਤਿੰਨ ਕੁ ਦਰਜਨ ਕਲਾਕਾਰਾਂ ਤੇ ਵਰਕਰਾਂ ਵੱਲੋਂ ਤਿਆਰ ਕੀਤੀਆਂ ਗਈਆਂ ਸਟਾਲਾਂ ਦੇ ਪ੍ਰਸ਼ੰਸਕਾਂ ਵਿੱਚ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੀ ਸ਼ਾਮਲ ਹਨ। ਕਰੀਬ ਪੰਜ ਦਹਾਕੇ ਪਹਿਲਾਂ ਤੱਕ ਪੇਂਡੂ ਪੰਜਾਬ ਦੇ ਹਰ ਘਰ ਦਾ ਸ਼ਿੰਗਾਰ ਰਹਿ ਚੁੱਕੀਆਂ ਇਹ ਵਸਤਾਂ ਅਤੇ ਕਾਰਜ ਲਗਪੱਗ ਅਜੋਕੇ ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਤੋਂ ਵੀ ਲਗਪੱਗ ਅਲੋਪ ਹੋ ਚੁੱਕੇ ਹਨ। ਰਵਾਇਤੀ ਘਰੇਲੂ ਦ੍ਰਿਸ਼, ਚਰਖਾ ਕੱਤਣਾ, ਚੱਕੀ ਨਾਲ ਆਟਾ ਪੀਸਨਾ , ਹੱਦ ਵਾਲੀ ਮਧਾਣੀ ਨਾਲ ਦਹੀ ਰਿੜਕਨਾ , ਦਰੀਆਂ ਬੁਨਣਾ, ਪੱਖੀ ਬਨਾਉਣਾ, ਫੁਲਕਾਰੀ ਕੱਢਣਾ, ਭੱਠੀ ਵਿੱਚ ਦਾਣੇ ਭੁੰਨਣਾ, ਕਾਲੇ ਰੰਗ ਦੇ ਰਿਕਾਰਡ , ਪੁਰਾਨਾ ਟੈਲੀਫੋਨ, ਰੱਸੀ ਬੁਣਨਾ, ਟੋਕਰੀਆਂ ਤਿਆਰ ਕਰਨ ਅਤੇ ਗੁੱਡੀਆਂ ਪਟੋਲੇ ਦੀਆਂ ਸਟਾਲਾਂ ਇਹੋ ਜਿਹੀਆਂ ਸਨ ਜਿਨ੍ਹਾਂ ਨੂੰ ਹਰ ਦਰਸ਼ਕ ਆਪਣੇ ਹੱਥ ਨਾਲ ਅਜਮਾਉਣਾ ਲੋਚਦਾ ਸੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਵਨੀ ਨੇ ਦਾਅਵਾ ਕੀਤਾ ਕਿ ਸਮਾਜ ਦੇ ਸਾਰੇ ਵਰਗਾਂ ਦੇ ਸੈਲਾਨੀਆਂ, ਭਾਵੇਂ ਉਹ ਪੇਂਡੂ ਜਾਂ ਸ਼ਹਿਰੀ ਵਰਗ ਦੇ ਹੋਣ, ਨੇ ਇਸ ਸਮਾਗਮ ਵਿੱਚ ਪੰਜਾਬ ਦੇ ਅਮੀਰ ਪੇਂਡੂ ਸੱਭਿਆਚਾਰ ਨੂੰ ਸੁਰਜੀਤ ਕਰਨ ਦੀ ਅੱਜ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਟਾਲਾਂ ਦਾ ਸਾਡੇ ਸੱਭਿਆਚਾਰ ਨਾਲ ਬਹੁਤ ਨੇੜਲਾ ਸਬੰਧ ਹੈ ਅਤੇ ਖਾਸ ਕਰਕੇ ਕੋਈ ਵੀ ਅੱਜ ਇੱਥੇ ਆਪਣੇ ਹੱਥ ਨਾਲ ਅਜਮਾਇਸ਼ ਕਰ ਸਕਦਾ ਸੀ। ਕੱਤਣਾ, ਬੁਣਾਈ ਕਰਨਾ ਅਤੇ ਹੋਰ ਇਹੋ ਜਿਹੀਆਂ ਦਰਜਨਾਂ ਪ੍ਰਕਿਰਿਆਵਾਂ ਜੋ ਅਸੀਂ ਆਮ ਤੌਰ ’ਤੇ ਆਪਣੇ ਘਰਾਂ ਵਿੱਚ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਉਹ ਅੱਜ ਇੱਥੇ ਕਰਨ ਨੂੰ ਮਿਲੀਆਂ। ਸ੍ਰੀਮਤੀ ਸਾਹਨੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਸਟਾਲਾਂ ਨੇ ਨਵੀਂ ਪੀੜ੍ਹੀ ਦੇ ਲੋਕਾਂ ਨੂੰ ਪੁਰਾਤਨ ਜੀਵਨਸ਼ੈਲੀ ਬਾਰੇ ਸਿੱਖਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ ਕਿਉਂਕਿ ਇਹ ਸੱਭਿਆਚਾਰਕ ਵਿਰਾਸਤ ਹੁਣ ਨਹੀਂ ਵੇਖੀ ਜਾਂਦੀ। ਲੁਧਿਆਣਾ ਰੈੱਡ ਕਰਾਸ ਦੇ ਸਕੱਤਰ ਨਵਨੀਤ ਜੋਸ਼ੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਸਤਾਂ ਦੀ ਪ੍ਰਦਰਸ਼ਨੀ ਨੇ ਕਈ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਦੇ ਹਿੱਸੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।