ਰੂਪਨਗਰ ਦੀਆਂ ਕੁੜੀਆਂ ਨੇ ਜਿੱਤਿਆ ਸੂਬਾ ਪੱਧਰੀ ਫੁਟਬਾਲ ਟੂਰਨਾਮੈਂਟ
ਜਗਮੋਹਨ ਸਿੰਘ
ਰੂਪਨਗਰ, 20 ਸਤੰਬਰ
ਮੁੱਲਾਂਪੁਰ ਦਾਖਾ ਵਿੱਚ ਚੱਲ ਰਹੀ 68ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁਟਬਾਲ ਖੇਡਾਂ ਅਧੀਨ ਰੂਪਨਗਰ ਜ਼ਿਲ੍ਹੇ ਦੀ ਅੰਡਰ-17 ਲੜਕੀਆਂ ਦੀ ਟੀਮ ਨੇ ਲੁਧਿਆਣਾ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਈਨਲ ਮੈਚ ਜਿੱਤ ਲਿਆ।
ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਦੱਸਿਆ ਕਿ ਘਨੌਲੀ ਸਕੂਲ ਦੀ ਪੰਜਾਬੀ ਅਧਿਆਪਕਾ ਹਰਮੀਤ ਕੌਰ ਦੀ ਅਗਵਾਈ ਵਿੱਚ ਮੁੱਲਾਂਪੁਰ ਦਾਖਾ ਪੁੱਜੀ ਰੂਪਨਗਰ ਜ਼ਿਲ੍ਹੇ ਦੀ ਅੰਡਰ-17 ਫੁਟਬਾਲ ਟੀਮ ਨੇ ਫਾਜ਼ਿਲਕਾ ਨੂੰ 10-0 ਨਾਲ ਹਰਾ ਕੇ ਜੇਤੂ ਸ਼ੁਰੂਆਤ ਕਰਦਿਆਂ ਬਰਨਾਲਾ ਨੂੰ 10-0, ਪਟਿਆਲਾ ਨੂੰ 1-0 ਤੇ ਮੋਗਾ ਨੂੰ 3-0 ਨਾਲ ਹਰਾਉਣ ਮਗਰੋਂ ਫਾਈਨਲ ਵਿੱਚ ਕਦਮ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਦੀਆਂ 10 ਖਿਡਾਰਨਾਂ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆਂ ਪੰਜ ਅਤੇ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਣਾ ਦੀ ਇੱਕ-ਇੱਕ ਖਿਡਾਰਨ ਸ਼ਾਮਲ ਹੈ। ਦੱਸਣਯੋਗ ਹੈ ਕਿ ਸਪੋਰਟਸ ਕਲੱਬ ਘਨੌਲੀ ਅਤੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਾਮਪੁਰਾ ਵੱਲੋਂ ਬੱਚਿਆਂ ਨੂੰ ਘਨੌਲੀ ਸਕੂਲ ਦੇ ਖੇਡ ਮੈਦਾਨ ਅਤੇ ਸ਼ਾਮਪੁਰਾ ਪਿੰਡ ਦੇ ਖੇਡ ਮੈਦਾਨ ਵਿੱਚ ਸਵੇਰੇ-ਸ਼ਾਮ ਫੁਟਬਾਲ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਟੂਰਨਾਮੈਟ ਦੌਰਾਨ ਕੋਚ ਬਲਜੀਤ ਸਿੰਘ ਮੌਂਟੀ ਅਤੇ ਕੋਚ ਲਵਪ੍ਰੀਤ ਸਿੰਘ ਗੈਰੀ ਵੀ ਹਾਜ਼ਰ ਸਨ।
ਅੰਮ੍ਰਿਤਸਰ ਵਿੱਚ ਰਗਬੀ ਲੀਗ ਅੱਜ ਤੋਂ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਯੁਵਾ ਤੇ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ (ਸਾਈ) ਦੀ ਅਗਵਾਈ ਹੇਠ ਰਗਬੀ ਇੰਡੀਆ ਵੱਲੋਂ ਅੰਮ੍ਰਿਤਸਰ ਵਿੱਚ ਏਐੱਸਐੱਮਆਈਟੀਏ ਰਗਬੀ ਲੀਗ 21 ਅਤੇ 22 ਸਤੰਬਰ ਨੂੰ ਕਰਵਾਈ ਜਾ ਰਹੀ ਹੈ। ਭਾਰਤੀ ਰਗਬੀ ਫੁੱਟਬਾਲ ਯੂਨੀਅਨ ਦੇ ਪ੍ਰਧਾਨ ਰਾਹੁਲ ਬੋਸ ਨੇ ਦੱਸਿਆ ਕਿ ਭਾਰਤੀ ਰਗਬੀ ਫੁਟਬਾਲ ਦਾ ਦੂਜਾ ਸੀਜ਼ਨ 21 ਅਤੇ 22 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਵੇਗਾ। ਦੋ ਰੋਜ਼ਾ ਟੂਰਨਾਮੈਂਟ ਵਿੱਚ ਕੁੱਲ 30 ਮਹਿਲਾ ਟੀਮਾਂ ਦੇ ਭਾਗ ਲੈਣ ਦੀ ਉਮੀਦ ਹੈ, ਜਿਸ ਵਿੱਚ ਲਗਪਗ 400 ਖਿਡਾਰਨਾਂ, ਕੋਚ ਅਤੇ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਰਗਬੀ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਲਗਾਤਾਰ ਦੂਜੇ ਸੀਜ਼ਨ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ 2024-25 ਸੀਜ਼ਨ ਦੀ ਲੀਗ ਦੇਸ਼ ਭਰ ਦੇ 10 ਸ਼ਹਿਰਾਂ ਵਿੱਚ ਖੇਡੀ ਜਾਵੇਗੀ, ਜਿਸ ਵਿੱਚ ਤਿੰਨ ਉਮਰ ਵਰਗ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਸ਼ਾਮਲ ਹਨ। ਲੀਗ ਦੇ ਉਦਘਾਟਨੀ ਐਡੀਸ਼ਨ ਵਾਂਗ ਯੁਵਾ ਅਤੇ ਖੇਡ ਮੰਤਰਾਲੇ ਨੇ 30 ਲੱਖ ਰੁਪਏ ਦੇ ਨਕਦ ਇਨਾਮ ਰੱਖੇ ਗਏ ਹਨ ਜੋ ਕਿ 10 ਸ਼ਹਿਰਾਂ ਵਿੱਚ ਲੀਗ ਵਿੱਚ ਹਿੱਸਾ ਲੈਣ ਵਾਲੀਆਂ 1,080 ਜੇਤੂਆਂ ਨੂੰ ਦਿੱਤੇ ਜਾਣਗੇ। ਸਾਲ 2023 ਵਿੱਚ ਰਗਬੀ ਲੀਗ ਦੇ ਉਦਘਾਟਨੀ ਸੀਜ਼ਨ ਵਿੱਚ 3400 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ।