ਰੂਪਨਗਰ: ਥਰਮਲ ਪਲਾਂਟ ਵਿੱਚੋਂ 60 ਕਿਲੋ ਤਾਂਬਾ ਤੇ 5 ਕਿਲੋ ਐਲੂਮੀਨੀਅਮ ਚੋਰੀ
ਜਗਮੋਹਨ ਸਿੰਘ
ਰੂਪਨਗਰ/ਘਨੌਲੀ, 31 ਜੁਲਾਈ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਚਾਰਦੀਵਾਰੀ ਅੰਦਰ ਵੱਡੇ ਪੱਧਰ ’ਤੇ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਥਰਮਲ ਪਲਾਂਟ ਦੇ ਪ੍ਰਬੰਧਕਾਂ ਦੀ ਨੀਂਦ ਉਡਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਬੀਤੇ ਦਿਨਾਂ ਦੌਰਾਨ ਚਾਰ ਰੇਲਵੇ ਇੰਜਣਾਂ ਦੀਆਂ ਪਾਵਰ ਕੇਬਲਾਂ ਦਾ ਤਾਂਬਾ ਚੋਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਥਰਮਲ ਪਲਾਂਟ ਦੇ ਸਵਿੱਚ ਗੇਅਰ ਦੀ ਸਟੇਜ-3 ਦੀ ਸਾਢੇ ਚਾਰ ਮੀਟਰ ਲੋਕੇਸ਼ਨ ਤੋਂ ਲਗਪਗ 60 ਕਿਲੋ ਤਾਂਬਾ ਅਤੇ ਪੰਜ ਕਿਲੋ ਐਲੂਮੀਨੀਅਮ ਚੋਰੀ ਕਰ ਲਿਆ। ਥਰਮਲ ਪਲਾਂਟ ਅੰਦਰ ਹੋਈ ਚੋਰੀ ਸਬੰਧੀ ਵਧੀਕ ਨਿਗਰਾਨ ਇੰਜਨੀਅਰ ਬਿਜਲੀ ਸੰਭਾਲ ਸੈੱਲ-2 ਨੇ ਚੋਰੀ ਸਬੰਧੀ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ, ਜਦੋਂਕਿ ਰੇਲਵੇ ਇੰਜਣਾਂ ਦੀ ਹੋਈ ਚੋਰੀ ਸਬੰਧੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਇਸ ਸਬੰਧੀ ਜਦੋਂ ਥਰਮਲ ਪਲਾਂਟ ਰੂਪਨਗਰ ਦੇ ਐਕਸੀਅਨ ਸਕਿਉਰਿਟੀ ਪ੍ਰੇਮ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਗੇਟਾਂ ਸਣੇ ਸਾਰੀਆਂ ਲੋਕੇਸ਼ਨਾਂ ’ਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਹਨ, ਪਰ ਥਰਮਲ ਪਲਾਂਟ ਦੀ ਦੀਵਾਰ ਅੰਦਰ ਸਰਕੰਡਾ ਉੱਗਿਆ ਹੋਣ ਕਾਰਨ ਤੇ ਪੈਸਕੋ ਜਵਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਹਰ ਜਗ੍ਹਾ ’ਤੇ ਨਜ਼ਰ ਰੱਖਣ ਵਿੱਚ ਮੁਸ਼ਕਲ ਦਰਪੇਸ਼ ਹੈ, ਫਿਰ ਵੀ ਸੁਰੱਖਿਆ ਜਵਾਨ ਸਮੇਂ ਸਮੇਂ ਸਿਰ ਚੋਰਾਂ ਨੂੰ ਕਾਬੂ ਕਰਕੇ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰਦੇ ਰਹਿੰਦੇ ਹਨ।