ਜੜ੍ਹ
ਮਨਦੀਪ ਕੌਰ
ਹਰ ਵਾਰ ਦੀ ਤਰ੍ਹਾਂ ਅੱਜ ਫਿਰ ਸੁਰਜੀਤ ਕੌਰ ਆਪਣੀ ਵਾਰੀ ਆ ਜਾਣ ’ਤੇ ਵੀ ਮੇਰੇ ਕੈਬਨਿ ਦੇ ਅੰਦਰ ਨਹੀਂ ਸੀ ਆਈ। ਉਹਦੇ ਮਗਰੋਂ ਤਿੰਨ-ਚਾਰ ਹੀ ਤਾਂ ਹੋਰ ਮਰੀਜ਼ ਸਨ। ਅੱਜ ਫੇਰ ਉਹਦਾ ਉਨ੍ਹਾਂ ਮਰੀਜ਼ਾਂ ਨੂੰ ਉਹੀ ਬਹਾਨਾ, “ਤੁਸੀਂ ਲੈ ਲਉ ਪਹਿਲਾਂ ਦਵਾਈ, ਮੈਂ ਤਾਂ ਕਿਸੇ ਨੂੰ ਉਡੀਕਦੀ ਹਾਂ।” ਉਹ ਜਦ ਵੀ ਆਉਂਦੀ, ਮੇਰਾ ਅਖੀਰਲਾ ਮਰੀਜ਼ ਉਹੀ ਹੁੰਦੀ।
ਇਸ ਦਾ ਕਾਰਨ ਇਹ ਸੀ ਕਿ ਉਸ ਕੋਲ ਆਪਣੀ ਬਿਮਾਰੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਾ ਭਾਰ ਹੁੰਦਾ ਜੋ ਉਸ ਨੇ ਮੇਰੇ ਨਾਲ ਸਾਂਝੀਆਂ ਕਰ ਕੇ ਆਪਣੇ ਮਨ ਦਾ ਬੋਝ ਹਲਕਾ ਕਰਨਾ ਹੁੰਦਾ। ਪਿਛਲੇ ਚਾਰ ਮਹੀਨਿਆਂ ਤੋਂ ਉਸ ਦਾ ਇਹੋ ਨੇਮ ਸੀ। ਹਰ ਹਫ਼ਤੇ ਜਾਂ ਪੰਦਰਾਂ ਦਿਨ ਮਗਰੋਂ ਉਸ ਨੇ ਆਉਣਾ ਹੀ ਹੁੰਦਾ ਸੀ। ਉਹ ਜਦ ਵੀ ਆਉਂਦੀ, ਆਪਣੇ ਮਨ ਦਾ ਭਾਰ ਜ਼ਰੂਰ ਹਲਕਾ ਕਰ ਜਾਂਦੀ, ਪਰ ਮੇਰੇ ਮਨ ਦਾ ਬੋਝ ਵਧਾ ਜਾਂਦੀ। ਜਿਹੜਾ ਸਵਾਲ ਉਹ ਮੇਰੇ ਲਈ ਛੱਡ ਜਾਂਦੀ ਸੀ, ਮੈਂ ਕਈ ਦਿਨ ਆਪਣੇ ਮਨ ਅੰਦਰ ਉਸ ਸਵਾਲ ਦੇ ਜਵਾਬ ਨਾਲ ਘੁਲਦੀ ਰਹਿੰਦੀ। ਇਹ ਪਹਿਲੀ ਵਾਰ ਸੀ ਕਿ ਮੈਨੂੰ ਕਿਸੇ ਮਰੀਜ਼ ਦਾ ਸਾਹਮਣਾ ਕਰਨਾ ਔਖਾ ਲੱਗਣ ਲੱਗ ਗਿਆ ਸੀ। ਅੰਦਰੋਂ ਮੈਂ ਚਾਹੁੰਦੀ ਸੀ ਕਿ ਉਹ ਮੇਰੇ ਕਲੀਨਿਕ ’ਤੇ ਨਾ ਆਇਆ ਕਰੇ। ਪਰ ਕੁਝ ਰਿਸ਼ਤੇਦਾਰੀ ਦਾ ਲਿਹਾਜ਼ ਤੇ ਕੁਝ ਉਸ ਦੀ ਮਾਨਸਿਕ ਹਾਲਤ ਨੂੰ ਵੇਖਦਿਆਂ ਮੈਂ ਕਦੇ ਆਪਣੀ ਬੇਰੁਖ਼ੀ ਉਸ ਅੱਗੇ ਜ਼ਾਹਰ ਨਹੀਂ ਸੀ ਹੋਣ ਦਿੱਤੀ।
ਅੱਜ ਫਿਰ ਆਪਣੀ ਬਿਮਾਰੀ ਬਾਰੇ ਸੰਖੇਪ ਜਿਹਾ ਦੱਸ ਕੇ ਦਵਾਈ ਲਿਖਾ ਕੇ, ਉਸ ਨੇ ਉਹੀ ਸਵਾਲ ਦਾਗ਼ ਦਿੱਤਾ ਜੋ ਮੈਨੂੰ ਬੇਚੈਨ ਕਰਦਾ ਰਹਿੰਦਾ ਸੀ, “ਤੂੰ ਗੱਲ ਕੀਤੀ ਸੀ ਉਹਦੇ ਨਾਲ?”
ਰਿਸ਼ਤੇ ਵਿੱਚ ਉਹ ਮੇਰੀ ਦੂਰ ਦੀ ਇੱਕ ਭੂਆ ਦੀ ਨਣਦ ਹੋਣ ਨਾਤੇ ਮੈਂ ਅਕਸਰ ਉਸ ਨੂੰ ਭੂਆ ਜੀ ਕਹਿੰਦੀ ਤੇ ਉਹ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਂਦੀ ਸੀ।
“ਨਹੀਂ ਭੂਆ ਜੀ! ਕਈ ਦਿਨ ਹੋ ਗਏ ਉਹ ਆਈ ਨਹੀਂ ਦਵਾਈ ਲੈਣ।”
ਮੈਂ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਬਹਾਨੇ ਨਾਲ ਇਸ ਵਾਰਤਾਲਾਪ ਨੂੰ ਟਾਲ ਦੇਣਾ ਚਾਹੁੰਦੀ ਸਾਂ।
“ਮੇਰੀ ਬੀਬੀ ਧੀ! ਜੇ ਉਹ ਆਈ ਤਾਂ ਇੱਕ ਵਾਰ ਜ਼ਰੂਰ ਗੱਲ ਕਰੀਂ। ਫੇਰ ਮੈਨੂੰ ਦੱਸੀਂ ਕਿ ਕੀ ਆਖਦੀ ਏ?” ਉਸ ਨੇ ਤਰਲਾ ਕਰਨ ਵਾਂਗ ਆਖਿਆ। ਮੇਰਾ ਕਲੀਨਿਕ ਬੰਦ ਕਰਨ ਦਾ ਸਮਾਂ ਹੋ ਗਿਆ ਸੀ। ਸਟਾਫ ਨੂੰ ਕਲੀਨਿਕ ਬੰਦ ਕਰਨ ਦੀ ਤਿਆਰੀ ਕਰਦਿਆਂ ਦੇਖ ਉਹਦੇ ਕੋਲ ਰੁਕਣ ਦਾ ਕੋਈ ਬਹਾਨਾ ਨਹੀਂ ਸੀ ਰਿਹਾ ਤੇ ਉਸ ਨੂੰ ਜਾਣਾ ਪਿਆ।
ਪਰ ਕਲੀਨਿਕ ਤੋਂ ਘਰ ਤੱਕ ਦੇ ਸਫ਼ਰ ਦੌਰਾਨ ਫਿਰ ਉਸ ਦਾ ਸਵਾਲ ਕਿਸੇ ਬੋਝ ਦੀ ਤਰ੍ਹਾਂ ਮੇਰੇ ਮਨ ’ਤੇ ਹਾਵੀ ਹੋਇਆ ਰਿਹਾ। ਅੱਜ ਤੋਂ ਕੋਈ ਸੱਤ ਕੁ ਮਹੀਨੇ ਪਹਿਲਾਂ ਉਸ ਦੀ ਲਾਡਾਂ ਨਾਲ ਪਾਲੀ ਇੱਕੋ-ਇੱਕ ਧੀ ਨੇ ਇਸੇ ਪਿੰਡ, ਜਿੱਥੇ ਮੇਰਾ ਕਲੀਨਿਕ ਸੀ, ਦੇ ਆਮ-ਸਾਧਾਰਨ ਘਰ ਦੇ ਮੁੰਡੇ ਨਾਲ ਘਰਦਿਆਂ ਤੋਂ ਚੋਰੀਂ ਪ੍ਰੇਮ ਵਿਆਹ ਕਰਵਾ ਲਿਆ ਸੀ। ਉਸ ਦਾ ਆਪਣਾ ਪਿੰਡ ਇਸ ਪਿੰਡ ਤੋਂ 13 ਕਿਲੋਮੀਟਰ ਦੂਰ ਸੀ। ਮੁੰਡਾ ਸੀ ਤਾਂ ਭਾਵੇਂ ਜ਼ਿੰਮੀਦਾਰਾਂ ਦਾ, ਪਰ ਦੋਵਾਂ ਖਾਨਦਾਨਾਂ ਵਿੱਚ ਜ਼ਮੀਨ-ਜਾਇਦਾਦ ਪੱਖੋਂ ਬਹੁਤ ਵੱਡਾ ਪਾੜਾ ਸੀ। ਉੱਤੋਂ ਉਹ ਮੁੰਡਾ ਬੱਸ ਮੈਟ੍ਰਿਕ ਪਾਸ ਸੀ ਤੇ ਲੜਕੀ ਬੀ.ਐੱਸ-ਸੀ (ਫਾਈਨਲ) ਕਰ ਰਹੀ ਸੀ। ਅਕਸਰ ਉਹ ਵੀ ਉਸੇ ਬੱਸ ਵਿੱਚ ਪੜ੍ਹਨ ਜਾਇਆ ਕਰਦੀ ਸੀ ਜਿਸ ’ਤੇ ਉਹ ਮੁੰਡਾ ਇੱਕ ਕਿਰਾਏ ਦੀ ਦੁਕਾਨ ’ਤੇ ਮੋਟਰ ਸਾਈਕਲ ਮਕੈਨਿਕ ਦੇ ਤੌਰ ’ਤੇ ਕੰਮ ਕਰਨ ਜਾਇਆ ਕਰਦਾ ਸੀ।
ਸੁਰਜੀਤ ਕੌਰ ਵੱਡੇ ਜ਼ਿੰਮੀਦਾਰਾਂ ਦੀ ਛੋਟੀ ਨੂੰਹ ਸੀ। ਹੱਥਾਂ ਦੀ ਸਚਿਆਰੀ ਤੇ ਨਿਮਰ ਸੁਭਾਅ ਦੀ ਹੋਣ ਦੇ ਬਾਵਜੂਦ ਆਪਣੇ ਕਣਕਵੰਨੇ ਰੰਗ ਤੇ ਸਾਧਾਰਨ ਨੈਣ ਨਕਸ਼ਾਂ ਕਾਰਨ ਸਹੁਰੇ ਪਰਿਵਾਰ ਵਿੱਚ ਉਹ ਮਾਣ-ਤਾਣ ਹਾਸਲ ਨਾ ਕਰ ਸਕੀ ਜੋ ਉਸ ਦੀ ਗੋਰੇ ਗੁਲਾਬੀ ਰੰਗ ਦੀ ਤੇਜ਼ ਤਰਾਰ ਜੇਠਾਣੀ ਨੂੰ ਮਿਲਦਾ ਸੀ।
ਸਾਂਝੇ ਘਰ ਵਿੱਚ ਦੋ ਧੀਆਂ ਤੇ ਇੱਕ ਪੁੱਤਰ ਦੀ ਮਾਂ ਜੇਠਾਣੀ ਸ਼ੁਰੂ ਤੋਂ ਹੀ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ ਸੀ। ਉਹ ਆਪਣੇ ਹੁਸਨ ਦੇ ਸਿਰ ’ਤੇ ਰਾਜ ਕਰਦੀ ਸੀ। ਇਸ ਲਈ ਸਾਰੇ ਘਰ ਦੇ ਕੰਮ ਦਾ ਬੋਝ ਪਤਾ ਨਹੀਂ ਕਿ ਉਸ ਨੇ ਵਿਆਹੀ ਆਈ ਸੁਰਜੀਤ ਕੌਰ ਦੇ ਸਿਰ ਪਾ ਦਿੱਤਾ ਸੀ ਜਾਂ ਫਿਰ ਇਸ ਨੇ ਖ਼ੁਦ ਹੀ ਆਪਣੇ ਰੂਪ ਦੇ ਕੱਜ ਨੂੰ ਲੁਕਾਉਣ ਲਈ ਆਪਣੇ ਸਿਰ ਲੈ ਲਿਆ ਸੀ।
ਉਸ ਦਾ ਪਤੀ ਗੁਰਦੇਵ ਸਿੰਘ ਵੀ ਅਕਸਰ ਆਪਣੀ ਭਾਬੀ ਦੇ ਹੀ ਗੁਣ ਗਾਉਂਦਾ ਰਹਿੰਦਾ ਸੀ। ਉਸ ਦੇ ਦੱਸਣ ਅਨੁਸਾਰ ਜਦ ਵਿਆਹ ਤੋਂ ਡੇਢ ਸਾਲ ਬਾਅਦ ਉਸ ਨੂੰ ਆਪਣੇ ਗਰਭਵਤੀ ਹੋ ਜਾਣ ਬਾਰੇ ਪਤਾ ਲੱਗਾ ਸੀ ਤਾਂ ਉਸ ਨੂੰ ਪਹਿਲੀ ਵਾਰ ਇਸ ਘਰ ਵਿੱਚ ਆਪਣੀ ‘ਜੜ੍ਹ’ ਲੱਗਦੀ ਮਹਿਸੂਸ ਹੋਈ ਸੀ। ਜਦੋਂ ਉਸ ਦੀ ਸੱਸ ਨੇ ਕਿਹਾ ਸੀ ਕਿ ਧੀਏ ਹੁਣ ਤੂੰ ਭਾਰੀ ਬਾਲਟੀ ਨਹੀਂ ਚੁੱਕਣੀ ਤੇ ਪੈਰਾਂ ਭਾਰ ਬਹਿ ਕੇ ਭਾਂਡੇ ਨਹੀਂ ਮਾਂਜਣੇ ਤਾਂ ਸੁਰਜੀਤ ਕੌਰ ਮਨ ਹੀ ਮਨ ਹੋਣ ਵਾਲੇ ਬੱਚੇ ਦੀ ਧੰਨਵਾਦੀ ਹੋਈ ਸੀ। ਪਹਿਲੀ ਵਾਰ ਉਸ ਨੂੰ ਗੁਰਦੇਵ ਸਿੰਘ ਤੇ ਉਸ ਦਾ ਘਰ-ਬਾਰ ਆਪਣਾ-ਆਪਣਾ ਲੱਗਿਆ ਸੀ। ਗੁਰਦੁਆਰੇ ਜਾ ਕੇ ਉਸ ਨੇ ਸ਼ੁਕਰਾਨੇ ਵਜੋਂ ਦੇਗ ਕਰਵਾਈ ਸੀ।
ਉਸ ਦੇ ਮੂੰਹੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਅਕਸਰ ਸੋਚਿਆ ਕਰਦੀ ਸੀ ਕਿ ਇਹ ਵੀ ਸਾਡੇ ਸਮਾਜ ਦੀ ਤ੍ਰਾਸਦੀ ਹੈ ਕਿ ਪੜ੍ਹ-ਲਿਖ ਨਾ ਸਕਣ ਵਾਲੀਆਂ ਔਰਤਾਂ ਦਾ ਆਪਣਾ ਕੋਈ ਅਸਤਿਤਵ ਹੀ ਨਹੀਂ। ਸਹੁਰੇ ਘਰ ਵਿੱਚ ਤਦ ਤੱਕ ਉਸ ਨੂੰ ਪਰਾਈ ਹੀ ਸਮਝਿਆ ਜਾਂਦਾ ਹੈ, ਜਦ ਤੱਕ ਉਹ ਉਸ ਘਰ ਨੂੰ ਉਸ ਦਾ ਵਾਰਸ ਨਾ ਦੇ ਸਕੇ। ਉਸ ਤੋਂ ਬਾਅਦ ਵੀ ਉਸ ਦੀ ਪਛਾਣ ਉਸ ਵਾਰਸ ਦੀ ਮਾਂ ਵਜੋਂ ਹੀ ਹੁੰਦੀ ਹੈ। ...ਤੇ ਸੁਰਜੀਤ ਕੌਰ ਵਰਗੀ ਭੋਲ਼ੀ ਔਰਤ ਆਪਣੀ ਅਜਿਹੀ ਹੋਣੀ ਨੂੰ ਬਿਨਾ ਕਿਸੇ ਬਗ਼ਾਵਤ ਦੇ ਸਹਿਜ ਮਨ ਨਾਲ ਸਵੀਕਾਰ ਕਰ ਲੈਂਦੀ ਹੈ।
ਆਪਣੇ ਨਵਜੰਮੇ ਪੁੱਤਰ ਨੂੰ ਗੋਦੀ ’ਚ ਲੈ ਕੇ ਗੁਰਦੇਵ ਸਿੰਘ ਨੇ ਖ਼ੁਸ਼ੀ ਦੇ ਲੋਰ ਵਿੱਚ ਪੰਜ ਸੌ ਦਾ ਨੋਟ ਬੱਚੇ ਦੇ ਸਿਰ ਉੱਤੋਂ ਦੀ ਵਾਰ ਕੇ ਦਾਈ ਦੇ ਹੱਥ ਫੜਾਇਆ ਤਾਂ ਸੁਰਜੀਤ ਕੌਰ ਨੂੰ ਲੱਗਿਆ ਕਿ ਉਸ ਦੇ ਜੀਵਨ ਦਾ ਬੂਟਾ ਹੁਣ ਹਰਿਆ ਭਰਿਆ ਹੋ ਗਿਆ ਹੈ। ਦੋ ਸਾਲ ਬਾਅਦ ਜਨਮੀ ਰਮਨ ਦਾ ਵੀ ਪਰਿਵਾਰ ਵਾਲਿਆਂ ਨੇ ਬਹੁਤ ਚਾਅ ਕੀਤਾ ਸੀ। ਇਸ ਤਰ੍ਹਾਂ ਸਾਂਝੇ ਪਰਿਵਾਰ ਦਾ ਸਾਂਝਾ ਚੁੱਲ੍ਹਾ ਬਲ਼ਦਾ ਰਿਹਾ। ਬਾਕੀ ਸਭ ਕੁਝ ਠੀਕ ਸੀ, ਪਰ ਚੁਸਤ ਚਲਾਕ ਜੇਠਾਣੀ ਕਦੇ ਵੀ ਸੁਰਜੀਤ ਕੌਰ ਤੇ ਉਹਦੇ ਬੱਚਿਆਂ ਦੀ ਛੋਟੀ ਮੋਟੀ ਗ਼ਲਤੀ ’ਤੇ ਬਖੇੜਾ ਖੜ੍ਹਾ ਕਰਨ ਦਾ ਕੋਈ ਮੌਕਾ ਵੀ ਹੱਥੋਂ ਨਾ ਜਾਣ ਦਿੰਦੀ। ਮਾਂ ਵਾਂਗੂੰ ਦੋਵੇਂ ਬੱਚੇ ਵੀ ਅਕਸਰ ਤਾਈ ਦੇ ਝਿੜਕੇ ਦਾ ਗੁੱਸਾ ਅੰਦਰੋ-ਅੰਦਰੀ ਪੀ ਜਾਣ ਦੇ ਆਦੀ ਹੋ ਗਏ। ਜੇਠਾਣੀ ਦੇ ਵੱਡੇ ਪੁੱਤਰ ਦੇ ਕੈਨੇਡਾ ਚਲੇ ਜਾਣ ਤੋਂ ਬਾਅਦ ਦੋਵਾਂ ਧੀਆਂ ਦੇ ਰਿਸ਼ਤੇ ਚੰਗੇ ਅਮੀਰ ਘਰਾਂ ਵਿੱਚ ਹੋ ਗਏ। ਇੱਕ ਦਾ ਵੱਡੇ ਸ਼ਹਿਰ ਵਿੱਚ ਤੇ ਦੂਸਰੀ ਦਾ ਬਾਹਰਲੇ ਮੁਲਕ ਗਏ ਮੁੰਡੇ ਨਾਲ। ਦੋਵਾਂ ਧੀਆਂ ਦੇ ਵਿਆਹ ’ਤੇ ਖੁੱਲ੍ਹਾ ਖਰਚਾ ਕੀਤਾ ਗਿਆ। ਦਹੇਜ ਵਿੱਚ ਹੋਰ ਚੀਜ਼ਾਂ ਦੇ ਨਾਲ-ਨਾਲ ਦੋਵਾਂ ਨੂੰ ਗੱਡੀਆਂ ਵੀ ਦਿੱਤੀਆਂ ਗਈਆਂ।
ਰਮਨ ਵੀ ਆਪਣੀ ਮਾਂ ਵਾਂਗ ਹੀ ਕਣਕਵੰਨੇ ਰੰਗ ਦੀ ਸੀ, ਪਰ ਤਾਏ ਦੀਆਂ ਧੀਆਂ ਦੀ ਰੀਸੇ ਬਣ-ਠਣ ਕੇ ਰਹਿਣ ਦੀ ਸ਼ੌਕੀਨ ਸੀ। ਸੁਰਜੀਤ ਕੌਰ ਯਾਦ ਕਰਦੀ ਕਿ ਕਿਵੇਂ ਵੱਡੀ ਭੈਣ ਦੇ ਸ਼ਗਨ ’ਤੇ ਜਿਹੜੀ ਮਹਿੰਗੀ ਤੇ ਸਲਮੇ-ਸਿਤਾਰਿਆਂ ਵਾਲੀ ਚੁੰਨੀ ਉਹਦੇ ਸਹੁਰਿਆਂ ਨੇ ਦਿੱਤੀ ਸੀ, ਰਮਨ ਵੀ ਜ਼ਿੱਦ ਕਰ ਕੇ ਉਹੋ ਜਿਹੀ ਚੁੰਨੀ ਤਹਿਸੀਲ ਬਜ਼ਾਰ ਵਿੱਚੋ ਖ਼ਰੀਦ ਕੇ ਲਿਆਈ ਸੀ। ਸੰਧੂਰੀ ਰੰਗੀ ਉਸ ਚੁੰਨੀ ਦੇ ਕਨਿਾਰੇ ਗੋਟੇ ਦੀ ਝਾਲਰ, ਵਿਚਕਾਰ ਗੋਟਾ ਪੱਤੀ ਦੀ ਕਢਾਈ ਤੇ ਵਿੱਚ ਵਿੱਚ ਸਿਤਾਰਿਆਂ ਦੀ ਜੜਤ ਸੀ। ਮੱਖਣ ਵਰਗੇ ਰੰਗ ਵਾਲੀ ਉਸ ਦੇ ਤਾਏ ਦੀ ਧੀ ਦੇ ਸਿਰ ’ਤੇ ਜਿਉਂ ਹੀ ਉਹ ਚੁੰਨੀ ਦਿੱਤੀ ਗਈ ਤਾਂ ਉਹਦਾ ਰੰਗ ਵੀ ਸੰਧੂਰੀ ਭਾਹ ਮਾਰਨ ਲੱਗ ਗਿਆ ਸੀ।
ਬੱਸ ਉਸੇ ਦਿਨ ਤੋਂ ਰਮਨ ਨੇ ਉਹਦੇ ਨਾਲ ਦੀ ਚੁੰਨੀ ਖ਼ਰੀਦਣ ਦੀ ਜ਼ਿੱਦ ਫੜ ਲਈ ਸੀ। ਸੁਰਜੀਤ ਕੌਰ ਨੇ ਰਮਨ ਨੂੰ ਬੜਾ ਸਮਝਾਇਆ ਸੀ, “ਕੁਆਰੀਆਂ ਕੁੜੀਆਂ ਏਨੀ ਭਾਰੀ ਚੁੰਨੀ ਨਹੀਂ ਲੈਂਦੀਆਂ ਹੁੰਦੀਆਂ। ਨਾਲੇ ਤੇਰੀ ਤਾਈ ਗੁੱਸਾ ਕਰੂਗੀ, ਕਹੂਗੀ ਕਿ ਮੇਰੀ ਕੁੜੀ ਦੀ ਰੀਸ ਕਰਦੀ ਐ।”
ਰਮਨ ਦੀ ਇਹ ਜ਼ਿੱਦ ਮਾਂ ਨੇ ਇਸ ਸ਼ਰਤ ’ਤੇ ਪੂਰੀ ਕੀਤੀ ਕਿ ਉਹ ਇਹ ਚੁੰਨੀ ਆਪਣੇ ਵਿਆਹ ਤੋਂ ਪਹਿਲਾਂ ਆਪਣੇ ਸਿਰ ’ਤੇ ਨਹੀਂ ਲਵੇਗੀ। ਉਹ ਚੁੰਨੀ ਉਸ ਦੇ ਦਾਜ ਵਾਲੇ ਅਟੈਚੀ ਵਿੱਚ ਰੱਖਣ ਲਈ ਲੈ ਲਈ ਗਈ। ਕਈ ਵਾਰ ਚੋਰੀ ਚੋਰੀ ਰਮਨ ਉਸ ਚੁੰਨੀ ਨੂੰ ਲੈ ਕੇ ਸ਼ੀਸ਼ੇ ਵਿੱਚ ਵੇਖਦੀ ਤੇ ਫਿਰ ਸੰਗ ਕੇ ਤਹਿ ਲਾ ਕੇ ਮਾਂ ਦੀ ਅਲਮਾਰੀ ਵਿੱਚ ਰੱਖ ਦਿੰਦੀ। ਸੁਰਜੀਤ ਕੌਰ ਉਸ ਨੂੰ ਵੇਖ ਕੇ ਵੀ ਹੱਸ ਕੇ ਇਹ ਕਹਿੰਦਿਆਂ ਅਣਗੌਲਿਆਂ ਕਰ ਛੱਡਦੀ ਕਿ ਕੱਚੀਆਂ ਕੁਆਰੀਆਂ ਰੀਝਾਂ ਏਦਾਂ ਦੀਆਂ ਹੀ ’ਤੇ ਹੁੰਦੀਆਂ ਹਨ।
ਬੀ.ਐੱਸਸੀ ਕਰਦਿਆਂ, ਬੱਸ ਦੇ ਸਫ਼ਰ ਦੌਰਾਨ ਇੱਕ ਮੁੰਡੇ ਨਾਲ ਰਮਨ ਦੀ ਸਾਂਝ ਬਾਰੇ ਉਸ ਦੀ ਇੱਕ ਸਹੇਲੀ ਨੇ ਘਰ ਆ ਕੇ ਸੁਰਜੀਤ ਕੌਰ ਨੂੰ ਦੱਸਿਆ ਸੀ। ਉਸ ਨੂੰ ਲੱਗਿਆ ਸੀ ਜਿਵੇਂ ਉਸ ਦੇ ਸਿਰ ਕਿਸੇ ਨੇ ਸੌ ਘੜਾ ਪਾਣੀ ਦਾ ਪਾ ਦਿੱਤਾ ਹੋਵੇ। ਘਬਰਾਈ ਹੋਈ ਸੁਰਜੀਤ ਕੌਰ ਨੇ ਰਮਨ ਨੂੰ ਅੰਦਰ ਵਾੜ ਕੇ ਕਿੰਨਾ ਸਮਝਾਇਆ ਸੀ। ਪਿਓ ਤੇ ਭਰਾ ਦੀ ਇੱਜ਼ਤ ਦਾ ਵਾਸਤਾ ਪਾ ਕੇ ਰਮਨ ਨੂੰ ਮੂੰਹ ’ਤੇ ਚੁੱਪ ਦਾ ਜਿੰਦਰਾ ਲਗਾ ਲੈਣ ਦਾ ਤਰਲਾ ਕੀਤਾ ਸੀ। ਸੁਰਜੀਤ ਕੌਰ ਦੇ ਦੱਸਣ ਅਨੁਸਾਰ, ਪਰ ਉਹ ਚੰਦਰੀ ਪਤਾ ਨਹੀਂ ਕਿਉਂ ਏਨੀ ਨਿਰਮੋਹੀ ਹੋ ਗਈ ਸੀ ਕਿ ਇੱਕ ਦਿਨ ਘਰੋਂ ਕਾਲਜ ਗਈ ਵਾਪਸ ਹੀ ਨਾ ਆਈ। ਦੋ ਤਿੰਨ ਦਿਨ ਘਰ ਦੇ ਖੱਜਲ-ਖੁਆਰ ਹੁੰਦੇ ਰਹੇ। ਸੁਰਜੀਤ ਕੌਰ ਸਮਝ ਤਾਂ ਗਈ ਸੀ ਕਿ ਉਹ ਕਿੱਥੇ ਗਈ ਹੋ ਸਕਦੀ ਹੈ, ਪਰ ਉਹ ਤਾਂ ਜਿਵੇਂ ਪੱਥਰ ਹੀ ਹੋ ਗਈ ਸੀ। ਘਰ ਵਿੱਚ ਕਿਸੇ ਨੂੰ ਵੀ ਉਹ ਆਪਣੇ ਮਨ ਦੇ ਸ਼ੱਕ ਬਾਰੇ ਦੱਸਣ ਦਾ ਹੀਆ ਨਾ ਕਰ ਸਕੀ। ਉਸ ਨੇ ਸੋਚਿਆ ਨਹੀਂ ਸੀ ਕਿ ਰਮਨ ਕਦੇ ਇੰਝ ਵੀ ਕਰ ਸਕਦੀ ਹੈ।
ਚੌਥੇ ਦਿਨ ਕਿਸੇ ਤੋਂ ਖ਼ਬਰ ਮਿਲੀ ਸੀ ਕਿ ਰਮਨ ਨੇ ਉਸ ਮੁੰਡੇ ਨਾਲ ਵਿਆਹ ਕਰਾ ਲਿਆ ਹੈ। ਪਰ ਉਹ ਇਨ੍ਹਾਂ ਪਿੰਡਾਂ ਤੋਂ ਦੂਰ ਕਿਤੇ ਗੁੰਮਨਾਮ ਰਹਿ ਰਹੇ ਸਨ। ਉਸ ਮੁੰਡੇ ਨੇ ਪੁਲੀਸ ਦੀ ਸੁਰੱਖਿਆ ਲੈ ਲਈ ਸੀ। ਰਮਨ ਦੇ ਘਰਵਾਲਿਆਂ ਨੇ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਮੁੰਡੇ ਵਾਲਿਆਂ ਦੇ ਘਰ ਤੱਕ ਵੀ ਪਹੁੰਚ ਕੀਤੀ, ਪਰ ਕਾਨੂੰਨੀ ਦਖਲਅੰਦਾਜ਼ੀ ਦੀ ਵਜ੍ਹਾ ਕਰਕੇ ਹੁਣ ਕੁਝ ਵੀ ਨਹੀਂ ਸੀ ਹੋ ਸਕਦਾ, ਸਿਵਾਏ ਦੋਵਾਂ ਪਾਸਿਆਂ ਦੇ ਬੋਲ ਬੁਲਾਰੇ ਦੇ।
ਸੁਰਜੀਤ ਕੌਰ ਲਈ ਇਹ ਸਦਮਾ ਅਸਹਿ ਸੀ। ਉਸ ਦਾ ਜੀਅ ਕਰਦਾ ਕਿ ਧਰਤੀ ਫ਼ਟ ਜਾਵੇ ਤੇ ਉਹ ਉਹਦੇ ਵਿੱਚ ਹੀ ਕਿਤੇ ਗ਼ਰਕ ਜਾਵੇ। ਉੱਤੋਂ ਉਸ ਦੀ ਜੇਠਾਣੀ ਨੇ ਉਸ ਦਾ ਜਿਉਣਾ ਮੁਹਾਲ ਕਰ ਛੱਡਿਆ ਸੀ। ਉਸ ਨੇ ਸਾਰੇ ਪਰਿਵਾਰ ਦੇ ਸਾਹਮਣੇ ਦੱਸਿਆ ਕਿ ਸ਼ੱਕ ਤਾਂ ਉਸ ਨੂੰ ਬਹੁਤ ਸਮੇਂ ਤੋਂ ਸੀ ਪਰ ਉਸ ਦੀ ਮਾਂ ਕਦੇ ਪੈਰਾਂ ’ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦੀ। ਕਿਹੜਾ ਮੰਦਾ ਬੋਲ ਸੀ ਜਿਹੜਾ ਉਸ ਨੇ ਸੁਰਜੀਤ ਕੌਰ ਨੂੰ ਨਹੀਂ ਸੀ ਬੋਲਿਆ। ਇੱਕ ਦਿਨ ਤਾਂ ਖ਼ਬਰ ਲੈਣ ਆਏ ਮਹਿਮਾਨਾਂ ਦੇ ਸਾਹਮਣੇ ਉਸ ਨੇ ਮੂੰਹ ਭਰ ਕੇ ਇੱਥੋਂ ਤੱਕ ਆਖ ਦਿੱਤਾ, “ਭੈਣ ਜੀ! ਦੁੱਧਾਂ ’ਤੇ ਹੀ ਬੁੱਧਾਂ ਜਾਂਦੀਆਂ ਹਨ। ਆਖੇਂ ਕਿਤੇ ਮੇਰੀਆਂ ਧੀਆਂ ਨੇ ਅੱਖ ਚੁੱਕ ਕੇ ਵੀ ਕਿਸੇ ਵੱਲ ਵੇਖਿਆ ਹੋਵੇ। ਅੱਜ ਰਾਣੀਆਂ ਬਣ ਕੇ ਰਾਜ ਕਰਦੀਆਂ ਨੇ ਆਪੋ ਆਪਣੇ ਘਰੀਂ।” ਉਸ ਦੀ ਜੇਠਾਣੀ ਦਾ ਇਲਾਜ ਵੀ ਮੇਰੇ ਕੋਲੋਂ ਹੀ ਚੱਲਦਾ ਸੀ। ਮੈਨੂੰ ਵੀ ਸਭ ਤੋਂ ਪਹਿਲਾਂ ਉਹੀ ਦੱਸ ਕੇ ਗਈ ਸੀ ਕਿ ਤੁਹਾਨੂੰ ਕੁਝ ਪਤਾ ਲੱਗਾ, ਰਮਨ ਨੇ ਕੀ ਚੰਦ ਚੜ੍ਹਾਇਆ ਹੈ? ਦਵਾਈ ਲੈਣ ਨਾਲੋਂ ਜ਼ਿਆਦਾ ਕਾਹਲੀ ਉਸ ਨੂੰ ਇਹ ਖ਼ਬਰ ਮੇਰੇ ਕੰਨਾਂ ਵਿੱਚ ਪਾ ਦੇਣ ਦੀ ਸੀ।
ਸੁਰਜੀਤ ਕੌਰ ਗਿੱਲੇ ਗੋਹੇ ਵਾਂਗ ਅੰਦਰੋਂ ਅੰਦਰੀ ਧੁਖ਼ਦੀ ਰਹਿੰਦੀ। ਜਦ ਜੀਅ ਕਰਦਾ ਧਾਹਾਂ ਮਾਰ ਕੇ ਰੋ ਲੈਂਦੀ। ਗੁਰਦੇਵ ਸਿੰਘ ਵੀ ਉਸੇ ਦੇ ਲਾਡ ਪਿਆਰ ਨੂੰ ਇਸ ਸਭ ਕਾਸੇ ਲਈ ਜ਼ਿੰਮੇਵਾਰ ਸਮਝਦਾ ਸੀ। ਮਹੀਨਾ ਡੇਢ ਮਹੀਨਾ ਤਾਂ ਉਹ ਘਰੋਂ ਬਾਹਰ ਹੀ ਨਾ ਨਿਕਲੀ, ਉਸ ਨੂੰ ਲੱਗਦਾ ਜਿਵੇਂ ਹਰ ਕਿਸੇ ਦੀਆਂ ਨਜ਼ਰਾਂ ਉਸ ਨੂੰ ਹੀ ਸਵਾਲ ਕਰਦੀਆਂ ਹੋਣ।
ਫਿਰ ਇੱਕ ਦਿਨ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਕਿ ਉਹ ਮੇਰੇ ਕੋਲ ਆਈ। ਪਹਿਲਾਂ ਵੀ ਅਕਸਰ ਉਹ ਕਿਸੇ ਨਾ ਕਿਸੇ ਬਿਮਾਰੀ ਕਾਰਨ ਆਉਂਦੀ ਹੀ ਰਹਿੰਦੀ ਸੀ। ਪਰ ਇਸ ਵਾਰ ਤਾਂ ਮੇਰੇ ਸਾਹਮਣੇ ਬਹਿੰਦਿਆਂ ਹੀ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ। ਚੁੰਨੀ ਨਾਲ ਹੰਝੂ ਪੂੰਝਦਿਆਂ ਉਸ ਨੇ ਜਿੰਨੇ ਕੁ ਵੀ ਅਪਸ਼ਬਦ ਰਮਨ ਲਈ ਯਾਦ ਕੀਤੇ ਹੋਏ ਸੀ ਉਹ ਬੋਲੇ। ਬੜੀ ਮੁਸ਼ਕਿਲ ਨਾਲ ਪਿਆਰ ਨਾਲ ਸਮਝਾ ਬੁਝਾ ਕੇ, ਠੰਢਾ ਪਾਣੀ ਪਿਆ ਕੇ ਮੈਂ ਉਸ ਨੂੰ ਸ਼ਾਂਤ ਕੀਤਾ। ਉਸ ਦਿਨ ਤਾਂ ਮੈਂ ਉਸਦੀ ਮਾਨਸਿਕ ਹਾਲਤ ਨੂੰ ਸਥਿਰ ਕਰਨ ਲਈ, ਥੋੜ੍ਹੀ ਬਹੁਤ ਦਵਾਈ ਦਿੱਤੀ, ਪਰ ਇਹ ਗੱਲ ਭਲੀਭਾਂਤ ਉਹ ਵੀ ਜਾਣਦੀ ਸੀ ਤੇ ਮੈਂ ਵੀ ਕਿ ਉਸ ਦੇ ਦੁੱਖ ਦਾ ਇਲਾਜ ਦਵਾਈ ਨਹੀਂ ਸਗੋਂ ਸਾਡਾ ਆਪਸੀ ਵਾਰਤਾਲਾਪ ਸੀ।
ਥੋੜ੍ਹੇ ਦਿਨਾਂ ਬਾਅਦ ਜਦ ਉਹ ਦੁਬਾਰਾ ਆਈ ਤਾਂ ਮੇਰੇ ਕੋਲ ਉਸ ਨੂੰ ਦੇਣ ਲਈ ਖ਼ਬਰ ਸੀ ਕਿ ਰਮਨ ਤੇ ਉਸ ਦਾ ਪਤੀ ਵਾਪਸ ਇਸੇ ਪਿੰਡ ਆਪਣੇ ਪਰਿਵਾਰ ਵਿੱਚ ਆ ਗਏ ਸਨ ਤੇ ਉਸ ਦੇ ਸਹੁਰੇ ਪਰਿਵਾਰ ਨੇ ਇਸ ਵਿਆਹ ਨੂੰ ਕਬੂਲ ਕਰ ਲਿਆ ਸੀ। ਮੇਰੀ ਸਹਾਇਕ ਦਾ ਘਰ ਰਮਨ ਦੇ ਸਹੁਰੇ ਘਰ ਦੇ ਨੇੜੇ ਹੀ ਪੈਂਦਾ ਸੀ। ਇਹ ਖ਼ਬਰ ਸੁਣ ਕੇ ਉਸ ਦੇ ਦਿਲ ਨੂੰ ਕੁਝ ਧਰਵਾਸ ਹੋਇਆ। ਰਮਨ ਵੀ ਬਚਪਨ ਤੋਂ ਹੀ ਮੇਰੇ ਕੋਲੋਂ ਹੀ ਦਵਾਈ ਲੈਣਾ ਪਸੰਦ ਕਰਦੀ ਸੀ। ਇਸ ਲਈ ਸੁਰਜੀਤ ਕੌਰ ਨੂੰ ਆਸ ਸੀ ਕਿ ਹੁਣ ਵੀ ਕਦੇ ਲੋੜ ਪਈ ਤਾਂ ਉਹ ਮੇਰੇ ਕੋਲ ਹੀ ਆਵੇਗੀ। ਹਰ ਵਾਰ ਪੁੱਛਦੀ ਕਿ ਆਈ ਨਹੀਂ ਰਮਨ ਕਦੀ ਤੇਰੇ ਕੋਲ? ਉਹਦੇ ਮਨ ਵਿੱਚ ਰਮਨ ਲਈ ਜਿੰਨੀ ਕੁ ਵੀ ਕੌੜ ਕੁੜੱਤਣ ਸੀ, ਉਹ ਸ਼ਬਦਾਂ ਰਾਹੀਂ ਕੱਢ ਕੇ ਹੌਲੀ ਹੋ ਚੁੱਕੀ ਸੀ। ਹੁਣ ਉਹ ਜਦ ਵੀ ਆਉਂਦੀ ਰਮਨ ਦੀਆਂ ਗੱਲਾਂ ਯਾਦ ਕਰਦੀ ਤੇ ਮੇਰੀ ਸਹਾਇਕ ਕੋਲੋਂ ਉਸ ਦੀ ਖ਼ੈਰ ਸੁੱਖ ਪੁੱਛਦੀ ਰਹਿੰਦੀ। ਕਿਵੇਂ ਦੀ ਦਿਸਦੀ ਹੈ ਮੇਰੀ ਰਮਨ? ਹੱਥੀਂ ਚੂੜਾ ਤਾਂ ਪਾਇਆ ਹੋਣਾ ਉਸ ਨੇ? ਲੀੜਾ ਲੱਤਾ ਕਿਹੋ ਜਿਹਾ ਪਾਉਂਦੀ ਹੈ? ਸੱਸ ਤੇ ਨਣਦਾਂ ਕਿਹੋ ਜਿਹਾ ਵਿਹਾਰ ਕਰਦੀਆਂ ਉਸ ਨਾਲ? ਹੌਲੀ ਹੌਲੀ ਉਹ ਸਹਿਜ ਹੁੰਦੀ ਜਾਂਦੀ ਸੀ।
ਆਖ਼ਰ ਇੱਕ ਦਿਨ ਸੱਚਮੁੱਚ ਰਮਨ ਮੇਰੇ ਕਲੀਨਿਕ ’ਤੇ ਆਈ। ਪਹਿਲਾਂ ਤਾਂ ਉਹ ਕੁਝ ਘਬਰਾਈ ਤੇ ਸਹਿਮੀ ਜਿਹੀ ਮੇਰੇ ਨਾਲ ਸੰਖੇਪ ’ਚ ਹੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕਰਦੀ ਰਹੀ। ਮੈਂ ਤਾਂ ਉਸ ਨੂੰ ਕੀ ਕਹਿਣਾ ਸੀ ਤੇ ਨਾ ਕੁਝ ਕਹਿਣਾ ਬਣਦਾ ਹੀ ਸੀ, ਪਰ ਉਸ ਦੇ ਮਨ ਵਿੱਚ ਝਿਜਕ ਜ਼ਰੂਰ ਸੀ। ਜਦ ਉਸ ਨੇ ਮੈਨੂੰ ਸਹਿਜ ਵੇਖਿਆ ਤਾਂ ਜਾਣ ਲੱਗਿਆਂ ਇਹ ਪੁੱਛਦਿਆਂ ਉਸ ਦੀਆਂ ਅੱਖਾਂ ਭਰ ਆਈਆਂ ਕਿ ਮੇਰੀ ਮੰਮੀ ਦਾ ਕੀ ਹਾਲ ਹੈ?
ਫਿਰ ਇੱਕ ਦਿਨ ਆਈ ਤਾਂ ਮੈਂ ਉਸ ਦਾ ਦਿਲ ਫਰੋਲਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਸ ਸਭ ਕੁਝ ਵਿੱਚ ਮਾਪੇ ਛੁੱਟ ਜਾਣ ਦਾ ਦੁੱਖ ਤਾਂ ਸੀ, ਪਰ ਆਪਣੇ ਫ਼ੈਸਲੇ ’ਤੇ ਪਛਤਾਵਾ ਨਹੀਂ ਸੀ। ਉਸ ਦਾ ਕਹਿਣਾ ਸੀ ਕਿ ਇਹ ਵਿਆਹ ਇਸੇ ਤਰ੍ਹਾਂ ਹੀ ਹੋਣਾ ਸੀ, ਉਸ ਦੇ ਲੱਖ ਮਨਾਉਣ ’ਤੇ ਵੀ ਘਰਦਿਆਂ ਨੇ ਨਹੀਂ ਸੀ ਮੰਨਣਾ ਤੇ ਉਹ ਆਪਣੇ ਦਿਲ ਦੇ ਹੱਥੋਂ ਮਜਬੂਰ ਸੀ।
ਸੁਰਜੀਤ ਕੌਰ ਦੇ ਸਿੱਧਰੇ ਜਿਹੇ ਮਨ ਵਿੱਚ ਅਜੀਬ ਜਿਹੀ ਉਧੇੜ-ਬੁਣ ਚੱਲਦੀ ਰਹਿੰਦੀ। ਉਹ ਜਦ ਵੀ ਮੇਰੇ ਕੋਲ ਆਉਂਦੀ, ਮੈਨੂੰ ਕਹਿੰਦੀ, “ਤੂੰ ਭਲਾ ਗੱਲ ਤਾਂ ਕਰੀਂ ਉਹਦੇ ਨਾਲ। ਜੇ ਉਹ ਆਪਣੀ ਗ਼ਲਤੀ ਮੰਨ ਲਵੇ, ਆਖ ਦੇਵੇ ਕਿ ਇਹ ਮੁੰਡਾ ਤਾਂ ਮੈਨੂੰ ਵਰਗਲਾ ਕੇ ਲੈ ਆਇਆ ਸੀ। ਰਮਨ ਦੇ ਡੈਡੀ ਨੂੰ ਕਹਿ ਕੇ ਦੋਵਾਂ ਪਿੰਡਾਂ ਦੇ ਸਰਪੰਚਾਂ ਨੂੰ ਵਿੱਚ ਪਾ ਕੇ ਲਿਖ ਲਿਖਾ ਕਰ ਕੇ ਖਹਿੜਾ ਛੁਡਵਾ ਲਵਾਂਗੇ ਉਸ ਮੁੰਡੇ ਤੋਂ।’’ ਉਸ ਦਾ ਭੋਲਾ ਮਨ ਸਰਪੰਚਾਂ ਨੂੰ ਹੀ ਸੁਪਰੀਮ ਕੋਰਟ ਸਮਝੀ ਬੈਠਾ ਸੀ। ਮੇਰੇ ਲੱਖ ਸਮਝਾਉਣ ’ਤੇ ਵੀ ਕਿ ਜੇ ਇਹ ਮਾਮਲਾ ਅਦਾਲਤ ਵਿੱਚ ਵੀ ਲੈ ਜਾਓਗੇ ਤਾਂ ਵੀ ਬਾਲਗ ਹੋਣ ਕਰਕੇ ਇਸ ਰਿਸ਼ਤੇ ਵਿੱਚ ਦਖ਼ਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ, ਉਸ ਦੇ ਮਨ ਵਿੱਚੋਂ ਇਹ ਲਾਲਸਾ ਨਹੀਂ ਜਾਂਦੀ ਸੀ। ਉਸ ਨੇ ਅੱਗਿਓਂ ਕਹਿਣਾ ਕਿ ਅਦਾਲਤਾਂ ’ਚੋਂ ਕਿਹੜਾ ਕਿਸੇ ਨੇ ਵੇਖਣ ਆਉਣਾ ਹੈ। ਸਾਡੇ ਪਿੰਡਾਂ ’ਚ ਤਾਂ ਪੰਚਾਂ-ਸਰਪੰਚਾਂ ਦੀ ਹੀ ਚੱਲਣੀ ਹੈ ਜਨਿ੍ਹਾਂ ਦੇ ਅਸੀਂ ਨਿੱਤ ਮੂੰਹ ਮੱਥੇ ਲੱਗਣਾ। ਉਸ ਨੇ ਕਈ ਉਦਾਹਰਣਾਂ ਦੇਣੀਆਂ, “ਔਹ ਬਾਰੀਆਂ ਦੀ ਨੂੰਹ ਦੀ ਵੀ ਤਾਂ ਪੰਚਾਇਤ ਵਿੱਚ ਹੀ ਲਿਖਤ ਹੋ ਗਈ ਸੀ, ਅਦਾਲਤਾਂ ਨੂੰ ਕਿਹੜਾ ਪੁੱਛਦਾ ਇੱਥੇ!”
ਇੱਕ ਵਾਰ ਉਸ ਨੇ ਦੱਸਿਆ ਕਿ ਉਸ ਦਾ ਰਮਨ ਨੂੰ ਮਿਲਣ ਦਾ ਬੜਾ ਜੀ ਕਰਦਾ ਹੈ। ਪਰ ਘਰਦਿਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਜੇ ਉਸ ਨੇ ਕਦੇ ਰਮਨ ਨਾਲ ਕੋਈ ਸੰਪਰਕ ਰੱਖਣ ਦੀ ਕੋਸ਼ਿਸ਼ ਵੀ ਕੀਤੀ ਤਾਂ ਉਨ੍ਹਾਂ ਤੋਂ ਬੁਰਾ ਕੋਈ ਨਹੀਂ ਹੋਵੇਗਾ। ਚਾਹੁੰਦੀ ਹੋਈ ਵੀ ਉਹ ਮੇਰੇ ਕਲੀਨਿਕ ’ਤੇ ਸੱਦ ਕੇ ਉਸ ਨੂੰ ਮਿਲਣ ਦਾ ਹੀਆ ਨਾ ਕਰ ਸਕੀ ਕਿਉਂਕਿ ਉਸ ਦੇ ਪਿੰਡ ਦੇ ਹੋਰ ਲੋਕ ਵੀ ਉਸ ਦੇ ਹੁੰਦਿਆਂ ਹੀ ਕਈ ਵਾਰ ਮੇਰੇ ਕੋਲ ਆਉਂਦੇ ਰਹਿੰਦੇ। ਹਾਂ ਪਰ ਅਸੀਂ ਦੋਵਾਂ ਮਾਵਾਂ ਧੀਆਂ ਦਾ ਸੁੱਖ ਸੁਨੇਹਾ ਜ਼ਰੂਰ ਇੱਕ ਦੂਜੇ ਤੱਕ ਪਹੁੰਚਾ ਦਿੰਦੀਆਂ ਸੀ।
ਇਸ ਵਾਰ ਰਮਨ ਜਦ ਮੇਰੇ ਕੋਲ ਚੈੱਕਅੱਪ ਲਈ ਆਈ ਤਾਂ ਉਸ ਦੀਆਂ ਸਭ ਰਿਪੋਰਟਾਂ ਨਾਰਮਲ ਦੇਖ ਕੇ ਮੈਂ ਉਸ ਨੂੰ ਬਹੁਤੀ ਦਵਾਈ ਨਾ ਖਾਣ, ਜ਼ਰੂਰੀ ਪ੍ਰਹੇਜ਼ਾਂ ਤੇ ਖਾਣ-ਪੀਣ ਸਬੰਧੀ ਹਦਾਇਤਾਂ ਦੇ ਕੇ ਭੇਜਿਆ।
ਸੁਰਜੀਤ ਕੌਰ ਦਾ ਉਹੀ ਰੁਟੀਨ, ਹਰ ਬੁੱਧਵਾਰ ਦੇ ਬੁੱਧਵਾਰ। ਅੱਜ ਫਿਰ ਬੁੱਧਵਾਰ ਹੈ। ਫਿਰ ਤੋਂ ਦਵਾਈ ਲਿਖਾਉਣ ਤੋਂ ਬਾਅਦ ਉਹੀ ਸਵਾਲ: “ਤੂੰ ਭਲਾ ਗੱਲ ਕੀਤੀ ਸੀ ਉਹਦੇ ਨਾਲ?” ਪਰ ਇਸ ਵਾਰ ਉਹਦੇ ਆਪਣੇ ਹੀ ਸ਼ਬਦਾਂ ਵਿੱਚ ਦੇਣ ਲਈ ਮੇਰੇ ਕੋਲ ਉਸ ਦੀ ਗੱਲ ਦਾ ਜਵਾਬ ਸੀ। ਮੈਂ ਪਿਛਲੇ ਦੋ ਦਿਨਾਂ ਤੋਂ, ਜਦ ਦੀ ਰਮਨ ਮੇਰੇ ਕਲੀਨਿਕ ਤੋਂ ਹੋ ਕੇ ਗਈ ਸੀ, ਇਹੋ ਸੋਚ ਰਹੀ ਸਾਂ ਕਿ ਮੈਨੂੰ ਸੁਰਜੀਤ ਕੌਰ ਨਾਲ ਇਹ ਗੱਲ ਸਾਂਝੀ ਕਰਨੀ ਵੀ ਚਾਹੀਦੀ ਹੈ ਕਿ ਨਹੀਂ। ਆਪਣੇ ਮਨ ਦੀ ਆਵਾਜ਼ ਸੁਣ ਕੇ ਮੈਂ ਇਹ ਫ਼ੈਸਲਾ ਕਰ ਲਿਆ ਸੀ।
ਇਸ ਵਾਰ ਬਿਨਾ ਕਿਸੇ ਟਾਲ-ਮਟੋਲ ਦੇ ਮੈਂ ਕਿਹਾ, ‘‘ਭੂਆ ਜੀ? ਹੁਣ ਕੋਈ ਫ਼ਾਇਦਾ ਨਹੀਂ ਰਮਨ ਨਾਲ ਕੋਈ ਗੱਲ ਕਰਨ ਦਾ।’’
“ਕਿਉਂ, ਕੀ ਹੋਇਆ? ਸੁੱਖ ਤਾਂ ਹੈ ਨਾ?” ਸੁਰਜੀਤ ਕੌਰ ਨੇ ਅਚੰਭੇ ਜਿਹੇ ਨਾਲ ਮੇਰੇ ਵੱਲ ਵੇਖਿਆ।
“ਸੁੱਖ ਹੀ ਹੈ ਭੂਆ ਜੀ! ... ਹੁਣ ਤਾਂ ਰਮਨ ਦੀ ਜੜ੍ਹ ਲੱਗ ਚੁੱਕੀ ਹੈ ਉਸ ਘਰ ਵਿੱਚ।’’ ਇਸ ਤੋਂ ਬਾਅਦ ਨਾ ਮੇਰੇ ਕੋਲ ਕੋਈ ਗੱਲ ਸੀ ਉਸ ਨੂੰ ਕਹਿਣ ਵਾਸਤੇ ਤੇ ਨਾ ਹੀ ਉਹਦੇ ਕੋਲ। ਉਹ ਭਾਰੇ ਜਿਹੇ ਮਨ ਨਾਲ ਚਲੀ ਗਈ।
ਅਗਲੇ ਹੀ ਦਿਨ ਉਹ ਮੇਰੇ ਵੱਲੋਂ ਲਿਖੇ ਟੈਸਟਾਂ ਦੀ ਰਿਪੋਰਟ ਦਿਖਾਉਣ ਦੇ ਬਹਾਨੇ ਫਿਰ ਆ ਗਈ। ਜਾਂਦੀ ਹੋਈ ਨੇ ਆਪਣੇ ਥੈਲੇ ਵਿੱਚੋਂ ਇੱਕ ਪਾਰਦਰਸ਼ੀ ਲਿਫ਼ਾਫ਼ਾ ਕੱਢ ਕੇ ਮੇਰੇ ਵੱਲ ਵਧਾਉਂਦਿਆਂ ਕਿਹਾ ਕਿ ਆਹ ਰਮਨ ਨੂੰ ਦੇ ਦੇਵੀਂ ਮੇਰੇ ਵੱਲੋਂ। ਮੈਂ ਲਿਫ਼ਾਫ਼ੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਗੋਟੇਦਾਰ ਕਨਿਾਰੀ ਵਾਲੀ, ਗੋਟੇ ਪੱਤੀ ਦੀ ਕਢਾਈ ਵਾਲੀ ਸਿਤਾਰਿਆਂ ਜੜੀ ਸੰਧੂਰੀ ਚੁੰਨੀ ਦੇ ਨਾਲ 5100 ਰੁਪਏ ਦਾ ਸ਼ਗਨ ਵੀ ਸੀ।
ਸੁਰਜੀਤ ਕੌਰ ਨੇ ਜਾਂਦੇ ਜਾਂਦੇ ਇੱਕ ਵਾਰ ਪਿੱਛੇ ਮੁੜ ਕੇ ਵੇਖਿਆ ਤੇ ਮੈਨੂੰ ਆਖਿਆ, ‘‘ਉਂਝ ਤਾਂ ਤੂੰ ਆਪ ਸਿਆਣੀ ਹੈਂ, ਰਮਨ ਨੂੰ ਕਹੀਂ ਕਿ ਪੈਰਾਂ ਭਾਰ ਬਹਿ ਕੇ ਕੱਪੜੇ ਨਾ ਧੋਇਆ ਕਰੇ ਤੇ ਭਾਰੀ ਬਾਲਟੀ ਨਾ ਚੁੱਕਿਆ ਕਰੇ।”
ਈ-ਮੇਲ: dr.mandeeproy83@gmail.com