ਨਸਿ਼ਆਂ ਬਾਰੇ ਜਾਗਰੂਕਤਾ ’ਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ
ਪ੍ਰੋ. ਅਨਿਲ ਕਪੂਰ
ਨਸਿ਼ਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਿੱਖਿਆ ਮੁਹੱਈਆ ਕਰਨ ਵਿਚ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਬਚਪਨ ਅਤੇ ਜਵਾਨੀ ਜੀਵਨ ਦਾ ਰਚਨਾਤਮਕ ਦੌਰ ਹੁੰਦਾ ਹੈ; ਇਸ ਪੜਾਅ ’ਤੇ ਸਿੱਖਿਆ ਹੋਇਆ ਵਿਹਾਰ ਬੰਦੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਅਤੇ ਵਿਦਿਆਰਥੀਆਂ ਅੰਦਰ ਕਦਰਾਂ-ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਸਦਭਾਵਨਾ ਵਾਲੇ ਅਤੇ ਖੁਸ਼ਹਾਲ ਪਰਿਵਾਰ ਸਿਹਤਮੰਦ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ ਜਿਨ੍ਹਾਂ ਵਿਚ ਨਸ਼ਾਖੋਰੀ ਦਾ ਖ਼ਤਰਾ ਨਹੀਂ ਹੁੰਦਾ। ਸਮਰਪਿਤ ਅਧਿਆਪਕ ਸਕਾਰਾਤਮਕ ਰੋਲ ਮਾਡਲ ਅਤੇ ਸਕੂਲ ਦਾ ਸਿਹਤਮੰਦ ਮਾਹੌਲ ਵਿਦਿਆਰਥੀਆਂ ਵਿਚ ਨਸਿ਼ਆਂ ਦੀ ਵਰਤੋਂ ਦੀਆਂ ਘਟਨਾਵਾਂ ਘਟਾਉਂਦਾ ਹੈ।
ਕਮਿਊਨਿਟੀ ਮੈਡੀਸਨ ਵਿਭਾਗ ਅਤੇ ਸਕੂਲ ਆਫ ਪਬਲਿਕ ਹੈਲਥ, ਪੀਜੀਆਈ, ਚੰਡੀਗੜ੍ਹ ਦੇ ਡਾਕਟਰਾਂ ਦੇ ਤਾਜ਼ਾ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਚੰਡੀਗੜ੍ਹ ਵਿਚ ਹਰ ਚਾਰ ਵਿਚੋਂ ਇੱਕ ਕਿਸ਼ੋਰ ਸਿਗਰਟਨੋਸ਼ੀ, ਸ਼ਰਾਬ ਪੀਣ ਜਾਂ ਨਸਿ਼ਆਂ ਵਿਚ ਫਸਿਆ ਹੋਇਆ ਹੈ। ਇਹ ਅਧਿਐਨ ਕੌਮਾਂਤਰੀ ‘ਜਰਨਲ ਆਫ ਸਬਸਟੈਂਸ ਯੂਜ਼’ ਵਿਚ ਪ੍ਰਕਾਸਿ਼ਤ ਹੋਇਆ ਹੈ। ਇਸ ਵਿਚ 13 ਤੋਂ 19 ਸਾਲ ਉਮਰ ਵਾਲੇ ਸਕੂਲ ਜਾਣ ਵਾਲੇ ਬੱਚਿਆਂ ਅਤੇ ਸਕੂਲ ਛੱਡਣ ਵਾਲੇ, ਦੋਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦਾ ਸਭ ਤੋਂ ਵੱਧ ਰੁਝਾਨ ਸਕੂਲ ਛੱਡਣ ਵਾਲਿਆਂ ਵਿਚ ਆਇਆ; 13 ਤੋਂ 15 ਸਾਲ ਉਮਰ ਦੇ ਸਕੂਲ ਜਾਣ ਵਾਲਿਆਂ ਵਿਚ ਨਸ਼ੇ ਦੀ ਵਰਤੋਂ ਆਮ ਸੀ।
ਨਸ਼ੇ ਦੀ ਵਰਤੋਂ ਕਰਨ ਵਾਲੇ ਬੱਚੇ ਸਰਕਾਰੀ ਸਕੂਲਾਂ ਵਿਚ ਸਭ ਤੋਂ ਵੱਧ (11.9%) ਸਨ ਅਤੇ ਪ੍ਰਾਈਵੇਟ ਸਕੂਲਾਂ ਵਿਚ (5.9%) ਸਨ। ਕਿਸ਼ੋਰ ਲੜਕੇ ਅਤੇ ਲੜਕੀਆਂ ਜਾਂ ਤਾਂ 8ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹਦੇ ਸਨ ਜਾਂ ਸਕੂਲ ਛੱਡ ਚੁੱਕੇ ਸਨ। ਅਧਿਐਨ ਅਨੁਸਾਰ, ਨਸ਼ੀਲੇ ਪਦਾਰਥਾਂ ਦੀ ਵਰਤੋਂ ਛੋਟੀ ਉਮਰ ਦੇ ਸਮੂਹ (13-15 ਸਾਲ) ਵਿਚ ਸਕੂਲੀ ਕਿਸ਼ੋਰਾਂ ਵਿਚ ਸਭ ਤੋਂ ਵੱਧ (59%) ਸੀ। ਨਸ਼ੇ ਕਰਨ ਵਾਲੇ ਜਿ਼ਆਦਾਤਰ ਨੌਵੀਂ ਜਮਾਤ ਵਿਚ ਪੜ੍ਹਦੇ ਸਨ। ਇਹ ਸੰਕੇਤ ਬੇਹੱਦ ਗੰਭੀਰ ਸਮਸਿਆ ਵੱਲ ਹੈ ਜੋ ਸਿਰਫ ਚੰਡੀਗੜ੍ਹ ਤੱਕ ਸੀਮਤ ਨਹੀਂ ਹੈ ਸਗੋਂ ਭਾਰਤ ਦੇ ਹਰ ਹਿੱਸੇ ਵਿਚ ਵੱਖ ਵੱਖ ਦਰਜੇ ਵਿਚ ਮੌਜੂਦ ਹੈ।
ਨਸ਼ੇ ਬਹੁਤ ਹਾਨੀਕਾਰਕ: ਅਕਾਲ ਮਨੋਰੋਗ ਸੇਵਾਵਾਂ ਅਤੇ ਨਸ਼ਾ ਛੁਡਾਊ ਕੇਂਦਰ, ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਅਤੇ ਚੀਮਾ (ਪੰਜਾਬ) ਦੇ ਡਾਇਰੈਕਟਰ ਡਾ. (ਕਰਨਲ) ਰਾਜਿੰਦਰ ਸਿੰਘ ਜਿਨ੍ਹਾਂ ਨੇ ਦੋਹਾਂ ਨਸ਼ਾ ਛੁਡਾਊ ਕੇਂਦਰਾਂ ਵਿਚ 11000 ਤੋਂ ਵੱਧ ਨਸ਼ੇੜੀਆਂ ਦਾ ਇਲਾਜ ਕੀਤਾ, ਦੱਸਦੇ ਹਨ ਕਿ ਨਸ਼ੇ ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਨਸ਼ੇੜੀ ਕਿਸੇ ਨਾਲ ਕੋਈ ਮੋਹ ਜਾਂ ਬੰਧਨ ਨਹੀਂ ਰੱਖਦਾ। ਉਸ ਦੀ ਇੱਕੋ-ਇੱਕ ਚਿੰਤਾ ਅਤੇ ਤਰਜੀਹ ‘ਹਰ ਕੀਮਤ ’ਤੇ ਨਸ਼ਾ ਪ੍ਰਾਪਤ ਕਰਨਾ’ ਹੁੰਦੀ ਹੈ। ਇਕੱਲੀ ਸ਼ਰਾਬ ਹੀ ਦੋ ਸੌ ਦੇ ਕਰੀਬ ਬਿਮਾਰੀਆਂ ਦਾ ਕਾਰਨ ਬਣਦੀ ਹੈ। ਤੰਬਾਕੂ ਦੁਨੀਆ ਵਿਚ ਸਭ ਤੋਂ ਵੱਧ ਮੌਤਾਂ ਅਤੇ ਰੋਗਾਂ ਦਾ ਕਾਰਨ ਹੈ। ਚਿੱਟਾ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਨਾੜੀ ’ਚ ਟੀਕੇ ਰਾਹੀਂ ਵਰਤੋਂ ਨਾਲ ਐੱਚਆਈਵੀ, ਹੈਪੇਟਾਈਟਸ ਬੀ ਤੇ ਸੀ ਹੋ ਸਕਦਾ ਹੈ।
ਨਸ਼ੇੜੀ ਦੇ ਪਰਿਵਾਰ ਵਿਚ ਸ਼ਾਂਤੀ ਅਤੇ ਸਦਭਾਵਨਾ ਦੀ ਥਾਂ ਵਾਰ ਵਾਰ ਝੜਪਾਂ, ਝਗੜੇ ਅਤੇ ਹਿੰਸਾ ਲੈ ਲੈਂਦੇ ਹਨ। ਨਸਿ਼ਆਂ ’ਤੇ ਪੈਸਾ ਬਰਬਾਦ ਕਰਨਾ ਪਰਿਵਾਰ ਨੂੰ ਗਰੀਬੀ ਜਾਂ ਅਤਿ ਦੀ ਗਰੀਬੀ ਵੱਲ ਲੈ ਜਾਂਦਾ ਹੈ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਦੇ ਭਟਕਣ ਦੇ ਰਾਹ ਪੈਣ ਦਾ ਖ਼ਦਸ਼ਾ ਵਧ ਜਾਂਦਾ ਹੈ। ਅੱਧੇ ਤੋਂ ਵੱਧ ਸੜਕ ਹਾਦਸੇ ਸ਼ਰਾਬ ਕਾਰਨ ਹੁੰਦੇ ਹਨ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਚੋਰੀ, ਕਤਲ ਤੇ ਸੈਕਸ/ਬਲਾਤਕਾਰ ਦੇ ਅਪਰਾਧ ਦਰਾਂ ਵਿਚ ਵਾਧਾ ਕਰਦੀ ਹੈ।
ਮੁੱਲ ਆਧਾਰਿਤ ਸਿੱਖਿਆ ਦੀ ਲੋੜ: ਡਾ. ਰਾਜਿੰਦਰ ਸਿੰਘ ਦਾ ਸੁਝਾਅ ਹੈ ਕਿ ਰੋਕਥਾਮ ਨਸ਼ੇ ਦੀ ਲਤ ਦਾ ਸਭ ਤੋਂ ਵਧੀਆ ਇਲਾਜ ਹੈ, ਨਸਿ਼ਆਂ ਤੋਂ ਬਾਹਰ ਆਉਣ ਦੀ ਬਜਾਇ ਉਨ੍ਹਾਂ ਤੋਂ ਦੂਰ ਰਹਿਣਾ ਆਸਾਨ ਹੈ। ਉਹ ਮਾਪਿਆਂ ਅਤੇ ਅਧਿਆਪਕਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੰਦੇ ਹਨ ਜੋ ਕਿਸ਼ੋਰਾਂ ਅਤੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਲਈ ਉਨ੍ਹਾਂ ਨੂੰ ਨਸਿ਼ਆਂ ਦੇ ਨੁਕਸਾਨਾਂ ਅਤੇ ਨਤੀਜਿਆਂ ਤੋਂ ਜਾਣੂ ਕਰਵਾ ਸਕਦੇ ਹਨ। ਕਲਗੀਧਰ ਟਰੱਸਟ, ਬੜੂ ਸਾਹਿਬ ਗੈਰ-ਮੁਨਾਫ਼ਾ ਚੈਰੀਟੇਬਲ ਸੰਸਥਾ ਹੈ ਜੋ 12ਵੀਂ ਜਮਾਤ ਤੱਕ ਦੀ ਸਿੱਖਿਆ (ਸੀਬੀਐੱਸਈ) ਦੇਣ ਵਾਲੀਆਂ 129 ਅਕਾਲ ਅਕੈਡਮੀਆਂ, ਦੋ ਯੂਨੀਵਰਸਿਟੀਆਂ ਅਤੇ ਦੋ ਨਸ਼ਾ ਛੁਡਾਊ ਕੇਂਦਰ ਚਲਾਉਂਦੀ ਹੈ। ਇਨ੍ਹਾਂ ਸਾਰੀਆਂ ਵਿਦਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮੁੱਲ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ ਜੋ ਨਾ ਸਿਰਫ ਖੁਦ ਨਸਿ਼ਆਂ ਅਤੇ ਸ਼ਰਾਬ ਤੋਂ ਦੂਰ ਰਹਿੰਦੇ ਹਨ ਬਲਕਿ ਉਹ ਆਪਣੇ ਆਲੇ-ਦੁਆਲੇ ਰਹਿੰਦੇ ਲੋਕਾਂ ਲਈ ਨਸਿ਼ਆਂ ਦੇ ਨੁਕਸਾਨ ਬਾਰੇ ਸੰਦੇਸ਼ ਵੀ ਫੈਲਾਉਂਦੇ ਹਨ। ਡਾ. ਰਾਜਿੰਦਰ ਸਿੰਘ ਨੇ ਸਲਾਹ ਦਿੱਤੀ ਹੈ ਕਿ ਮਾਪੇ ਅਤੇ ਅਧਿਆਪਕ ਨਸਿ਼ਆਂ ਦੀ ਰੋਕਥਾਮ ਲਈ ਕਿਵੇਂ ਯੋਗਦਾਨ ਪਾ ਸਕਦੇ ਹਨ।
ਨਸ਼ੇਖੋਰੀ ਉੱਤੇ ਕਾਬੂ ਰੱਖਣ ਦੀ ਕੁੰਜੀ: ਮਾਪੇ ਅਤੇ ਅਧਿਆਪਕ ਉਹ ਮੁੱਖ ਸ਼ਖ਼ਸੀਅਤਾਂ ਹਨ ਜੋ ਬੱਚਿਆਂ ਅਤੇ ਵਿਦਿਆਰਥੀਆਂ ਦੀ ਸੋਚ ਅਤੇ ਵਿਹਾਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਜਿਹੜੇ ਲੋਕ ਨਸ਼ੇ ਜਾਂ ਸ਼ਰਾਬ ਦੇ ਆਦੀ ਹੋ ਗਏ ਹਨ, ਉਨ੍ਹਾਂ ਦਾ ਇਲਾਜ ਔਖਾ ਅਤੇ ਮਹਿੰਗਾ ਹੁੰਦਾ ਹੈ। ਮਨੋਰੋਗ ਦੇ ਡਾਕਟਰ ਆਸਾਨੀ ਨਾਲ ਉਪਲਬਧ ਨਹੀਂ ਜਿਸ ਕਰ ਕੇ ਨਸ਼ਾ ਛੁਡਾਊ ਕੇਂਦਰਾਂ ਵਿਚ ਇਨ੍ਹਾਂ ਦਾ ਪ੍ਰਬੰਧ ਹੋਰ ਵੀ ਚੁਣੌਤੀਪੂਰਨ ਹੋ ਜਾਂਦਾ ਹੈ। ਇਨ੍ਹਾਂ ਹਾਲਾਤ ਵਿਚ ਸਿਰਫ਼ ਨਸਿ਼ਆਂ ਦੀ ਰੋਕਥਾਮ ਹੀ ਆਸਾਨ, ਘੱਟ ਖਰਚੀਲਾ ਅਤੇ ਵਧੀਆ ਉਪਰਾਲਾ ਹੈ।
ਕਿਸ਼ੋਰ ਅਤੇ ਜਵਾਨ ਬੱਚਿਆਂ ਵੱਲ ਧਿਆਨ ਦੇਣ ਦੀ ਲੋੜ: ਡਾ. ਰਾਜਿੰਦਰ ਸਿੰਘ ਕਹਿੰਦੇ ਹਨ ਕਿ ਕਿਸ਼ੋਰ ਅਤੇ ਜਵਾਨ ਬੱਚਿਆਂ ਦੇ ਨਸਿ਼ਆਂ ਵਿਚ ਫਸਣ ਦਾ ਖ਼ਦਸ਼ਾ ਵਧੇਰੇ ਹੁੰਦਾ ਹੈ। ਇਸ ਲਈ ਸਾਨੂੰ ਇਨ੍ਹਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਮਾਪਿਆਂ ਦੀ ਭੂਮਿਕਾ ਪਹਿਲਾਂ ਸ਼ੁਰੂ ਹੁੰਦੀ ਹੈ। ਬੱਚਿਆਂ ਅੰਦਰ ਇਮਾਨਦਾਰੀ, ਵੱਡਿਆਂ ਦਾ ਸਤਿਕਾਰ ਅਤੇ ਸਖ਼ਤ ਮਿਹਨਤ ਵਰਗੀਆਂ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨੀਆਂ ਮਾਪਿਆਂ ਦੀ ਜਿ਼ੰਮੇਵਾਰੀ ਹੈ। ਬੱਚੇ ਆਪਣੇ ਪਰਿਵਾਰਕ ਜੀਆਂ ਦੀਆਂ ਆਦਤਾਂ ਦੀ ਨਕਲ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਰੋਲ ਮਾਡਲ ਵਜੋਂ ਵਿਚਰਨਾ ਚਾਹੀਦਾ ਹੈ। ਮਾਪਿਆਂ ਨੂੰ ਬੱਚਿਆਂ ਦੀ ਆਨਲਾਈਨ ਸਰਗਰਮੀ ਲਈ ਵੀ ਨਿਗਰਾਨੀ ਕਰਨੀ ਚਾਹੀਦੀ ਹੈ। ਅਕਾਦਮਿਕ ਸਿੱਖਿਆ ਦੇਣ ਦੇ ਨਾਲ ਨਾਲ ਅਧਿਆਪਕਾਂ ਦੀ ਭੂਮਿਕਾ ਵਿਦਿਆਰਥੀਆਂ ਵਿਚ ਨੈਤਿਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨਾ ਹੁੰਦਾ ਹੈ। ਨਸਿ਼ਆਂ ਦੇ ਖ਼ਤਰਿਆਂ ਅਤੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰ ਕੇ ਇਹ ਗੰਭੀਰ ਮੁੱਦਾ ਕਾਫੀ ਹੱਦ ਤੱਕ ਹੱਲ ਕੀਤਾ ਜਾ ਸਕਦਾ ਹੈ।
ਕੁਝ ਮਹੱਤਵਪੂਰਨ ਸੁਝਾਅ: ਡਾ. ਰਾਜਿੰਦਰ ਸਿੰਘ ਨੇ ਇਸ ਵਿਸ਼ੇ ’ਤੇ ਕੁਝ ਅਹਿਮ ਸੁਝਾਅ ਦਿੱਤੇ ਹਨ:
-ਮਨੋਵਿਗਿਆਨੀ/ਅਧਿਆਪਕ/ਪ੍ਰਿੰਸੀਪਲ ਨਸਿ਼ਆਂ ਦੀ ਸਮੱਸਿਆ ਦੇ ਵਿਸ਼ੇ ’ਤੇ ਲੈਕਚਰ ਕਰਨ। ਪਰਸਪਰ ਚਰਚਾ ’ਤੇ ਜ਼ੋਰ ਦਿੱਤਾ ਜਾਵੇ।
-ਵਿਦਿਆਰਥੀਆਂ ਨੂੰ ਨਸਿ਼ਆਂ ਦੇ ਨੁਕਸਾਨ ਬਾਰੇ ਗੱਲਬਾਤ, ਚਰਚਾ ਆਦਿ ਲਈ 2-3 ਮਿੰਟ ਲਈ ਛੋਟੇ ਛੋਟੇ ਵਿਸ਼ੇ ਦਿੱਤੇ ਜਾ ਸਕਦੇ ਹਨ। ਨਸਿ਼ਆਂ ਬਾਰੇ ਪੋਸਟਰ ਮੁਕਾਬਲੇ ਕਰਵਾਏ ਜਾ ਸਕਦੇ ਹਨ।
-ਉਨ੍ਹਾਂ ਵਿਦਿਆਰਥੀਆਂ ਨੂੰ ਹੱਲਸ਼ੇਰੀ ਅਤੇ ਇਨਾਮ ਦੇਣੇ ਚਾਹੀਦੇ ਹਨ ਜੋ ਸੰਚਾਰ ਦੇ ਵੱਖ ਵੱਖ ਢੰਗਾਂ ਅਤੇ ਹੋਰ ਸਰਗਰਮੀਆਂ ਰਾਹੀਂ ਨਸਿ਼ਆਂ ਦੇ ਨੁਕਸਾਨਾਂ ਬਾਰੇ ਸੰਦੇਸ਼ ਅਤੇ ਜਾਣਕਾਰੀ ਦੇ ਪ੍ਰਸਾਰ ਵਿਚ ਹਿੱਸਾ ਲੈਂਦੇ ਹਨ।
-ਬਰੋਸ਼ਰ, ਹੈਂਡਬਿਲ ਤੇ ਕਿਤਾਬਚੇ ਇਸ ਸਮੱਸਿਆ ਬਾਰੇ ਜਾਗਰੂਕਤਾ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗੀ।
-ਰੈਲੀਆਂ, ਵਾਕਾਥਨ ਤੇ ਮੈਰਾਥਨ ਰਾਹੀਂ ਨਸਿ਼ਆਂ ਦੀ ਸਮੱਸਿਆ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
-ਜੇ ਕਿਸੇ ਵਿਦਿਆਰਥੀ ਵੱਲੋਂ ਨਸ਼ੀਲੇ ਪਦਾਰਥ ਲੈਣ ਦਾ ਪਤਾ ਲਗਾਇਆ ਜਾਂਦਾ ਹੈ ਤਾਂ ਇਹ ਜਾਣਨ ਲਈ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਅਲੱਗ-ਥਲੱਗ ਮਾਮਲਾ ਸੀ ਜਾਂ ਕੋਈ ਸਮੂਹਿਕ ਗਤੀਵਿਧੀ ਦਾ। ਕਿਸੇ ਹੋਰ ਅਜਿਹੀ ਘਟਨਾ ਦੀ ਰੋਕਥਾਮ ਲਈ ਕੌਂਸਲਰ, ਅਧਿਆਪਕ ਅਤੇ ਪ੍ਰਿੰਸੀਪਲ ਦੇ ਸਮੂਹਿਕ ਯਤਨਾਂ ਦੀ ਲੋੜ ਹੁੰਦੀ ਹੈ ਤਾਂ ਜੋ ਬੁਰਾਈ ਨੂੰ ਮੁੱਢੋਂ ਨੱਥ ਪਾਈ ਜਾ ਸਕੇ। ਮਨੋਵਿਗਿਆਨੀ ਨੂੰ ਪਰਿਵਾਰ ਦੇ ਜੀਆਂ ਦੀ ਕੌਂਸਲਿੰਗ ਲਈ ਵਿਦਿਆਰਥੀ ਦੇ ਘਰ ਵੀ ਜਾਣਾ ਚਾਹੀਦਾ ਹੈ।
ਸੰਪਰਕ: 99884-24424