ਰੋਹੀ ਦਾ ਪੈਦਲ ਸਫ਼ਰ
ਲਖਵਿੰਦਰ ਜੌਹਲ ‘ਧੱਲੇਕੇ’
ਕੋਈ ਚਾਰ-ਪੰਜ ਸਾਲ ਪਹਿਲਾਂ ਦੀ ਗੱਲ ਹੋਵੇਗੀ, ਮੈਂ ਚੱਕ 1 ਬੀ.ਆਰ.ਡਬਲਿਊ. (ਰਾਜਸਥਾਨ) ਵਿੱਚ ਸੀ। ਰਾਜਸਥਾਨ-ਹਰਿਆਣਾ ਦੀ ਹੱਦ ’ਤੇ ਪੈਂਦੇ ਇਸ ਚੱਕ ਤੋਂ ਪਿੱਛੇ ਹਰਿਆਣੇ ਦਾ ਆਖ਼ਰੀ ਪਿੰਡ ਕੋਈ ਚਾਰ ਕਿਲੋਮੀਟਰ ਅਤੇ ਰਾਜਸਥਾਨ ਦਾ ਪਹਿਲਾ ਪਿੰਡ ਸੱਤ ਕਿਲੋਮੀਟਰ ਹੈ। ਇਸ ਫ਼ਾਸਲੇ ਦੇ ਵਿੱਚ ਦੂਰ ਤੱਕ ਸਥਾਨਕ ਬਾਗੜੀ ਲੋਕਾਂ ਦੀਆਂ ਛੋਟੀਆਂ ਢਾਣੀਆਂ ਜਾਂ ਫਿਰ ਕੋਈ ’ਕੱਲਾ-’ਕਹਿਰਾ ਘਰ ਹੈ। ਜਿਹੜੇ ਡੇਰੇ ਮੈਂ ਰੁਕਿਆ ਸੀ ਉਸਦੀਆਂ ਛੱਤਾਂ ’ਤੇ ਚੜ੍ਹ ਕੇ ਦੂਰ ਤੱਕ ਦੇਖਣਾ ਤਾਂ ਨਿਗ੍ਹਾ ਦੀ ਹੱਦ ਤੱਕ ਸਿਰਫ਼ ਰੇਤਲੇ ਟਿੱਬੇ ਹੀ ਦਿਸਦੇ ਸਨ। ਸਥਾਨਕ ਲੋਕਾਂ ਮੁਤਾਬਿਕ ਇਸ ਇਲਾਕੇ ਵਿੱਚ ਮੀਂਹ ਕਦੇ ਕਦੇ ਹੀ ਪੈਂਦੇ ਹਨ ਤੇ ਜੇ ਕਦੇ ਥੋੜ੍ਹਾ ਬਹੁਤਾ ਮੀਂਹ ਪੈ ਜਾਂਦਾ ਤਾਂ ਟਿੱਬਿਆਂ ’ਤੇ ਕੋਈ ਮਾੜੀ ਮੋਟੀ ਫ਼ਸਲ ਦੀ ਹਰਿਆਲੀ ਦਿਸਣ ਲੱਗ ਪੈਂਦੀ ਸੀ। ਧਰਤੀ ਹੇਠਲਾ ਪਾਣੀ ਹੱਦੋਂ ਵੱਧ ਖਾਰਾ ਹੋਣ ਕਰਕੇ ਕਿਸੇ ਕੰਮ ਦਾ ਨਹੀਂ। ਪੀਣ ਲਈ ਅਤੇ ਥੋੜ੍ਹਾ ਬਹੁਤਾ ਧਰਤੀ ਸਿੰਜਣ ਲਈ ਨਹਿਰੀ ਪਾਣੀ ਹੀ ਵਰਤਿਆ ਜਾਂਦਾ ਹੈ। ਜੇ ਪਾਣੀ ਦੀ ਹਾਲੇ ਲੋੜ ਨਾ ਹੋਵੇ ਤਾਂ ਨਿੱਕੇ ਅਤੇ ਡੂੰਘੇ ਬਣੇ ਤਲਾਬਾਂ ਜਾਂ ਪੱਕੀਆਂ ਖੂਹਨੁਮਾ ਡਿੱਗੀਆਂ ਵਿੱਚ ਜਮ੍ਹਾਂ ਕਰ ਲਿਆ ਜਾਂਦਾ ਹੈ ਜਿੱਥੋਂ ਲੋੜ ਪੈਣ ਵੇਲੇ ਪਾਣੀ ਵਰਤਿਆ ਜਾ ਸਕੇ।
ਮਈ ਦੇ ਪਹਿਲੇ ਦਿਨਾਂ ਵਿੱਚ ਹੀ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਤਾਂ ਅਸੀਂ ਸਾਰਾ ਕੰਮ ਸਾਝਰੇ ਹੀ ਨਬਿੇੜ ਦਿੰਦੇ ਅਤੇ ਦੁਪਹਿਰ ਹੋਣ ਤੋਂ ਪਹਿਲਾਂ ਤੋਂ ਲੈ ਕੇ ਸ਼ਾਮ ਹੋਣ ਤੱਕ ਆਰਾਮ ਕਰਦੇ। ਰਾਤ ਨੂੰ ਜਿੱਥੇ ਰੇਤ ਦੇ ਠੰਢੇ ਹੋਣ ਨਾਲ ਥੋੜ੍ਹੀ ਠੰਢਕ ਮਹਿਸੂਸ ਹੁੰਦੀ ਤਾਂ ਦਿਨ ਵੇਲੇ ਇਹੀ ਰੇਤਾ ਦਗਦੇ ਕੋਲਿਆਂ ਵਾਂਗ ਤਪਦਾ। ਇਸ ਲਈ ਕੋਈ ਵੀ ਜੋ ਕੰਮ ਕਰਦਾ ਸਵੇਰੇ ਜਾਂ ਸ਼ਾਮ ਨੂੰ ਹੀ ਕਰਦਾ। ਸਾਡੇ ਡੇਰੇ ਇੱਕ ਸਥਾਨਕ ਬਾਗੜੀ ਲੜਕਾ ਰਾਮ ਮੂਰਤੀ ਅਕਸਰ ਆਇਆ ਕਰਦਾ ਸੀ। ਉਸ ਨੇ ਇੱਕ ਦਿਨ ਮੈਨੂੰ ਦੱਸਿਆ ਕਿ ਉਸ ਦਾ ਡੇਰਾ ਇੱਥੋਂ ਜਾਂਦੇ ਕੱਚੇ ਰਾਹ ’ਤੇ ਅੱਗੇ ਕੋਈ ਪੰਜ ਕਿਲੋਮੀਟਰ ਹੈ। ਇੱਕ ਸਵੇਰੇ ਜਦੋਂ ਉਹ ਡੇਰਿਓਂ ਤੁਰਨ ਲੱਗਾ ਤਾਂ ਮੈਂ ਕਿਸੇ ਨੂੰ ਬਿਨਾਂ ਦੱਸੇ ਉਸ ਦੇ ਨਾਲ ਕੱਚੇ ਰਾਹ ਹੋ ਤੁਰਿਆ। ਸੱਚਮੁੱਚ ਹੀ ਮੂਰਤੀ ਦੇ ਘਰ ਤੱਕ ਸਾਰਾ ਰਾਹ ਕੱਚਾ ਅਤੇ ਰੇਤਲਾ ਸੀ। ਸਾਰੇ ਰਾਹ ਵਿੱਚ ਉੱਚੇ ਨੀਵੇਂ ਰੇਤਲੇ ਟਿੱਬੇ ਅਤੇ ਦੂਰ ਤੱਕ ਪਾਣੀ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਕਿਤੇ ਕੋਈ ਹਿਰਨਾਂ ਅਤੇ ਰੋਝਾਂ ਦੀ ਡਾਰ ਤੁਰੀ ਫਿਰਦੀ ਦਿਸ ਜਾਂਦੀ ਸੀ। ਧੁੱਪ ਤੇਜ਼ ਹੋਣ ਤੋਂ ਪਹਿਲਾਂ ਹੀ ਅਸੀਂ ਮੂਰਤੀ ਦੇ ਡੇਰੇ ਪਹੁੰਚ ਗਏ। ਮੂਰਤੀ ਦਾ ਘਰ ਇਸ ਰੋਹੀ ਬੀਆਬਾਨ ਵਿੱਚ ਦੂਰ ਤੱਕ ਇੱਕੋ ਇੱਕ ਘਰ ਸੀ। ਮੂਰਤੀ ਦੇ ਮਾਤਾ ਜੀ ਨੇ ਪਾਣੀ ਪਿਆਉਣ ਤੋਂ ਬਾਅਦ ਰੋਟੀ ਦੀ ਪੇਸ਼ਕਸ਼ ਕੀਤੀ, ਪਰ ਰੋਟੀ ਮੈਂ ਵਾਪਸ ਡੇਰੇ ਆ ਕੇ ਹੀ ਖਾਣੀ ਚਾਹੁੰਦਾ ਸੀ। ਆਪਣਾ ਫ਼ੋਨ ਮੈਂ ਡੇਰੇ ਭੁੱਲ ਆਇਆ ਅਤੇ ਮੂਰਤੀ ਦੇ ਇਸ ਘਰ ਤੱਕ ਨੈੱਟਵਰਕ ਕੋਈ ਬਹੁਤ ਚੰਗਾ ਨਹੀਂ ਸੀ। ਇਸ ਲਈ ਪਿੱਛੇ ਡੇਰੇ ’ਤੇ ਕਿਸੇ ਨੂੰ ਮੇਰੀ ਕੋਈ ਖ਼ਬਰ ਨਹੀਂ ਸੀ। ਇਸ ਫ਼ਿਕਰ ਵਿੱਚ ਮੈਂ ਵਾਪਸ ਡੇਰੇ ਉਸੇ ਵਕਤ ਮੁੜਨ ਦਾ ਫ਼ੈਸਲਾ ਕੀਤਾ। ਮੂਰਤੀ ਅਤੇ ਉਸ ਦੇ ਪਰਿਵਾਰ ਨੇ ਤੇਜ਼ ਹੁੰਦੀ ਜਾ ਰਹੀ ਧੁੱਪ ਵਿੱਚ ਮੈਨੂੰ ਜਾਣੋਂ ਰੋਕਿਆ ਅਤੇ ਸ਼ਾਮ ਤੱਕ ਇੱਥੇ ਰੁਕਣ ਲਈ ਕਿਹਾ ਪਰ ਮੈਂ ਸੋਚਿਆ ਕਿ ਜੇ ਸ਼ਾਮ ਤੱਕ ਪਿੱਛੇ ਮੇਰਾ ਕਿਸੇ ਨੂੰ ਕੋਈ ਪਤਾ ਨਾ ਲੱਗਾ ਤਾਂ ਵੱਡੇ ਫ਼ਿਕਰ ਵਾਲੀ ਕੋਈ ਗੱਲ ਨਾ ਬਣ ਜਾਏ। ਮੇਰੇ ਜ਼ਿੱਦ ਕਰਨ ’ਤੇ ਉਨ੍ਹਾਂ ਨੇ ਮੈਨੂੰ ਨਾ ਰੋਕਿਆ ਅਤੇ ਮੂਰਤੀ ਦੇ ਮਾਤਾ ਜੀ ਨੇ ਪਾਣੀ ਦੀ ਇੱਕ ਥਰਮਸ ਮੇਰੇ ਕੋਲ ਲਿਆ ਰੱਖੀ।
ਮੂਰਤੀ ਦੇ ਡੇਰਿਓ ਨਿਕਲ ਕੇ ਮੈਂ ਵਾਪਸ ਉਸੇ ਕੱਚੇ ਰਾਹ ਪੈ ਗਿਆ। ਧੁੱਪ ਹਾਲੇ ਐਨੀ ਤੇਜ਼ ਨਹੀਂ ਸੀ, ਇਸ ਲਈ ਰੇਤਾ ਕੁਝ ਜ਼ਿਆਦਾ ਤੱਤਾ ਨਹੀਂ ਸੀ। ਪਰ ਜਦੋਂ ਥੋੜ੍ਹਾ ਅੱਗੇ ਹੋਰ ਤੁਰਿਆ ਤਾਂ ਰੇਤਾ ਇਉਂ ਲੱਗਣ ਲੱਗਾ ਜਿਵੇਂ ਇਕਦਮ ਕਿਸੇ ਨੇ ਭੱਠੀ ’ਚ ਪਾ ਕੇ ਤਪਾਉਣਾ ਸ਼ੁਰੂ ਕੀਤਾ ਹੋਵੇ। ਸੂਰਜ ਥੋੜ੍ਹਾ ਉੱਚਾ ਹੋਇਆ ਤਾਂ ਤੇਹ ਵੀ ਲੱਗਣ ਲੱਗੀ। ਪਾਣੀ ਤਾਂ ਨੇੜੇ ਕਿਤੇ ਵੀ ਨਹੀਂ ਸੀ, ਮੇਰੀ ਮਾੜੀ ਕਿਸਮਤ ਕਹਿ ਲਓ ਕਿ ਤੁਰਨ ਲੱਗਿਆਂ ਗੱਲਾਂ-ਗੱਲਾਂ ਵਿੱਚ ਮੈਂ ਥਰਮਸ ਚੁੱਕਣਾ ਭੁੱਲ ਗਿਆ। ਜਿਸ ਰੇਤੇ ’ਤੇ ਸਵੇਰੇ ਆਉਂਦੇ ਵਕਤ ਮੈਂ ਬੜੇ ਆਰਾਮ ਨਾਲ ਆਇਆ ਸੀ, ਹੁਣ ਮੁੜਦੇ ਵਕਤ ਅੱਗੇ ਵਧਦੇ ਵੀ ਪੈਰ ਪਿਛਾਂਹ ਵੱਲ ਜਾਂਦੇ ਲੱਗਦੇ ਸਨ। ਰਾਹ ਅਤੇ ਆਸ-ਪਾਸ ਦੇ ਸਾਰੇ ਟਿੱਬਿਆਂ ਦਾ ਰੇਤਾ ਹੁਣ ਐਨਾ ਕੁ ਤਪ ਚੁੱਕਿਆ ਸੀ ਕਿ ਮੈਂ ਸਮਝ ਗਿਆ ਪੈਰਾਂ ਵਿੱਚ ਪਾਈਆਂ ਚੱਪਲਾਂ ਨੇ ਹੁਣ ਮੇਰਾ ਬਚਾਅ ਨਹੀਂ ਕਰਨਾ। ਰਾਹ ਵਿੱਚ ਜੰਡਾਂ ਦੀ ਛਾਵੇਂ ਹਿਰਨ ਤੇ ਰੋਝ ਹੁਣ ਆਰਾਮ ਫਰਮਾ ਰਹੇ ਸਨ। ਅਕਸਰ ਸਾਇੰਸ ਦੀਆਂ ਕਿਤਾਬਾਂ ਵਿੱਚ ਮਾਰੂਥਲ ਅਤੇ ਊਠਾਂ ਦੇ ਪੈਰਾਂ ਬਾਰੇ ਪੜ੍ਹਦੇ ਸੀ ਕਿ ਰੇਤੇ ’ਤੇ ਤੁਰਨਾ ਊਠ ਲਈ ਸੌਖਾ ਅਤੇ ਬੰਦੇ ਲਈ ਥੋੜ੍ਹਾ ਔਖਾ ਕੰਮ ਹੈ। ਸਵੇਰੇ ਆਉਂਦੇ ਵਕਤ ਤਾਂ ਇਹ ਨਹੀਂ ਸੀ ਲੱਗਾ ਪਰ ਹੁਣ ਇਹ ਖ਼ਿਆਲ ਆ ਰਿਹਾ ਸੀ ਕਿ ਲਿਖਣ ਵਾਲੇ ਨੂੰ ’ਕੱਲੇ ਰੇਤੇ ’ਤੇ ਨਹੀਂ ਸਗੋਂ ਤੱਤੇ ਰੇਤੇ ’ਤੇ ਔਖਾ ਤੁਰਨ ਬਾਰੇ ਲਾਜ਼ਮੀ ਲਿਖਣਾ ਚਾਹੀਦਾ ਸੀ। ਵਾਪਸ ਮੂਰਤੀ ਦੇ ਡੇਰੇ ’ਤੇ ਮੁੜਨ ਦਾ ਖ਼ਿਆਲ ਵੀ ਆਇਆ ਪਰ ਪਿੱਛੇ ਕਿਸੇ ਨੂੰ ਬਿਨਾਂ ਪੁੱਛੇ ਦੱਸੇ ਆਉਣ ਦਾ ਡਰ ਹੁਣ ਵਾਪਸ ਵੀ ਮੁੜਨ ਨਹੀਂ ਸੀ ਦਿੰਦਾ।
ਸੂਰਜ ਹੁਣ ਸਿਰ ’ਤੇ ਆ ਗਿਆ ਅਤੇ ਅੱਗੇ ਤੁਰਨਾ ਹੋਰ ਔਖਾ ਹੋ ਗਿਆ। ਰਾਹ ਵਿੱਚ ਕਿਸੇ ਜੰਡ ਦੀ ਛਾਂ ਥੱਲੇ ਦੋ-ਤਿੰਨ ਮਿੰਟ ਰੁਕਣਾ ਤੇ ਅੱਗੇ ਤੁਰ ਪੈਣਾ। ਡੇਰਿਓਂ ਤੁਰਨ ਲੱਗੇ ਮੈਂ ਇੱਕ ਪਰਨਾ ਜ਼ਰੂਰ ਨਾਲ ਲਿਆਂਦਾ ਸੀ ਕਿਉਂਕਿ ਬਾਹਰ ਕਿਸੇ ਕੰਮ ਧੰਦੇ ਨਿਕਲਦਿਆਂ ਇਹ ਆਦਤ ਬਣ ਗਈ ਸੀ। ਪਰਨਾ ਸਿਰ ’ਤੇ ਵਲੇਟ ਕੇ ਮੈਂ ਸਿਰ ਨੂੰ ਤਾਂ ਤੇਜ਼ ਧੁੱਪ ਤੋਂ ਬਚਾ ਲਿਆ ਪਰ ਪੈਰਾਂ ਦਾ ਤੱਤੇ ਰੇਤੇ ਨਾਲ ਬੁਰਾ ਹਾਲ ਹੋ ਗਿਆ। ਪਾਣੀ ਵੀ ਨੇੜੇ ਕਿਤੇ ਨਹੀਂ ਸੀ ਤੇ ਤੇਹ ਨਾਲ ਸੰਘ ਸੁੱਕਿਆ ਪਿਆ ਸੀ। ਹੁਣ ਕਿਤੇ ਅੱਗੇ ਨੇੜੇ ਕੋਈ ਜੰਡ ਵੀ ਨਹੀਂ ਸੀ ਤੇ ਰੇਤੇ ਵਿੱਚ ਪੈਰ ਅੱਗੇ ਪੁੱਟਿਆ ਵੀ ਪਿਛਾਂਹ ਨੂੰ ਜਾਂਦਾ ਮਹਿਸੂਸ ਹੋ ਰਿਹਾ ਸੀ। ਰੇਤ ਦੇ ਇਸ ਸਮੁੰਦਰ ਵਿੱਚ ਧੁੱਪ ਅਤੇ ਤੇਹ ਨਾਲ ਹੁਣ ਜਾਨ ਨਿਕਲਦੀ ਮਹਿਸੂਸ ਹੋ ਰਹੀ ਸੀ। ਥੋੜ੍ਹਾ ਅੱਗੇ ਜਾ ਕੇ ਇੱਕ ਜੰਡ ਦਿਸਿਆ ਤਾਂ ਭੱਜ ਕੇ ਉਸ ਦੀ ਛਾਂ ਥੱਲੇ ਜਾ ਡਿੱਗਿਆ। ਅੱਖਾਂ ਵੀ ਬੰਦ ਹੋ ਰਹੀਆਂ ਸਨ। ਪਰ ਮੁੜ ਹਿੰਮਤ ਕਰਕੇ ਉੱਠਿਆ ਤੇ ਡੇਰੇ ਦੇ ਰਾਹ ਪੈ ਗਿਆ। ਇਹ ਮੈਨੂੰ ਪਤਾ ਸੀ ਕਿ ਜੇ ਜਲਦੀ ਕਿਤੋਂ ਪਾਣੀ ਨਾ ਮਿਲਿਆ ਤਾਂ ਸ਼ਾਇਦ ਹੁਣ ਕਿਤੇ ਡਿੱਗੇ ਤੋਂ ਮੁੜ ਉੱਠਿਆ ਵੀ ਨਾ ਜਾਵੇ। ਇਹ ਕੱਚਾ ਰਾਹ ਅੱਗੋਂ ਭਾਵੇਂ ਹੋਰ ਵੀ ਪਿੰਡਾਂ ਤੇ ਢਾਣੀਆਂ ਨੂੰ ਜਾਂਦਾ ਸੀ ਪਰ ਮਾਰੂਥਲ ਦੀ ਇਸ ਸਿਖਰ ਦੁਪਹਿਰ ਵਿੱਚ ਕਿਸੇ ਬੰਦੇ ਦਾ ਮਿਲਣਾ ਤਾਂ ਦੂਰ ਦੀ ਗੱਲ ਆਸਮਾਨ ਵਿੱਚ ਕੋਈ ਪਰਿੰਦਾ ਵੀ ਨਹੀਂ ਸੀ ਦਿਸਦਾ। ਸਦੀਆਂ ਤੋਂ ਇੱਥੇ ਰਹਿੰਦੇ ਬੰਦੇ ਅਤੇ ਜੀਅ-ਜੰਤ ਵੀ ਇਸ ਕਹਿਰ ਦੀ ਗਰਮੀ ਵਿੱਚ ਦੁਪਹਿਰੇ ਵੇਖਣ ਨੂੰ ਨਹੀਂ ਸੀ ਮਿਲ ਰਹੇ। ਦੂਰ ਦੂਰ ਤੱਕ ਸਿਰਫ਼ ਰੇਤਾ, ਕੋਈ ਵਿਰਲਾ ਜੰਡ ਅਤੇ ਝਾੜੀਆਂ-ਬੂਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਡਿੱਗਦਾ ਢਹਿੰਦਾ ਮੈਂ ਕਿਵੇਂ ਨਾ ਕਿਵੇਂ ਡੇਰੇ ਤੋਂ ਬਾਹਰਵਾਰ ਬਣੇ ਪਾਣੀ ਵਾਲੇ ਤਲਾਅ ਕੋਲ ਪਹੁੰਚ ਗਿਆ। ਬਾਹਰਵਾਰ ਬਣਿਆ ਇਹ ਤਲਾਅ ਜ਼ਿਆਦਾ ਡੂੰਘਾ ਨਾ ਹੋਣ ਕਰਕੇ ਅਤੇ ਪਾਸਿਆਂ ’ਤੇ ਵਾੜ ਨਾ ਕੀਤੀ ਹੋਣ ਕਰਕੇ ਇਸ ਵਿੱਚ ਅਕਸਰ ਜਾਨਵਰ ਤੇ ਅਵਾਰਾ ਕੁੱਤੇ ਵੀ ਵੜ ਜਾਂਦੇ ਸਨ। ਡੇਰਾ ਵੀ ਭਾਵੇਂ ਹੁਣ ਦਿਸ ਰਿਹਾ ਸੀ, ਪਰ ਪਾਣੀ ਵੇਖ ਕੇ ਅੱਗੇ ਇੱਕ ਪੈਰ ਵੀ ਨਾ ਪੁੱਟਿਆ ਗਿਆ। ਮੈਂ ਇਸੇ ਤਲਾਅ ਵਿੱਚੋਂ ਹੀ ਪਾਣੀ ਪੀਤਾ ਅਤੇ ਕੁਝ ਆਰਾਮ ਮਹਿਸੂਸ ਕੀਤਾ। ਜਿਹੜਾ ਪੰਧ ਜਾਂਦੇ ਵਕਤ ਅਸੀਂ ਅੱਧੇ ਪੌਣੇ ਘੰਟੇ ਵਿੱਚ ਪੂਰਾ ਕੀਤਾ ਓਸੇ ’ਤੇ ਹੀ ਮੈਂ ਕੋਈ ਡੇਢ ਦੋ ਘੰਟਿਆਂ ਵਿੱਚ ਵਾਪਸ ਡੇਰੇ ਪਹੁੰਚਿਆ। ਵਾਪਸ ਮੁੜਦਿਆਂ ਝਿੜਕਾਂ ਦਾ ਵੀ ਸਾਹਮਣਾ ਕਰਨਾ ਪਿਆ। ਪਰ ਪੈਰਾਂ ਵਿੱਚ ਛਾਲੇ ਤੇ ਪਸੀਨੇ ਵਿੱਚ ਗੜੁੱਚ ਵੇਖ ਕੇ ਸਾਰਿਆਂ ਨੇ ਥੋੜ੍ਹੀ ਨਰਮੀ ਵਰਤੀ ਅਤੇ ਆਰਾਮ ਕਰਨ ਲਈ ਕਿਹਾ। ਮੁੜ ਸਦਾ ਲਈ ਮੈਂ ਅਜਿਹੀ ਬੇਵਕੂਫ਼ੀ ਤੋਂ ਤੌਬਾ ਕੀਤੀ। ਰੱਬ ਦੀ ਕਰਨੀ ਕਿ ਮੈਂ ਬਚ ਗਿਆ ਕਿਉਂਕਿ ਉਜਾੜਾਂ ਵਿੱਚ ਅਕਸਰ ਬੰਦੇ ਦੇ ਇਸ ਤਰ੍ਹਾਂ ਭੁੱਖੇ ਤਿਹਾਏ ਮਰਨ ਦੀਆਂ ਗੱਲਾਂ ਸੁਣੀਆਂ ਸਨ।
ਰੋਹੀ ਦੇ ਇਸ ਪੈਦਲ ਸਫ਼ਰ ਦੀ ਅੱਜ ਵੀ ਕਦੇ ਯਾਦ ਆਵੇ ਤਾਂ ਲੱਖ ਲੱਖ ਵਾਰ ਰੱਬ ਦਾ ਸ਼ੁਕਰਾਨਾ ਕਰਦਾ ਹਾਂ। ਉਸ ਦਿਨ ਰਾਹ ਵਿੱਚ ਵਾਪਸ ਮੁੜਦਿਆਂ ਇੱਕ ਇਹ ਵੀ ਡਰ ਸੀ ਕਿ ਕੋਈ ਹਨੇਰੀ ਨਾ ਆ ਜਾਵੇ। ਕਿਉਂਕਿ ਇੱਥੇ ਰਹਿੰਦਿਆਂ ਹੁਣ ਤੱਕ ਮਈ-ਜੂਨ ਦੀਆਂ ਹਨੇਰੀਆਂ ਨਾਲ ਚੰਗੀ ਵਾਕਫ਼ੀ ਹੋ ਚੁੱਕੀ ਸੀ। ਪੰਜਾਬ ਦੀਆਂ ਹਨੇਰੀਆਂ ਨਾਲੋਂ ਇਹ ਕਈ ਪੱਖੋਂ ਬੜੀਆਂ ਭਿਆਨਕ ਹੁੰਦੀਆਂ ਸਨ, ਇਸ ਲਈ ਇਨ੍ਹਾਂ ਦਾ ਜ਼ਿਕਰ ਕਦੇ ਫੇਰ ਸਹੀ।
ਸੰਪਰਕ: 98159-59476