ਪੱਤਰ ਪ੍ਰੇਰਕਜਲੰਧਰ, 8 ਜਨਵਰੀਥਾਣਾ ਨੰਬਰ 6 ਦੀ ਹੱਦ ’ਚ ਪੈਂਦੇ ਘਈ ਹਸਪਤਾਲ ਨੇੜੇ ਇੱਕ ਪੈਟਰੋਲ ਪੰਪ ਤੋਂ ਅਣਪਛਾਤੇ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਢਾਈ ਲੱਖ ਰੁਪਏ ਦੀ ਨਕਦੀ ਤੇ ਐਕਟਿਵਾ ਲੁੱਟ ਲਈ। ਥਾਣਾ ਨੰਬਰ 6 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਕਸੂਦਾਂ ਸਥਿਤ ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਵਿਨੋਦ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਸਮੇਂ ਦਿਨ ਦੀ ਨਗਦੀ ਲੈ ਕੇ ਪੈਟਰੋਲ ਪੰਪ ਦੇ ਮਾਲਕ ਦੇ ਘਰ ਅਰਬਨ ਸਟੇਟ ਜਾ ਰਿਹਾ ਸੀ। ਜਦੋਂ ਉਹ ਗੁਰੂ ਰਵਿਦਾਸ ਚੌਕ ਪਾਰ ਕਰ ਕੇ ਘਈ ਹਸਪਤਾਲ ਕੋਲ ਪੁੱਜਾ ਤਾਂ ਪਿੱਛਿਓਂ ਲੁਟੇਰਿਆਂ ਨੇ ਮੋਢੇ ’ਤੇ ਪਿਸਤੌਲ ਰੱਖ ਦਿੱਤਾ ਤੇ ਐਕਟਿਵਾ ਲੁੱਟ ਲਈ। ਪੀੜਤ ਵਿਨੋਦ ਕੁਮਾਰ ਅਨੁਸਾਰ ਐਕਟਿਵਾ ’ਚ ਲੱਖਾਂ ਦੀ ਨਕਦੀ ਸੀ ਜੋ ਪੈਟਰੋਲ ਪੰਪ ਦੀ ਸੇਲ ਸੀ, ਜਿਸ ਨੂੰ ਦੇਣ ਲਈ ਉਹ ਮਾਲਕ ਦੇ ਘਰ ਜਾ ਰਿਹਾ ਸੀ। ਨਕਦੀ ਵੀ ਐਕਟਿਵਾ ਦੀ ਡਿੱਗੀ ਵਿੱਚ ਪਈ ਸੀ, ਜਿਸ ਨੂੰ ਲੁਟੇਰੇ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਵਿਨੋਦ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।