ਬਠਿੰਡਾ ਵਿੱਚ ਲੁੱਟ ਦੀਆਂ ਵਾਰਦਾਤਾਂ ਵਧੀਆਂ
ਪੱਤਰ ਪ੍ਰੇਰਕ
ਬਠਿੰਡਾ, 20 ਅਗਸਤ
ਇੱਥੇ ਦਿਨੋਂ ਦਿਨ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਜੇ ਦੋ ਹਫਤਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ 7 ਅਗਸਤ ਨੂੰ ਸ਼ਹਿਰ ਦੇ ਹੀਰਾ ਚੌਕ ਵਿੱਚ ਦੋ ਗਰੁੱਪਾਂ ਦੀ ਲੜਾਈ ’ਚ ਨੌਜਵਾਨ ਨੂੰ ਜ਼ਿੰਦਗੀ ਤੋਂ ਹੱਥ ਧੋਣਾ ਪਿਆ। ਇਸੇ ਤਰਾਂ ਹੀ 11 ਅਗਸਤ ਦੀ ਤੜਕਸਾਰ ਲੁਟੇਰਿਆਂ ਨੇ ਥਾਣੇ ਦੇ ਮੂਹਰੇ ਨਾਕੇ ’ਤੇ ਖੜ੍ਹੇ ਸੰਤਰੀ ਦੀ ਐੱਸਐੱਲਆਰ ਰਾਈਫ਼ਲ ਖੋਹ ਲਈ। ਦੋ ਦਿਨ ਪਹਿਲਾਂ ਲੁਟੇਰਿਆਂ ਵੱਲੋਂ ਲੱਖਾਂ ਰੁਪਇਆ ਨਾਲ ਭਰਿਆ ਏਟੀਐਮ ਹੀ ਪੁੱਟਣ ਦੀਆਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਬੀਤੀ ਰਾਤ ਸ਼ਹਿਰ ਦੇ ਪਾਸ਼ ਖੇਤਰ ਮੰਨੇ ਜਾਂਦੇ ਨਾਰਥ ਅਸਟੇਟ ਵਿਚ ਦੋ ਨਕਾਬਪੋਸ਼ਾਂ ਨੇ ਘਰ ਵਿਚ ਮੌਜੂਦ ਔਰਤਾਂ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਲੁੱਟ ਲਈ। ਤਾਜ਼ਾ ਵਾਪਰੀ ਘਟਨਾ ਵਿਚ ਸ਼ਹਿਰ ਦੇ ਨਾਰਥ ਅਸਟੇਟ ਦੀ ਗਲੀ ਨੰਬਰ 6 ਦੇ ਮਕਾਨ ਨੰਬਰ 149 ਵਿਚ ਬੀਤੀ ਰਾਤ ਕਰੀਬ ਦੋ ਵਜੇਂ ਦੋ ਨਕਾਬਪੋਸ਼ ਘਰ ਵਿਚ ਦਾਖ਼ਲ ਹੋ ਗਏ। ਉਸ ਸਮੇਂ ਘਰ ਵਿਚ ਸਿਰਫ਼ ਤਿੰਨ ਔਰਤਾਂ ਹੀ ਮੌਜੂਦ ਸਨ। ਨਕਾਬਪੋਸ਼ ਉਨ੍ਹਾਂ ਦੇ ਸਿਰਹਾਣੇ ਤੇਜ਼ਧਾਰ ਹਥਿਆਰ ਲੈ ਕੇ ਖੜ੍ਹ ਗਏ। ਮੋਨਿਕਾ ਰਾਣੀ ਨੇ ਦੱਸਿਆ ਕਿ ਇਸ ਤੋਂ ਬਾਅਦ ਲੁਟੇਰਿਆਂ ਨੇ ਆਪਣੇ ਨਾਲ ਲਿਆਂਦੀਆਂ ਹੋਈਆਂ ਟੇਪਾਂ ਨਾਲ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਜਦਕਿ ਉਹ ਸਾਹ ਦੀ ਮਰੀਜ਼ ਹੈ। ਘਰ ਦੇ ਮਾਲਕ ਰਾਕੇਸ਼ ਕੁਮਾਰ, ਜੋ ਕਿ ਘਟਨਾ ਸਮੇਂ ਦੂਜੇ ਘਰ ਸੁੱਤਾ ਹੋਇਆ ਸੀ, ਨੇ ਦੱਸਿਆ ਕਿ ਹਾਲੇ ਦੋ ਮਹੀਨੇ ਪਹਿਲਾਂ ਹੀ ਉਹ ਇਸ ਨਵੇਂ ਘਰ ਆਏ ਸਨ। ਰਮੇਸ਼ ਮੁਤਾਬਕ ਗੁਆਂਢੀਆਂ ਦੇ ਸੀਸੀਟੀਵੀ ਦੇਖਣ ਤੋਂ ਪਤਾ ਲੱਗਿਆ ਕਿ ਲੁਟੇਰੇ ਘਰੋਂ ਗਹਿਣੇ, ਨਕਦੀ ਦੇ ਨਾਲ ਨਾਲ ਉਸ ਦੀ ਧੀ ਦੀ ਐਕਟਿਵਾ ਸਕੂਟਰੀ ਵੀ ਲੈ ਗਏ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਠਿੰਡਾ ਦੇ ਓਵਰਬ੍ਰਿਜਾਂ ਹੇਠ ਵੀ ਸਮਾਜ ਵਿਰੋਧੀ ਅਨਸਰਾਂ ਦਾ ਬੋਲਬਾਲਾ ਹੈ।